US-Iran War: ਟਰੰਪ ਜਾ ਸਕਦੇ ਨੇ ਪਾਕਿਸਤਾਨ; PM ਮੋਦੀ ਨੂੰ ਦੱਸਿਆ ਆਪਣਾ 'ਚੰਗਾ ਦੋਸਤ' (ਵੇਖੋ ਵੀਡੀਓ)
Babushahi Network
ਵਾਸ਼ਿੰਗਟਨ/ਇਸਲਾਮਾਬਾਦ, 17 ਅਪ੍ਰੈਲ 2026: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨਾਲ ਸ਼ਾਂਤੀ ਸਮਝੌਤੇ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਸੰਕੇਤ ਦਿੱਤਾ ਕਿ ਜੇਕਰ ਇਰਾਨ ਨਾਲ ਸ਼ਾਂਤੀ ਸਮਝੌਤਾ ਸਿਰੇ ਚੜ੍ਹਦਾ ਹੈ, ਤਾਂ ਉਹ ਖੁਦ ਇਸਲਾਮਾਬਾਦ (ਪਾਕਿਸਤਾਨ) ਦਾ ਦੌਰਾ ਕਰ ਸਕਦੇ ਹਨ।
ਦੱਸਦੇ ਚੱਲੀਏ ਕਿ ਪਾਕਿਸਤਾਨ ਇਸ ਸਮੇਂ ਅਮਰੀਕਾ ਅਤੇ ਇਰਾਨ ਵਿਚਾਲੇ ਵਿਚੋਲਗੀ ਦੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਬੀਬੀਸੀ ਦੀ ਖ਼ਬਰ ਮੁਤਾਬਿਕ ਟਰੰਪ ਨੇ ਕਿਹਾ, "ਪਾਕਿਸਤਾਨ ਬਹੁਤ ਵਧੀਆ ਕੰਮ ਕਰ ਰਿਹਾ ਹੈ। ਜੇਕਰ ਉੱਥੇ ਸਮਝੌਤਾ ਸਹੀਬੱਧ ਹੁੰਦਾ ਹੈ, ਤਾਂ ਮੈਂ ਇਸਲਾਮਾਬਾਦ (ਪਾਕਿਸਤਾਨ) ਜਾ ਸਕਦਾ ਹਾਂ।" ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸ਼ਾਂਤੀ ਪ੍ਰਕਿਰਿਆ ਲਈ ਸ਼ਾਨਦਾਰ ਕੰਮ ਕਰ ਰਹੇ ਹਨ।
ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਤਾਰੀਫ਼
ਗੱਲਬਾਤ ਦੌਰਾਨ ਡੋਨਾਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ, "ਮੇਰੀ ਪੀਐਮ ਮੋਦੀ ਨਾਲ ਬਹੁਤ ਵਧੀਆ ਗੱਲਬਾਤ ਹੋਈ ਹੈ। ਉਹ ਮੇਰੇ ਬਹੁਤ ਚੰਗੇ ਦੋਸਤ ਹਨ ਅਤੇ ਆਪਣੇ ਦੇਸ਼ ਲਈ ਵਧੀਆ ਕੰਮ ਕਰ ਰਹੇ ਹਨ।" ਬੀਤੇ ਸ਼ਨੀਵਾਰ ਇਸਲਾਮਾਬਾਦ ਵਿੱਚ 21 ਘੰਟੇ ਚੱਲੀ ਗੱਲਬਾਤ ਦਾ ਪਹਿਲਾ ਪੜਾਅ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋਇਆ ਸੀ। ਉਸ ਮੀਟਿੰਗ ਵਿੱਚ ਅਮਰੀਕਾ ਵੱਲੋਂ ਉਪ-ਰਾਸ਼ਟਰਪਤੀ ਜੇਡੀ ਵਾਂਸ ਅਤੇ ਜੇਰੇਡ ਕੁਸ਼ਨਰ ਸ਼ਾਮਲ ਹੋਏ ਸਨ। ਹੁਣ ਦੂਜੇ ਪੜਾਅ ਦੀ ਗੱਲਬਾਤ ਦੌਰਾਨ ਉਮੀਦ ਜਤਾਈ ਜਾ ਰਹੀ ਹੈ ਕਿ ਤੇਹਰਾਨ ਵਿੱਚ ਚੱਲ ਰਹੀਆਂ ਮੁਲਾਕਾਤਾਂ ਤੋਂ ਬਾਅਦ ਜਲਦੀ ਹੀ ਕਿਸੇ ਸਾਰਥਕ ਨਤੀਜੇ 'ਤੇ ਪਹੁੰਚਿਆ ਜਾ ਸਕਦਾ ਹੈ। ਜੇਕਰ ਇਹ ਸਮਝੌਤਾ ਹੁੰਦਾ ਹੈ, ਤਾਂ ਇਹ ਖੇਤਰੀ ਅਤੇ ਵਿਸ਼ਵ ਸ਼ਾਂਤੀ ਲਈ ਇੱਕ ਇਤਿਹਾਸਕ ਕਦਮ ਹੋਵੇਗਾ।