ਲਾਪਰਵਾਹੀ ਬਣ ਰਹੀ ਮੌਤ ਦਾ ਕਾਰਨ: ਸੜਕਾਂ ‘ਤੇ ਹਰ ਰੋਜ਼ 485 ਜਾਨਾਂ ਜਾ ਰਹੀਆਂ ਹਨ!
ਸੁਖਮਿੰਦਰ ਭੰਗੂ
ਲੁਧਿਆਣਾ 18 ਅਪ੍ਰੈਲ 2026
ਲੁਧਿਆਣਾ: ਦੇਸ਼ ਵਿੱਚ ਸੜਕ ਹਾਦਸੇ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਸਾਲ 2024 ਦੌਰਾਨ ਸੜਕ ਹਾਦਸਿਆਂ ਵਿੱਚ 1.77 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਣੀ ਇੱਕ ਡਰਾਉਣੀ ਹਕੀਕਤ ਨੂੰ ਦਰਸਾਉਂਦੀ ਹੈ। ਹਰ ਰੋਜ਼ ਔਸਤਨ 485 ਲੋਕ ਆਪਣੀ ਜਾਨ ਗੁਆਂਦੇ ਹਨ, ਜਦਕਿ 1290 ਤੋਂ ਵੱਧ ਲੋਕ ਜਖਮੀ ਹੋ ਰਹੇ ਹਨ।
ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਲਗਭਗ 30,000 ਲੋਕ ਸਿਰਫ ਇਸ ਲਈ ਮਾਰੇ ਗਏ ਕਿਉਂਕਿ ਉਹ ਦੋ-ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੈਟ ਨਹੀਂ ਪਹਿਨਦੇ ਸਨ। ਅੰਕੜਿਆਂ ਮੁਤਾਬਕ 70 ਫੀਸਦੀ ਪੀੜਤ ਪੈਦਲ ਯਾਤਰੀ ਜਾਂ ਦੋ-ਪਹੀਆ ਸਵਾਰ ਹੁੰਦੇ ਹਨ, ਜਦਕਿ 66 ਫੀਸਦੀ ਮ੍ਰਿਤਕਾਂ ਦੀ ਉਮਰ 18 ਤੋਂ 34 ਸਾਲ ਦੇ ਵਿਚਕਾਰ ਹੈ, ਜੋ ਦੇਸ਼ ਦੇ ਨੌਜਵਾਨ ਵਰਗ ਲਈ ਵੱਡਾ ਖਤਰਾ ਹੈ।
ਹਾਦਸਿਆਂ ਦੇ ਮੁੱਖ ਕਾਰਨਾਂ ਵਿੱਚ ਤੇਜ਼ ਰਫ਼ਤਾਰ ਸਭ ਤੋਂ ਵੱਡਾ ਕਾਰਨ ਹੈ, ਜੋ ਕਿ 75 ਫੀਸਦੀ ਹਾਦਸਿਆਂ ਲਈ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ ਗਲਤ ਪਾਸੇ ਡਰਾਈਵਿੰਗ ਅਤੇ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣਾ ਵੀ ਹਾਦਸਿਆਂ ਨੂੰ ਵਧਾ ਰਹੇ ਹਨ।
ਏਸੀਪੀ ਟ੍ਰੈਫਿਕ ਗੁਰਦੇਵ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੜਕ ਸੁਰੱਖਿਆ ਸਿਰਫ ਨਿਯਮ ਨਹੀਂ, ਸਗੋਂ ਜੀਵਨ ਦੀ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਹੈਲਮੈਟ ਪਹਿਨਣਾ, ਸੀਟ ਬੈਲਟ ਲਗਾਉਣਾ, ਗਤੀ ਨੂੰ ਨਿਯੰਤਰਿਤ ਰੱਖਣਾ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰ ਇੱਕ ਦੀ ਜ਼ਿੰਮੇਵਾਰੀ ਹੈ। ਤੁਹਾਡੀ ਜ਼ਿੰਦਗੀ ਕੀਮਤੀ ਹੈ ਤੇ ਸੁਰੱਖਿਆ ਤੁਹਾਡੇ ਆਪਣੇ ਹੱਥਾਂ ਵਿੱਚ ਹੈ।
Click to Follow Babushahi Facebook page →