ਅਲਵਿਦਾ ਗੁਰਮਤਿ ਨੂੰ ਪ੍ਰਣਾਈ: ਭੈਣ ਗੁਰਮਿੰਦਰ ਕੌਰ
ਉਜਾਗਰ ਸਿੰਘ
ਪਰਵਾਸ ਪੰਜਾਬੀਆਂ ਨੂੰ ਵਿਰਾਸਤ ਵਿੱਚ ਮਿਲਿਆ ਹੋਇਆ ਹੈ। ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਉਨ੍ਹਾਂ ਤੋਂ ਬਾਅਦ ਗਦਰੀ ਬਾਬਿਆਂ ਨੇ ਵੀ ਪਰਵਾਸ ਵਿੱਚ ਜਾ ਕੇ ਆਜ਼ਾਦੀ ਦੇ ਸੰਗਰਾਮ ਨੂੰ ਹੋਰ ਪ੍ਰਜਵਲਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਿਆਂ ਸਿੱਖੀ ਸਰੂਪ ਵੀ ਬਰਕਰਾਰ ਰੱਖਿਆ। ਭੈਣ ਗੁਰਮਿੰਦਰ ਕੌਰ ਭਾਵੇਂ ਛੋਟੀ ਉਮਰ ਵਿੱਚ ਹੀ ਕੀਨੀਆਂ, ਇੰਗਲੈਂਡ ਅਤੇ ਕੈਨੇਡਾ ਵਿੱਚ ਆ ਗਏ ਸਨ, ਪ੍ਰੰਤੂ ਉਹ ਆਪਣੀ ਗੁਰਮਤਿ ਦੀ ਵਿਰਾਸਤ ਨਾਲ ਬਾਖ਼ੂਬੀ ਨਿਭਦੇ ਰਹੇ। ਗੁਰਮਿੰਦਰ ਕੌਰ ਗੁਰਮਤਿ ਨੂੰ ਪ੍ਰਣਾਏ ਹੋਏ ਬਹੁ ਪੱਖੀ ਸ਼ਖਸੀਅਤ ਦੇ ਮਾਲਕ ਗੁਰਸਿੱਖ ਸਨ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰਬਾਣੀ ਨੂੰ ਸਮਰਪਤਿ ਕੀਤੀ ਹੋਈ ਸੀ। ਉਹ ਚਾਚਾ ਵੈਨਕੂਵਰੀਏ ਸੁਰਿੰਦਰ ਸਿੰਘ ਜੱਬਲ ਦੇ ਹਮਸਫਰ ਸਨ, ਬੀਬੀ ਜੀ ਜਿਥੇ ਕਿਰਪਾਲੂ, ਦਿਆਲੂ, ਦਿਆਨਤਦਾਰ, ਮਿੱਠਬੋਲੜੇ ਤੇ ਨਿਮਰਤਾ ਵਾਲੇ ਸਨ, ਉਥੇ ਹੀ ਪੰਜਾਬੀ ਸੂਖਮ ਕਲਾ ਸਿਲਾਈ ਕਢਾਈ ਦੇ ਵੀ ਮਾਹਿਰ ਸਨ।
ਪਰਵਾਸ ਵਿੱਚ ਲੰਬਾ ਸਮਾਂ ਰਹਿਣ ਦੇ ਬਾਵਜੂਦ ਗੁਰੂ ਦੇ ਲੜ ਲੱਗ ਕੇ ਜੀਵਨ ਬਸਰ ਕਰਨਾ, ਜੇ ਸਿੱਖਣਾਂ ਹੋਵੇ ਤਾਂ ਬੀਬੀ ਗੁਰਮਿੰਦਰ ਕੌਰ ਤੋਂ ਸਿਖਿਆ ਜਾ ਸਕਦਾ ਸੀ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਗੁਰੂ ਦੇ ਨਾਲ ਜੋੜੀ ਰੱਖਿਆ ਅਤੇ ਸਮਾਜ ਸੇਵਾ ਦੀ ਪ੍ਰਵਿਰਤੀ ਨੂੰ ਪ੍ਰਜਵਲਿਤ ਰੱਖਣ ਦੀ ਸਮਰੱਥਾ ਪ੍ਰਦਾਨ ਕੀਤੀ। ਉਹ 77 ਸਾਲ ਦੀ ਉਮਰ ਭੋਗਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦਾ ਜਨਮ 27 ਅਕਤੂਬਰ 1947 ਨੂੰ ਪਿਤਾ ਨੱਥਾ ਸਿੰੰਘ ਮਾਤਾ ਹਰਬੰਸ ਕੌਰ ਦੀ ਕੁੱਖੋਂ ਦੁਆਬੇ ਦੇ ਪਿੰਡ ਬੀਰ ਵਿਖੇ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਵਿਮੈਨ ਕਾਲਜ ਜਲੰਧਰ ਤੋਂ ਕੀਤੀ ਸੀ। 1968 ਵਿੱਚ ਉਹ ਕੈਨੇਡਾ ਆ ਗਏ। ਉਨ੍ਹਾਂ ਦਾ ਵਿਆਹ 1969 ਵਿੱਚ ਸੁਰਿੰਦਰ ਸਿੰਘ ਜੱਬਲ ਨਾਲ ਹੋਇਆ।
ਸੁਰਿੰਦਰ ਸਿੰਘ ਜੱਬਲ ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਜਾਣੇ ਪਛਾਣੇ ਵਿਅਕਤੀ ਹਨ। ਸੁਰਿੰਦਰ ਸਿੰਘ ਜੱਬਲ ਰਾਮਗੜ੍ਹੀਆ ਸੋਸਾਇਟੀ ਦੇ ਸਾਬਕਾ ਪ੍ਰਧਾਨ ਅਤੇ ਗੁਰਦੁਆਰਾ ਬਰੁੱਕਸਾਈਡ ਸਰੀ ਦੇ ਪਬਲਿਕ ਰਿਲੇਸ਼ਨ ਸਕੱਤਰ ਹਨ। ਗੁਰਮਿੰਦਰ ਕੌਰ ਆਪਣੇ ਪਿੱਛੇ ਪਤੀ, ਦੋ ਸਪੁੱਤਰ, ਨੂੰਹਾਂ, ਪੋਤਰੀਆਂ ਅਤੇ ਪੋਤਰਾ ਛੱਡ ਗਏ ਹਨ। ਗੁਰਮਿੰਦਰ ਕੌਰ ਦਾ ਅੰਤਮ ਸਸਕਾਰ 18 ਮਈ 2025 (ਐਤਵਾਰ) ਨੂੰ ਸਵੇਰੇ 10-00 ਰਿਵਰਸਾਈਡ ਫਿਊਨਰਲ ਹੋਮ 7410 ਹੌਪਕੋਟ ਰੋਡਡ ਡੈਲਟਾ ਬੀ ਸੀ ਵਿਖੇ ਹੋਵੇਗਾ। ਉਪਰੰਤ ਸਹਿਜ ਪਾਠ ਦਾ ਭੋਗ ਅਤੇ ਅੰਤਮ ਅਰਦਾਸ ਦੁਪਹਿਰ 12-00 ਵਜੇ ਗੁਰਦੁਆਰਾ ਸਾਹਿਬ ਬਰੁੱਕਸਾਈਡ 8365, 140 ਸਟਰੀਟ, ਸਰੀ ਬੀ ਸੀ ਵਿਖੇ ਹੋਵੇਗੀ।