ਪੰਜਾਬ ਦੇ ਹੱਕਾਂ ਦੀ ਬਹਾਲੀ ਲਈ ਮਿਸਲ ਸਤਲੁਜ ਵੱਲੋਂ ਚੜ੍ਹਦੀ ਕਲਾ ਰੈਲੀ 3 ਮਈ: ਅਜੇਪਾਲ ਸਿੰਘ ਬਰਾੜ
ਫਰੀਦਕੋਟ 22 ਅਪ੍ਰੈਲ 2026: ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਹੱਕਾਂ ਦੀ ਰੱਖਿਆ ਨੂੰ ਕੇਂਦਰ ਵਿੱਚ ਰੱਖ ਕੇ ਸੰਘਰਸ਼ ਕਰ ਰਹੀ ਵਚਨਬੱਧ ਰਾਜਸੀ ਜਥੇਬੰਦੀ ਮਿਸਲ ਸਤਲੁਜ ਸੂਬੇ ਵਿੱਚ ਇੱਕ ਮਜ਼ਬੂਤ, ਸਿਧਾਂਤਕ ਅਤੇ ਬਦਲਵੀਂ ਰਾਜਨੀਤਿਕ ਧਾਰਾ ਵਜੋਂ ਤੇਜ਼ੀ ਨਾਲ ਉਭਰ ਰਹੀ ਹੈ। ਜਥੇਬੰਦੀ ਦਾ ਮੁੱਖ ਉਦੇਸ਼ ਪੰਜਾਬ ਨੂੰ ਮੁੜ ਤਰੱਕੀ, ਅਤੇ ਖੁਸ਼ਹਾਲੀ ਦੇ ਰਾਹ ‘ਤੇ ਲਿਆਉਣਾ ਹੈ, ਤਾਂ ਜੋ ਪੰਜਾਬ ਦੇ ਹੱਕਾਂ ਦੀ ਸੰਵਿਧਾਨਕ ਅਤੇ ਲੋਕਤਾਂਤਰਿਕ ਤਰੀਕੇ ਨਾਲ ਪ੍ਰਭਾਵਸ਼ਾਲੀ ਸੁਰੱਖਿਆ ਕੀਤੀ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਦੱਸਿਆ ਕਿ ਮਿਸਲ ਸਤਲੁਜ ਵੱਲੋਂ 3 ਮਈ ਨੂੰ ਜ਼ਿਲ੍ਹਾ ਮੋਹਾਲੀ ਦੇ ਖਰੜ ਹਲਕੇ ਵਿੱਚ ਫਤਿਹਗੜ ਪੈਲਸ, ਕੁਰਾਲੀ ਵਿਖੇ ਇੱਕ ਵਿਸ਼ਾਲ “ਚੜ੍ਹਦੀ ਕਲਾ ਰੈਲੀ” ਕਰਵਾਈ ਜਾ ਰਹੀ ਹੈ। ਇਸ ਰੈਲੀ ਦਾ ਮੁੱਖ ਮੰਤਵ ਪੰਜਾਬ ਸੂਬੇ ਨੂੰ ਦੇਸ਼ ਵਿਚੋਂ ਪਹਿਲੇ ਨੰਬਰ ਤੇ ਆਰਥਿਕ ਤੌਰ ‘ਤੇ ਅੱਗੇ ਲਿਜਾਣ ਦੀ ਦਿਸ਼ਾ ਵਿੱਚ ਲੋਕ-ਚਰਚਾ ਸ਼ੁਰੂ ਕਰਨਾ, ਔਰਤਾਂ ਦੇ ਸਸ਼ਕਤੀਕਰਨ ਨੂੰ ਮਜ਼ਬੂਤ ਬਣਾਉਣਾ, ਪੰਜਾਬ ਦੀਆਂ ਹੱਕੀ ਮੰਗਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਮੌਜੂਦਾ ਪੰਜਾਬ ਸਰਕਾਰ ਦੀਆਂ ਅਸਫਲ ਨੀਤੀਆਂ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਹੈ।
ਇਸੇ ਦੌਰਾਨ ਅੱਜ ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਫਿੱਡੇ ਕਲਾਂ ਵਿਖੇ ਸਰਦਾਰ ਇਕਬਾਲ ਸਿੰਘ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ‘ਤੇ ਮਿਲਣ ਪਹੁੰਚੇ। ਸਰਦਾਰ ਇਕਬਾਲ ਸਿੰਘ ਚੜ੍ਹਦੀ ਉਮਰ ਤੋਂ ਹੀ ਪੰਥਕ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਮੌਜੂਦਾ ਪੰਥਕ ਸਿਆਸੀ ਹਾਲਾਤਾਂ ਸਬੰਧੀ ਕੀਮਤੀ ਅਤੇ ਦੂਰਅੰਦੇਸ਼ੀ ਭਰੇ ਸੁਝਾਅ ਵੀ ਸਾਂਝੇ ਕੀਤੇ ਗਏ।
ਉਨ੍ਹਾਂ ਨੇ ਦੱਸਿਆ ਕਿ ਮਿਸਲ ਸਤਲੁਜ ਵੱਲੋਂ ਚਲਾਈ ਜਾ ਰਹੀ “ਪੂਰਾ ਪੰਜਾਬ ਲਹਿਰ” ਅਧੀਨ ਦਸਤਖ਼ਤ ਪਟੀਸ਼ਨ ਮੁਹਿੰਮ ਨੂੰ ਵੀ ਵੱਡਾ ਸਹਿਯੋਗ ਮਿਲ ਰਿਹਾ ਹੈ ਅਤੇ ਇਸ ਮੁਹਿੰਮ ਨੂੰ ਅੱਗੇ ਵਧਾਉਣ ਵਿੱਚ ਸਰਦਾਰ ਇਕਬਾਲ ਸਿੰਘ ਵੱਲੋਂ ਲਗਾਤਾਰ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਭਰੀਆਂ ਹੋਈਆਂ ਪਟੀਸ਼ਨਾਂ “ਪੂਰਾ ਪੰਜਾਬ ਲਹਿਰ” ਦੇ ਕਨਵੀਨਰ ਸਰਦਾਰ ਅਮਰਿੰਦਰ ਸਿੰਘ ਤੁੜ ਨੂੰ ਸੌਂਪੀਆਂ ਗਈਆਂ।
ਇਸ ਮੌਕੇ ਜਥੇਬੰਦੀ ਦੇ ਜਰਨਲ ਸਕੱਤਰ ਸਰਦਾਰ ਦਵਿੰਦਰ ਸਿੰਘ ਸੇਖੋਂ ਅਤੇ ਸੂਬਾ ਸਕੱਤਰ ਸਰਦਾਰ ਰਣਪਿੰਦਰਜੀਤ ਸਿੰਘ ਗੋਲਡੀ ਵੀ ਹਾਜ਼ਰ ਸਨ।
Click to Follow Babushahi Facebook Page →