Education Special ਝੁੱਗੀ ਦੀ ਅੰਬਰਾਂ ’ਚ ਉਡਾਰੀ: ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਅਸ਼ੋਕ ਵਰਮਾ
ਬਠਿੰਡਾ, 11 ਅਪ੍ਰੈਲ 2026 : ਗੁਰਬਤ ਉਸ ਦਾ ਰਾਹ ਨਹੀਂ ਰੋਕ ਸਕੀ ਤੇ ਠੰਢੀਆਂ ਰਾਤਾਂ ਉਸ ਦੀ ਰਫਤਾਰ। ਜਦੋਂ ਸਿਰੜ ਨੇ ਜਜ਼ਬੇ ਦੀ ਉਂਗਲ ਫੜੀ ਤਾਂ ਟੀਚਰ ਕਲੋਨੀ ਦੀਆਂ ਝੁੱਗੀਆਂ ’ਚ ਰਹਿਣ ਵਾਲੇ ਗੋਲੂ ਨੇ ਕੁੱਝ ਕਰਕੇ ਦਿਖਾਉਣ ਦੀ ਠਾਣ ਲਈ। ਤਾਂਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 8ਵੀਂ ਦੇ ਨਤੀਜਿਆਂ ਦੌਰਾਨ ਗੋਲੂ ਨੇ ਪੰਜਾਬ ਚੋਂ ਪੰਜਵਾਂ ਸਥਾਨ ਹਾਸਲ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਜਦੋਂਕਿ ਬਠਿੰਡਾ ਜਿਲ੍ਹੇ ’ਚ ਪਹਿਲੇ ਸਥਾਨ ਤੇ ਰਹਿਣ ਦਾ ਮਾਣ ਪ੍ਰਾਪਤ ਹੋਇਆ ਹੈ। ਗੋਲੂ ਪੁੱਤਰ ਘਨਈਆ ਸਰਕਾਰੀ ਮਿਡਲ ਸਕੂਲ ਕੋਠੇ ਅਮਰਪੁਰਾ ਦਾ ਵਿਦਿਆਰਥੀ ਹੈ। ਗੋਲੂ ਨੇ 6 ਸੌ ਅੰਕਾਂ ਚੋਂ 595 ਅੰਕ ਹਾਸਲ ਕੀਤੇ ਹਨ ਜੋ 99.17 ਫੀਸਦੀ ਬਣਦੇ ਹਨ। ਗੋਲੂ ਦੀ ਇਸ ਉਪਲਬਧੀ ਦਾ ਪਤਾ ਲੱਗਦਿਆਂ ਪਿਤਾ ਘਨਈਆ ਅਤੇ ਗੋਲੂ ਦੀ ਮਾਂ ਪਿੰਕੀ ਦੀਆਂ ਅੱਖਾਂ ’ਚ ਖੁਸ਼ੀ ਦੇ ਹੰਝੂਆਂ ਦੀ ਝੜੀ ਸੀ ।
ਦਾਦੀ ਮਾਗੀ ਦੇਵੀ ਕੋਲ ਤਾਂ ਕੋਈ ਸ਼ਬਦ ਹੀ ਨਹੀਂ ਹਨ ਜਿਨ੍ਹਾਂ ਸਦਕਾ ਉਹ ਪੋਤਰੇ ਦੀ ਸਫਲਤਾ ਬਾਰੇ ਬਿਆਨ ਕਰ ਸਕਦੀ। ਉਮਰ ਦਾ ਵੱਡਾ ਮੁਕਾਮ ਹਾਸਲ ਕਰ ਚੁੱਕੀ ਦਾਦੀ ਦਾ ਕਹਿਣਾ ਸੀ ਕਿ ਉਸ ਨੂੰ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਉਸ ਦੇ ਪੁੱਤ ਦੀ ਦੇਹਲੀ ’ਤੇ ਇਸ ਤਰਾਂ ਖੁਸ਼ੀਆਂ ਦੇ ਢੋਲ ਵੱਜਣਗੇ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਗੋਲੂ ਦੀਆਂ ਦੋਵੇਂ ਭੈਣਾਂ ਵੀ ਪੜ੍ਹਾਈ ’ਚ ਆਪਣਾ ਡੰਕਾ ਵਜਾ ਰਹੀਆਂ ਹਨ। ਖੁਸ਼ੀ ਵਿਚ ਖੀਵੀਆਂ ਹੋਈਆਂ ਇੰਨ੍ਹਾਂ ਭੈਣਾਂ ਚੋਂ ਕਿਰਨ ਨੇ ਦਸਵੀਂ ਕਲਾਸ ’ਚ 98 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਰੌਸ਼ਨੀ ਨੇ 11ਵੀਂ ਜਮਾਤ ਚੋਂ 90 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਇੰਨ੍ਹਾਂ ਬੱਚਿਆਂ ਦੀ ਮਾਂ ਪਿੰਕੀ ਸਿਰਫ 5 ਜਮਾਤਾਂ ਪਾਸ ਹੈ ਜੋ ਆਪਣੀ ਔਲਾਦ ਰਾਹੀਂ ਆਪਣੇ ਸੁਫਨਿਆਂ ਨੂੰ ਸਾਕਾਰ ਹੁੰਦਾ ਦੇਖਣਾ ਲੋਚਦੀ ਹੈ।
ਪਿੰਕੀ ਨੇ ਆਪਣੇ ਤਿੰਨਾਂ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਜਿਸ ਕਰਕੇ ਇਹ ਤਿੰਨੋ ਉਸ ਦੀਆਂ ਉਮੀਦਾਂ ਤੇ ਖਰਾ ਉਤਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਘਨਈਆਂ ਦੱਸਦਾ ਹੈ ਕਿ ਗੋਲੂ ਦਾ ਸੁਫਨਾ ਡਾਕਟਰ ਬਣਨ ਦਾ ਹੈ ਜਿਸ ਲਈ ਉਸ ਨੇ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੁੱਛੇ ਜਾਣ ਤੇ ਗੋਲੂ ਨੇ ਦੱਸਿਆ ਕਿ ਉਸ ਦੀ ਸਾਇੰਸ ਵਿਸ਼ੇ ’ਚ ਦਿਲਚਸਪੀ ਹੈ। ਮਾਂ ਪਿੰਕੀ ਦਾ ਕਹਿਣਾ ਸੀ ਕਿ ਘਰ ’ਚ ਗਰੀਬੀ ਦੇ ਬਾਵਜੂਦ ਗੋਲੂ ਦੇ ਜਜਬੇ ’ਚ ਕੋਈ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਆਤਮ ਵਿਸ਼ਵਾਸ਼ ਦਾ ਏਨਾ ਪੱਕਾ ਹੈ ਕਿ ਹਰ ਤੀਰ ਨਿਸ਼ਾਨੇ ਲਾਉਣਾ ਚਾਹੁੰਦਾ ਹੈ। ਇਸ ਪੱਤਰਕਾਰ ਨੇ ਜਦੋਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਗੋਲੂ ਨੂੰ ਅੱਪੂ ਸੁਸਾਇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਨੇ ਪ੍ਰੇਰਿਤ ਕੀਤਾ ਸੀ ਜਿਸ ਲਈ ਸਿੱਖਿਆ ਤੋਂ ਵੱਡਾ ਕੋਈ ਮੰਦਰ ਨਹੀਂ ਹੈ।
ਅੱਪੂ ਸੁਸਾਇਟੀ ਨੇ ਗੋਲੂ ’ਚ ਸਿੱਖਿਆ ਹਾਸਲ ਕਰਨ ਦੀ ਜਾਗ ਲਈ ਅਤੇ ਅਧਿਆਪਕਾਂ ਵੱਲੋਂ ਕੀਤੇ ਯਤਨਾਂ ਦੀ ਬਦੌਲਤ ਹੁਣ ਇਸ ਹੋਣਹਾਰ ਬੱਚੇ ਨੇ ਵਿੱਦਅਕ ਨਕਸ਼ੇ ’ਤੇ ਬਠਿੰਡਾ ਦਾ ਨਾਮ ਚਮਕਾ ਦਿੱਤਾ ਹੈ। ਦੁਨੀਆਂ ਸਵੇਰੇ ਉੱਠਣ ਸਾਰ ਜਦੋਂ ਆਪਣੇ ਨਫੇ ਨੁਕਸਾਨ ਬਾਰੇ ਸੋਚਦੀ ਹੈ ਤਾਂ ਕੇਵਲ ਕ੍ਰਿਸ਼ਨ ਅਜਿਹੇ ਬੱਚਿਆਂ ਬਾਰੇ ਸੋਚਣ ਲੱਗ ਜਾਂਦਾ ਹੈ। ਅੱਪੂ ਸੁਸਾਇਟੀ ਦੇ ਕਾਰਕੁੰਨਾਂ ਨੇ ਏਦਾਂ ਦੇ ਸ਼ਾਗਿਰਦਾਂ ਲਈ ਜ਼ਿੰਦਗੀ ਦੇ ਸਭ ਸੁੱਖ ਆਰਾਮ ਤਿਆਗ ਦਿੱਤੇ ਹਨ ਅਤੇ ਹਰ ਦਿਨ ਬੱਚਿਆਂ ਲੇਖੇ ਹੈ। ਅੱਪੂ ਸੁਸਾਇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਆਪਣੀ ਟੀਮ ਨਾਲ ਟੀਚਰ ਕਲੋਨੀ ਦੀਆਂ ਝੁੱਗੀਆਂ ’ਚ ਪੁੱਜੇ ਅਤੇ ਗੋਲੂ ਦੀ ਪਿੱਠ ਥਾਪੜੀ। ਉਨ੍ਹਾਂ ਗੋਲੂ ਦੇ ਮਾਪਿਆਂ ਨੂੰ ਵਧਾਈਆਂ ਵੀ ਦਿੱਤੀਆਂ ਜਿੰਨ੍ਹਾਂ ਦਾ ਪੁੱਤ ਦੀ ਸਫਲਤਾ ’ਤੇ ਚਾਅ ਨਹੀਂ ਚੁੱਕਿਆ ਜਾ ਰਿਹਾ ਹੈ । ਖਾਸ ਤੌਰ ਤੇ ਦਾਦੀ ਦੇ ਤਾਂ ਧਰਤੀ ’ਤੇ ਪੱਬ ਨਹੀਂ ਲੱਗ ਰਹੇ ਹਨ।
ਬੇਹੱਦ ਲਾਇਕ ਬੱਚਾ ਗੋਲੂ
ਸਰਕਾਰੀ ਮਿਡਲ ਸਕੂਲ ਕੋਠੇ ਅਮਰਪੁਰਾ ਦੀ ਹੈਡਮਾਸਟਰ ਕਮਲਜੀਤ ਕੌਰ ਮਾਨ ਦਾ ਕਹਿਣਾ ਸੀ ਕਿ ਗੋਲੂ ਬੇਹੱਦ ਲਾਇਕ ਬੱਚਾ ਹੈ ਜਿਸ ਨੇ ‘ਹਿੰਮਤੇ ਮਰਦਾਂ ਮੱਦਦੇ ਖੁਦਾ’ ਨੂੰ ਸਾਰਥਿਕ ਸਿੱਧ ਕੀਤਾ ਹੈ। ਉਨ੍ਹਾਂ ਕਿਹਾ ਕਿ ਗੋਲੂ ਦੀ ਸਫਲਤਾ ਲਈ ਸਕੂਲ ਦੇ ਸਮੂਹ ਅਧਿਆਪਕ ਵੀ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਨੇ ਗੋਲੂ ਖਾਤਰ ‘ਸਿੱਖਿਆ ਜਿੰਦਬਾਦ’ ਦਾ ਨਾਅਰਾ ਬੁਲੰਦ ਕਰਨ ’ਚ ਯੋਗਦਾਨ ਪਾਇਆ ਹੈ। ਗੋਲੂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰਾਂ ਦੀ ਪਕੜ ਸਿੱਖਿਆ ’ਤੇ ਗੋਲੂ ਦੀ ਹੈ ,ਨਿਰਸੰਦੇਹ ਇੱਕ ਦਿਨ ਵੱਡਾ ਅਫਸਰ ਬਣੇਗਾ।
ਗੋਲੂ ਵਰਗਿਆਂ ਨੂੰ ਸਲਾਮ
ਅੱਪੂ ਸੁਸਾਇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਦਾ ਕਹਿਣਾ ਸੀ ਕਿ ਸੱਚਮੁੱਚ ਕੁਦਰਤੀ ਤੇ ਸਮਾਜੀ ਤਕਲੀਫਾਂ ਗੋਲੂ ਵਰਗੇ ਬੱਚਿਆਂ ਦੇ ਹੌਂਸਲੇ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੀਆਂ ਹਨ। ਉਨ੍ਹਾਂ ਕਿਹਾ ਕਿ ਗੋਲੂ ਦੀ ਉਮਰ ਛੋਟੀ ਹੈ ਫਿਰ ਵੀ ਉਸ ਕੋਲ ਜੋ ਜਿੰਦਾ ਦਿਲੀ ਹੈ ਉਹੀ ਅੰਬਰੀ ਉਡਾਰੀਆਂ ਲੁਆਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਫਲਤਾ ਤੇ ਅਕਾਸ਼ ’ਚ ਉੱਡਣ ਦੇ ਸੁਫਨੇ ਦੇਖਣ ਵਾਲੇ ਗੋਲੂ ਨੂੰ ਕੌਣ ਨਹੀਂ ਸਲਾਮ ਕਰਨਾ ਚਾਹੇਗਾ। ਕੇਵਲ ਕ੍ਰਿਸ਼ਨ ਨੇ ਕਿਹਾ ਕਿ ਉਹ ਖੁਦ ਨੂੰ ਆਪਣੇ ਸਮਾਜ ਦਾ ਕਰਜ਼ਦਾਰ ਮੰਨਦਾ ਹੈ ਜਿਸ ਕਰਕੇ ਇਸ ਤਰਾਂ ਦੇ ਬੱਚਿਆਂ ਨੂੰ ਪ੍ਰੇਰਿਤ ਕਰਨ ਦੀ ਉਸ ਵੱਲੋਂ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਜਾਂਦੀ ਹੈ।
Click to Follow Babushahi Facebook Page →