ਯਮੁਨਾ ਨਦੀ 'ਚ ਸੈਲਾਨੀਆਂ ਨਾਲ ਭਰੀ ਕਿਸ਼ਤੀ ਪਲਟੀ, ਪੰਜਾਬ ਦੇ 10 ਸ਼ਰਧਾਲੂਆਂ ਦੀ ਮੌਤ
ਮਥੁਰਾ ਹਾਦਸਾ: ਵਰਿੰਦਾਵਨ 'ਚ ਯਮੁਨਾ ਨਦੀ 'ਚ ਸੈਲਾਨੀਆਂ ਨਾਲ ਭਰਿਆ ਸਟੀਮਰ ਪਲਟਿਆ, ਪੰਜਾਬ ਦੇ 10 ਸ਼ਰਧਾਲੂਆਂ ਦੀ ਮੌਤ
ਦੀਪਕ ਜੈਨ
ਜਗਰਾਓਂ/ਮਥੁਰਾ, 10 ਅਪ੍ਰੈਲ 2026- ਉੱਤਰ ਪ੍ਰਦੇਸ਼ ਦੇ ਮਥੁਰਾ ਸਥਿਤ ਵਰਿੰਦਾਵਨ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਯਮੁਨਾ ਨਦੀ ਵਿੱਚ 32 ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਇੱਕ ਸਟੀਮਰ ਅਚਾਨਕ ਸੰਤੁਲਨ ਵਿਗੜਨ ਕਾਰਨ ਪਲਟ ਗਿਆ। ਮਥੁਰਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਪ੍ਰਕਾਸ਼ ਸਿੰਘ ਨੇ ਇਸ ਮੰਦਭਾਗੀ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਹਾਦਸੇ ਵਿੱਚ ਪੰਜਾਬ ਤੋਂ ਆਏ 10 ਸੈਲਾਨੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਟੀਮਰ 'ਤੇ ਸਵਾਰ ਸਾਰੇ ਸ਼ਰਧਾਲੂ ਪੰਜਾਬ ਦੇ ਰਹਿਣ ਵਾਲੇ ਸਨ, ਜੋ ਧਾਰਮਿਕ ਯਾਤਰਾ ਲਈ ਮਥੁਰਾ ਪਹੁੰਚੇ ਹੋਏ ਸਨ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਮੌਕੇ 'ਤੇ ਐਸਡੀਆਰਐਫ (SDRF) ਅਤੇ ਐਨਡੀਆਰਐਫ (NDRF) ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਮਦਦ ਲਈ ਇਲਾਕੇ ਦੇ ਲਗਭਗ 50 ਸਥਾਨਕ ਗੋਤਾਖੋਰ ਵੀ ਜੀਅ-ਤੋੜ ਮਿਹਨਤ ਕਰ ਰਹੇ ਹਨ। ਬਚਾਅ ਕਾਰਜਾਂ ਵਿੱਚ ਜੁਟੇ ਗੋਤਾਖੋਰ ਗੁਲਾਬ ਅਨੁਸਾਰ ਹੁਣ ਤੱਕ ਕਰੀਬ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।
ਇਸ ਦਰਦਨਾਕ ਘਟਨਾ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਪਤਾ ਲੋਕਾਂ ਨੂੰ ਲੱਭਣ ਲਈ ਸਰਚ ਆਪ੍ਰੇਸ਼ਨ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਜਗਰਾਓਂ ਦੇ 'ਸ਼੍ਰੀ ਬਾਂਕੇ ਬਿਹਾਰੀ ਕਲੱਬ' ਨਾਲ ਸਬੰਧਤ ਇਹ ਜਥਾ ਵੀਰਵਾਰ ਰਾਤ ਨੂੰ ਦੋ ਬੱਸਾਂ ਰਾਹੀਂ ਚਾਰ ਰੋਜ਼ਾ ਧਾਰਮਿਕ ਯਾਤਰਾ 'ਤੇ ਰਵਾਨਾ ਹੋਇਆ ਸੀ। ਇਸ ਜਥੇ ਦੀ ਅਗਵਾਈ ਭਜਨ ਗਾਇਕ ਲਵੀ ਵਹਿਲ ਅਤੇ ਯਸ਼ੂ ਬਜਾਜ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸਵੇਰੇ ਵਰਿੰਦਾਵਨ ਪਹੁੰਚਣ ਤੋਂ ਬਾਅਦ, ਸ਼ਰਧਾਲੂਆਂ ਨੇ ਸਭ ਤੋਂ ਪਹਿਲਾਂ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਵਿਖੇ ਮੱਥਾ ਟੇਕਿਆ। ਦੁਪਹਿਰ ਕਰੀਬ 2:30 ਵਜੇ ਇਹ ਸ਼ਰਧਾਲੂ ਯਮੁਨਾ ਨਦੀ ਦੇ ਪਾਰ ਸਥਿਤ ਹੋਰ ਪਵਿੱਤਰ ਮੰਦਿਰਾਂ ਦੇ ਦਰਸ਼ਨਾਂ ਲਈ ਕੇਸ਼ੀਘਾਟ ਤੋਂ ਕਿਸ਼ਤੀ ਵਿੱਚ ਸਵਾਰ ਹੋਏ ਸਨ। ਨਦੀ ਵਿੱਚ ਕੁਝ ਦੂਰੀ 'ਤੇ ਜਾ ਕੇ ਕਿਸ਼ਤੀ ਅਚਾਨਕ ਆਪਣਾ ਸੰਤੁਲਨ ਗੁਆ ਬੈਠੀ ਅਤੇ ਪਲਟ ਗਈ, ਜਿਸ ਕਾਰਨ ਦੋ ਦਰਜਨ ਤੋਂ ਵੱਧ ਸ਼ਰਧਾਲੂ ਨਦੀ ਦੇ ਡੂੰਘੇ ਪਾਣੀ ਵਿੱਚ ਜਾ ਡਿੱਗੇ।
Click to Follow Babushahi Facebook page →