ਪਿੰਡ ਠੱਠਾ 'ਚ 'ਆਪ' ਦੀ ਹੰਗਾਮੀ ਮੀਟਿੰਗ: ਚਾਰ ਸਾਲਾਂ ਦੀਆਂ ਪ੍ਰਾਪਤੀਆਂ ਦਾ ਕੀਤਾ ਗੁਣਗਾਨ; MLA ਧੁੰਨ ਦੀ ਅਗਵਾਈ ਹੇਠ ਬਦਲੇਗੀ ਪਿੰਡ ਦੀ ਨੁਹਾਰ
ਬਲਜੀਤ ਸਿੰਘ
ਪੱਟੀ/ਤਰਨ ਤਾਰਨ, 7 ਅਪ੍ਰੈਲ 2026- ਜ਼ਿਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਵਿਖੇ ਅੱਜ ਆਮ ਆਦਮੀ ਪਾਰਟੀ ਦੀ ਇੱਕ ਵਿਸ਼ੇਸ਼ ਹੰਗਾਮੀ ਮੀਟਿੰਗ ਹੋਈ। ਪਿੰਡ ਦੇ ਸਰਪੰਚ ਦਿਲਬਾਗ ਸਿੰਘ ਅਤੇ ਸੁਖਚੈਨ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਵਿੱਚ ਉਚੇਚੇ ਤੌਰ 'ਤੇ ਪਹੁੰਚੇ ਜ਼ਿਲਾ ਮੀਡੀਆ ਇੰਚਾਰਜ ਐਡਵੋਕੇਟ ਸੁਰਿੰਦਰ ਸਿੰਘ ਮਨਾਵਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਪਿਛਲੇ ਚਾਰ ਸਾਲਾਂ ਦੌਰਾਨ 'ਆਪ' ਸਰਕਾਰ ਵੱਲੋਂ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ਜੋ ਕੰਮ ਪਿਛਲੀਆਂ ਅਕਾਲੀ-ਕਾਂਗਰਸ ਸਰਕਾਰਾਂ ਦਹਾਕਿਆਂ ਵਿੱਚ ਨਹੀਂ ਕਰ ਸਕੀਆਂ, ਉਹ ਭਗਵੰਤ ਮਾਨ ਸਰਕਾਰ ਨੇ ਚਾਰ ਸਾਲਾਂ ਵਿੱਚ ਕਰ ਵਿਖਾਏ ਹਨ। ਸਰਕਾਰ ਨੇ ਆਉਂਦੇ ਹੀ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਅਤੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਤਸਕਰਾਂ ਨੂੰ ਜੇਲਾਂ ਵਿੱਚ ਡੱਕਿਆ। ਬਿਜਲੀ ਬਿੱਲ ਮੁਆਫ਼ੀ ਅਤੇ ਹੁਣ 10 ਲੱਖ ਰੁਪਏ ਦਾ ਮੁਫ਼ਤ ਸਿਹਤ ਬੀਮਾ ਯੋਜਨਾ ਕਾਰਡ ਲੋਕਾਂ ਲਈ ਵੱਡੀ ਰਾਹਤ ਸਾਬਤ ਹੋ ਰਿਹਾ ਹੈ।
ਸਰਪੰਚ ਦਿਲਬਾਗ ਸਿੰਘ ਅਤੇ ਸੁਖਚੈਨ ਸਿੰਘ ਨੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਿੰਡ ਵਿੱਚ ਗਲੀਆਂ-ਨਾਲੀਆਂ ਅਤੇ ਹਸਪਤਾਲਾਂ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਉਨ੍ਹਾਂ ਵਿਧਾਇਕ ਦੇ ਪੀਏ ਹੀਰਾ ਸਿੰਘ ਅਤੇ ਯਾਦਵਿੰਦਰ ਸਿੰਘ ਦੁਬਲੀ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ।
ਪਿੰਡ ਦੀ ਪੰਚਾਇਤ ਨੇ ਵਿਧਾਇਕ ਤੋਂ ਮੰਗ ਕੀਤੀ ਹੈ ਕਿ, ਪਿੰਡ ਦੀ ਚਾਰੇ ਪਾਸੇ ਦੀ ਫਿਰਨੀ ਨੂੰ ਜਲਦੀ ਪੱਕਾ ਕੀਤਾ ਜਾਵੇ। ਰਹਿੰਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਕੇ ਪਿੰਡ ਠੱਠਾ ਨੂੰ ਹਲਕੇ ਦਾ ਸਭ ਤੋਂ ਸੁੰਦਰ ਪਿੰਡ ਬਣਾਇਆ ਜਾਵੇ। ਮੀਟਿੰਗ ਦੌਰਾਨ ਬਲਾਕ ਪ੍ਰਧਾਨ ਗੁਰਦੇਵ ਸਿੰਘ ਪੂਨੀਆ ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਸਰਪੰਚਾਂ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਪਿੰਡ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਦਿੱਤੀ ਜਾਵੇਗੀ।
Click to Follow Babushahi Facebook Page →