ਵੱਡੀ ਖ਼ਬਰ: ਪੁਲਿਸ ‘ਤੇ ਅਟੈਕ ਕਰਕੇ ਛੁਡਾਇਆ ਗ੍ਰਨੇਡ ਹਮਲੇ ਦਾ ਦੋਸ਼ੀ!
ਭਿੰਡੀ ਸੈਦਾ ਗ੍ਰਨੇਡ ਅਟੈਕ ਮਾਮਲੇ ‘ਚ ਪੁੱਛਗਿੱਛ ਕਰਨ ਗਈ ਪੁਲਿਸ ‘ਤੇ ਪੱਥਰਬਾਜ਼ੀ, ਕਈ ਜਖਮੀ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 07 ਅਪ੍ਰੈਲ 2026- ਅੰਮ੍ਰਿਤਸਰ ਦੇ ਥਾਣਾ ਭਿੰਡੀ ਸੈਦਾ ਖੇਤਰ ‘ਚ ਉਸ ਵੇਲੇ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਪੁਲਿਸ ਪਾਰਟੀ ‘ਤੇ ਹੀ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ, ਗ੍ਰਨੇਡ ਅਟੈਕ ਮਾਮਲੇ ‘ਚ ਜਮਾਨਤ ‘ਤੇ ਆਏ ਮਨਜੀਤ ਸਿੰਘ ਨਾਲ ਪੁੱਛਗਿੱਛ ਕਰਨ ਲਈ ਪੁਲਿਸ ਟੀਮ ਉਸਦੇ ਘਰ ਪਹੁੰਚੀ ਸੀ।
ਜਿਵੇਂ ਹੀ ਪੁਲਿਸ ਮਨਜੀਤ ਸਿੰਘ ਨੂੰ ਆਪਣੇ ਨਾਲ ਲੈ ਜਾਣ ਲੱਗੀ, ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ। ਮੌਕੇ ‘ਤੇ ਹੀ ਗੱਲਬਾਤ ਤਕਰਾਰ ਵਿੱਚ ਬਦਲ ਗਈ ਅਤੇ ਪਰਿਵਾਰ ਵੱਲੋਂ ਪੁਲਿਸ ‘ਤੇ ਇੱਟਾਂ ਅਤੇ ਪੱਥਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ।
ਇਸ ਹਮਲੇ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਹਮਲੇ ਦਾ ਫਾਇਦਾ ਚੁੱਕਦੇ ਹੋਏ ਮਨਜੀਤ ਸਿੰਘ ਨੂੰ ਉਸਦੇ ਪਰਿਵਾਰ ਵੱਲੋਂ ਪੁਲਿਸ ਕਸਟਡੀ ਤੋਂ ਛੁਡਾ ਕੇ ਭਜਾ ਲਿਆ ਗਿਆ। ਪੁਲਿਸ ਨੇ ਇਸ ਮਾਮਲੇ ‘ਚ ਤੁਰੰਤ ਕਾਰਵਾਈ ਕਰਦੇ ਹੋਏ ਮਨਜੀਤ ਸਿੰਘ ਸਮੇਤ ਕੁੱਲ 6 ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ ਅਤੇ ਤਫਤੀਸ਼ ਜਾਰੀ ਹੈ।
Click to Follow Babushahi Facebook Page →