ਲੁਧਿਆਣਾ ਪੁਲਿਸ ਦਾ ਵੱਡਾ ‘CASO’ ਆਪ੍ਰੇਸ਼ਨ: 19 ਕਾਬੂ, ਹੈਰੋਇਨ-ਗਾਂਜਾ ਸਮੇਤ ਵੱਡੀ ਬਰਾਮਦਗੀ, ਨਸ਼ਿਆਂ ਖ਼ਿਲਾਫ਼ ਕੱਸਿਆ ਸ਼ਿਕੰਜਾ
ਸੁਖਮਿੰਦਰ ਭੰਗੂ
ਲੁਧਿਆਣਾ 7 ਅਪ੍ਰੈਲ 2026
ਸ਼ਹਿਰ ਨੂੰ ਨਸ਼ਾ-ਮੁਕਤ ਬਣਾਉਣ ਦੇ ਟੀਚੇ ਨਾਲ ਲੁਧਿਆਣਾ ਪੁਲਿਸ ਨੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਅੱਜ ਸਵੇਰੇ ਵੱਡੇ ਪੱਧਰ ‘ਤੇ ਕਾਰਡਨ ਐਂਡ ਸਰਚ ਆਪ੍ਰੇਸ਼ਨ (CASO) ਚਲਾ ਕੇ ਨਸ਼ਾ ਤਸਕਰਾਂ ‘ਤੇ ਤਗੜਾ ਵਾਰ ਕੀਤਾ। ਸੰਵੇਦਨਸ਼ੀਲ ਇਲਾਕਿਆਂ ਵਿੱਚ ਕੀਤੀ ਗਈ ਇਸ ਸਖ਼ਤ ਕਾਰਵਾਈ ਦੌਰਾਨ ਪੁਲਿਸ ਨੇ 19 ਮੁਲਜ਼ਮਾਂ ਨੂੰ ਕਾਬੂ ਕਰਦੇ ਹੋਏ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ।
ਇਹ ਵਿਸ਼ੇਸ਼ ਮੁਹਿੰਮ ਹਿੰਮਤ ਸਿੰਘ ਨਗਰ, ਡਾ. ਅੰਬੇਡਕਰ ਨਗਰ, ਮਨੋਹਰ ਨਗਰ ਅਤੇ ਜਵਾਹਰ ਨਗਰ ਵਰਗੇ ਹਾਟਸਪਾਟ ਖੇਤਰਾਂ ‘ਚ ਕੇਂਦਰਿਤ ਰਹੀ, ਜਿੱਥੇ ਨਸ਼ੇ ਨਾਲ ਸੰਬੰਧਿਤ ਗਤੀਵਿਧੀਆਂ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ।
ਲਗਭਗ 200 ਪੁਲਿਸ ਮੁਲਾਜ਼ਮਾਂ ਦੀ ਵੱਡੀ ਟੀਮ ਨੇ ਇਸ ਆਪ੍ਰੇਸ਼ਨ ਵਿੱਚ ਹਿੱਸਾ ਲਿਆ। ਡੀ.ਸੀ.ਪੀ (ਇਨਵੈਸਟੀਗੇਸ਼ਨ) ਦੀ ਅਗਵਾਈ ਹੇਠ 9 ਗਜ਼ਟਿਡ ਅਧਿਕਾਰੀਆਂ, 16 ਐਸ.ਐਚ.ਓਜ਼, ਕ੍ਰਾਈਮ ਵਿੰਗ ਅਤੇ ਫੀਲਡ ਫੋਰਸ ਨੇ ਮਿਲ ਕੇ ਯੋਜਨਾਬੱਧ ਢੰਗ ਨਾਲ ਛਾਪੇਮਾਰੀ ਕੀਤੀ।
ਸਵੇਰੇ 5 ਵਜੇ ਤੋਂ ਹੀ ਇਲਾਕਿਆਂ ਦੇ ਸਾਰੇ ਐਂਟਰੀ-ਐਗਜ਼ਿਟ ਪੁਆਇੰਟਾਂ ‘ਤੇ ਨਾਕਾਬੰਦੀ ਕਰਕੇ ਸ਼ਹਿਰ ਨੂੰ ਲਗਭਗ ਸੀਲ ਕਰ ਦਿੱਤਾ ਗਿਆ, ਜਦਕਿ 6 ਤੋਂ 10 ਵਜੇ ਤੱਕ ਸ਼ੱਕੀ ਟਿਕਾਣਿਆਂ ਦੀ ਘੇਰਾਬੰਦੀ ਕਰਕੇ ਗਹਿਰਾਈ ਨਾਲ ਤਲਾਸ਼ੀ ਲਈ ਗਈ।
ਬਰਾਮਦਗੀ ਵਿੱਚ ਸ਼ਾਮਲ: 159 ਗ੍ਰਾਮ ਹੈਰੋਇਨ, 2 ਕਿਲੋ ਗਾਂਜਾ, 72 ਬੋਤਲਾਂ ਸ਼ਰਾਬ, 75 ਨਸ਼ੀਲੀਆਂ ਗੋਲੀਆਂ,₹1.37 ਲੱਖ ਡਰੱਗ ਮਨੀ ਤੇ 1 ਐਕਟਿਵਾ ਸਕੂਟਰ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ 4 ਹੋਰ ਸ਼ੱਕੀ ਮੁਲਜ਼ਮਾਂ ਖ਼ਿਲਾਫ਼ ਨਿਰੋਧਕ ਕਾਰਵਾਈ ਵੀ ਕੀਤੀ ਗਈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਸਾਫ਼ ਕੀਤਾ ਕਿ ਨਸ਼ਿਆਂ ਖ਼ਿਲਾਫ਼ “ਜ਼ੀਰੋ ਟੋਲਰੈਂਸ” ਨੀਤੀ ਅਧੀਨ ਇਸ ਤਰ੍ਹਾਂ ਦੇ ਆਪ੍ਰੇਸ਼ਨ ਅੱਗੇ ਵੀ ਹੋਰ ਤੇਜ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੁਲਿਸ ਦਾ ਮਕਸਦ ਸਿਰਫ਼ ਗ੍ਰਿਫ਼ਤਾਰੀਆਂ ਨਹੀਂ, ਸਗੋਂ ਨਸ਼ੇ ਦੀ ਸਪਲਾਈ ਚੇਨ ਨੂੰ ਜੜ੍ਹੋਂ ਤੋੜਣਾ ਹੈ।
ਲੁਧਿਆਣਾ ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਇਲਾਕੇ ‘ਚ ਹੋ ਰਹੀ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਬਿਨਾਂ ਡਰ ਜਾਣਕਾਰੀ ਸਾਂਝੀ ਕਰਨ, ਤਾਂ ਜੋ ਸ਼ਹਿਰ ਨੂੰ ਨਸ਼ਾ-ਮੁਕਤ ਬਣਾਇਆ ਜਾ ਸਕੇ।
Click to Follow Babushahi Facebook Page →