ਖੰਨਾ 'ਚ ਵੱਡੀ ਵਾਰਦਾਤ: ਮਾਛੀਵਾੜਾ ਕਾਂਗਰਸ ਦੇ ਬਲਾਕ ਪ੍ਰਧਾਨ 'ਤੇ ਜਾਨਲੇਵਾ ਹਮਲਾ; ਹਸਪਤਾਲ 'ਚ ਤੋੜਿਆ ਦਮ
Ravinder Singh
ਖੰਨਾ/ਮਾਛੀਵਾੜਾ, 29 ਮਾਰਚ 2026: ਪੁਲਸ ਜ਼ਿਲ੍ਹਾ ਖੰਨਾ ਅਧੀਨ ਮਾਛੀਵਾੜਾ ਇਲਾਕੇ ਵਿਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸੀਨੀਅਰ ਕਾਂਗਰਸੀ ਆਗੂ ਤੇ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ 6.30 ਵਜੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਤੱਖਰਾਂ ਤੋਂ ਹਾੜੀਆਂ ਰੋਡ ’ਤੇ ਜੋ ਕਿਰਾਏ ਲਈ ਕੁਆਰਟਰ ਬਣੇ ਹੋਏ ਹਨ ਉਸ ਦੇ ਬਾਹਰ ਕੁਰਸੀ ’ਤੇ ਬੈਠੇ ਸਨ। ਅਚਾਨਕ 2 ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਜਿਨ੍ਹਾਂ ’ਚੋਂ ਇੱਕ ਨੇ ਆਪਣੇ ਹੱਥ ਵਿਚ ਫੜੀ ਕੁਹਾੜੀ ਨਾਲ ਕਾਂਗਰਸ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਸਿਰ ’ਤੇ ਕਈ ਵਾਰ ਕਰ ਦਿੱਤੇ। ਇਸ ਕਾਤਲਾਨਾ ਹਮਲੇ ਵਿਚ ਪਰਮਿੰਦਰ ਤਿਵਾੜੀ ਖੂਨ ਨਾਲ ਲੱਥਪਥ ਹੋ ਕੇ ਉੱਥੇ ਫਰਸ਼ ’ਤੇ ਹੀ ਗਿਰ ਗਏ। ਹਮਲਾਵਾਰ ਨੇ ਬੜੀ ਬੇਰਹਿਮੀ ਨਾਲ ਕੁਹਾੜੀ ਨਾਲ ਵਾਰ ਕੀਤੇ ਅਤੇ ਉਸ ਤੋਂ ਬਾਅਦ ਉਹ ਮੋਟਰਸਾਈਕਲ ’ਤੇ ਬੈਠ ਕੇ ਮਾਲਵਾ ਚੌਂਕ ਵੱਲ ਫ਼ਰਾਰ ਹੋ ਗਏ। ਖੂਨ ਨਾਲ ਲੱਥਪਥ ਪ੍ਰਧਾਨ ਪਰਮਿੰਦਰ ਤਿਵਾੜੀ ਨੂੰ ਮਾਛੀਵਾੜਾ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਲੁਧਿਆਣਾ ਫੋਰਟਿਸ ਹਸਪਤਾਲ ਵਿਚ ਪਹੁੰਚ ਕੇ ਜਦੋਂ ਡਾਕਟਰਾਂ ਨੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਹ ਜੋ ਘਟਨਾ ਵਾਪਰੀ ਹੈ ਉਹ ਇਲਾਕਾ ਮਾਛੀਵਾੜਾ ਨਾਲ ਲੱਗਦੇ ਥਾਣਾ ਕੂੰਮਕਲਾਂ ਅਧੀਨ ਪੈਂਦਾ ਹੈ, ਉੱਥੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਪੁਲਸ ਸਹਾਇਤਾ ਲਈ 100 ਨੰਬਰ ’ਤੇ ਫੋਨ ਕੀਤਾ ਪਰ ਕਿਸੇ ਨੇ ਫੋਨ ਨਾ ਚੁੱਕਿਆ। ਦੂਸਰੇ ਪਾਸੇ ਹਾੜੀਆਂ ਚੌਂਕ ਵਿਚ ਕਾਂਗਰਸੀ ਆਗੂ ਉੱਪਰ ਕਾਤਲਾਨਾ ਹਮਲੇ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿ ਸੰਘਣੀ ਅਬਾਦੀ ਵਾਲੇ ਇਲਾਕੇ ਵਿਚ ਆ ਕੇ ਕਤਲ ਵਰਗੀ ਘਟਨਾ ਨੂੰ ਅੰਜ਼ਾਮ ਦਿੱਤਾ।
ਘਟਨਾ ਤੋਂ ਬਾਅਦ ਕੁਹਾੜੀ ਚੌਂਕ ਵਿਚ ਸੁੱਟ ਗਏ ਹਮਲਾਵਾਰ
ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਉੱਪਰ ਹਮਲਾ ਕਰਨ ਤੋਂ ਬਾਅਦ ਇਹ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀ ਵਾਰਦਾਤ ’ਚ ਵਰਤੀ ਗਈ ਕੁਹਾੜੀ ਨੂੰ ਜਾਂਦੇ ਸਮੇਂ ਮਾਲਵਾ ਚੌਂਕ ਵਿਚ ਸੁੱਟ ਗਏ। ਇਹ ਕੁਹਾੜੀ ਪੂਰੀ ਤਰ੍ਹਾਂ ਖੂਨ ਨਾਲ ਲੱਥਪਥ ਸੀ, ਇੱਥੋਂ ਤੱਕ ਘਟਨਾ ਵਾਲੇ ਸਥਾਨ ’ਤੇ ਪਰਮਿੰਦਰ ਤਿਵਾੜੀ ਦੇ ਸਿਰ ’ਚੋਂ ਮਾਸ ਦੀਆਂ ਬੋਟੀਆਂ ਵੀ ਬਿਖ਼ਰੀਆਂ ਪਈਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਕੂੰਮਕਲਾਂ ਪੁਲਸ ਦੇ ਕਰਮਚਾਰੀ ਅਤੇ ਥਾਣਾ ਮਾਛੀਵਾੜਾ ਦੇ ਮੁਖੀ ਪਵਿੱਤਰ ਸਿੰਘ ਵੀ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਵਲੋਂ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਚਸ਼ਮਦੀਦਾਂ ਅਨੁਸਾਰ ਕਾਂਗਰਸੀ ਆਗੂ ਨੂੰ ਹਮਲਾਵਾਰਾਂ ਨੇ ਸੰਭਲਣ ਦਾ ਮੌਕਾ ਨਹੀਂ ਦਿੱਤਾ
ਘਟਨਾ ਵਾਲੇ ਸਥਾਨ ’ਤੇ ਮੌਜੂਦ ਦੁਕਾਨਾਂ ਬਣੀਆਂ ਹੋਈਆਂ ਹਨ ਉੱਥੇ ਮੌਜੂਦ ਚਸ਼ਮਦੀਦਾਂ ਅਨੁਸਾਰ ਉਹ ਆਪਣੇ ਕੰਮ ਵਿਚ ਰੁਝੇ ਹੋਏ ਸਨ। ਅਚਾਨਕ ਉਨ੍ਹਾਂ ਨੇ ਬਾਹਰ ਚੀਕ ਚਿਹਾੜਾ ਸੁਣਿਆ ਤਾਂ ਇੱਕ ਵਿਅਕਤੀ ਕੁਰਸੀ ’ਤੇ ਬੈਠੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਸਿਰ ’ਤੇ ਕੁਹਾੜੀ ਨਾਲ ਲਗਾਤਾਰ ਵਾਰ ਕਰ ਰਿਹਾ ਸੀ ਅਤੇ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਇਹ ਮੌਕੇ ਤੋੋਂ ਫ਼ਰਾਰ ਹੋ ਗਏ। ਚਸ਼ਮਦੀਦਾਂ ਅਨੁਸਾਰ ਪਰਮਿੰਦਰ ਤਿਵਾੜੀ ਫੋਨ ’ਤੇ ਗੱਲ ਕਰ ਰਹੇ ਸਨ ਜਿਨ੍ਹਾਂ ਨੂੰ ਹਮਲਾਵਾਰਾਂ ਨੇ ਸੰਭਲਣ ਦਾ ਮੌਕਾ ਨਹੀਂ ਦਿੱਤਾ ਅਤੇ ਸਿਰ ’ਤੇ ਵਾਰ ਕਰ ਮੌਤ ਦੇ ਘਾਟ ਉਤਾਰ ਦਿੱਤਾ।
ਬੇਵਾਕ ਬੋਲਣ ਵਾਲੇ ਤੇ ਨਿਡਰ ਕਾਂਗਰਸੀ ਆਗੂ ਸਨ ਪਰਮਿੰਦਰ ਤਿਵਾੜੀ
ਮਾਛੀਵਾੜਾ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਇੱਕ ਬੇਵਾਕ ਬੋਲਣ ਵਾਲੇ ਨਿਡਰ ਕਾਂਗਰਸੀ ਆਗੂ ਮੰਨੇ ਜਾਂਦੇ ਸਨ। ਪ੍ਰਧਾਨ ਪਰਮਿੰਦਰ ਤਿਵਾੜੀ ਜਿੱਥੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਦੇ ਨਜ਼ਦੀਕੀ ਸਨ ਉੱਥੇ ਨਾਲ ਹੀ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਖਾਸ ਮੰਨੇ ਜਾਂਦੇ ਹਨ। ਕਾਂਗਰਸ ਦੀਆਂ ਮੀਟਿੰਗਾਂ ਅਤੇ ਚੋਣ ਰੈਲੀਆਂ ਵਿਚ ਉਹ ਆਪਣੀਆਂ ਸਿਆਸੀ ਵਿਰੋਧੀ ਪਾਰਟੀਆਂ ਖਿਲਾਫ਼ ਬੇਵਾਕ ਬੋਲਦੇ ਸਨ ਅਤੇ ਨਿਡਰ ਆਗੂ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੀ ਮੌਤ ਨਾਲ ਕਾਂਗਰਸ ਤੋਂ ਇਲਾਵਾ ਇਲਾਕੇ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ ਅਤੇ ਹਰ ਵਰਗ ਇਸ ਕਤਲ ਦੀ ਨਿੰਦਾ ਕਰ ਰਿਹਾ ਹੈ।
Click to Follow Babushahi Facebook Page →