ਸਿੱਧਵਾਂ ਬੇਟ 'ਚ ਗੁੰਡਾਗਰਦੀ: ਹਥਿਆਰਾਂ ਦੀ ਨੋਕ 'ਤੇ ਮਾਂ-ਪੁੱਤ ਤੋਂ ਸੋਨਾ ਲੁੱਟਿਆ; ਚੋਰਾਂ ਨੇ ਬੰਦ ਘਰ ਨੂੰ ਵੀ ਪਾਇਆ ਪਾੜ
ਬੰਦ ਘਰ 'ਚੋਂ ਲੱਖਾਂ ਦੀ ਚੋਰੀ, ਦਿਨ-ਦਿਹਾੜੇ ਔਰਤ ਤੋਂ ਹਥਿਆਰਾਂ ਦੀ ਨੋਕ 'ਤੇ ਲੁੱਟ
ਦੀਪਕ ਜੈਨ ਜਗਰਾਓ 6 ਮਾਰਚ ਸਿੱਧਵਾਂ ਬੇਟ ਇਲਾਕੇ ਵਿੱਚ ਪੁਲਸ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਅਤੇ ਨਾਮਾਤਰ ਗਸ਼ਤ ਕਾਰਨ ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੋ ਗਏ ਹਨ। ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਬੀਤੇ ਦਿਨੀਂ ਇਲਾਕੇ ਵਿੱਚ ਦੋ ਵੱਖ-ਵੱਖ ਘਟਨਾਵਾਂ ਵਿੱਚ ਲੁਟੇਰਿਆਂ ਨੇ ਜਿੱਥੇ ਰਾਤ ਸਮੇਂ ਇੱਕ ਸੁੰਨੇ ਘਰ ਨੂੰ ਨਿਸ਼ਾਨਾ ਬਣਾਇਆ, ਉੱਥੇ ਹੀ ਦਿਨ-ਦਿਹਾੜੇ ਇੱਕ ਔਰਤ ਤੋਂ ਹਥਿਆਰਾਂ ਦੀ ਨੋਕ 'ਤੇ ਲੱਖਾਂ ਰੁਪਏ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ।
ਪਹਿਲੀ ਘਟਨਾ: ਬੰਦ ਘਰ 'ਚੋਂ ਨਕਦੀ ਅਤੇ ਗਹਿਣੇ ਚੋਰੀ
ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਅੱਬੂਪੁਰਾ ਦੇ ਵਸਨੀਕ ਬਲਵੰਤ ਸਿੰਘ ਦਾ ਪਰਿਵਾਰ ਰਾਤ ਸਮੇਂ ਇੱਕ ਧਾਰਮਿਕ ਸਮਾਗਮ ਵਿੱਚ ਮੱਥਾ ਟੇਕਣ ਗਿਆ ਹੋਇਆ ਸੀ। ਜਦੋਂ ਉਹ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਸਾਮਾਨ ਦੀ ਭੰਨ-ਤੋੜ ਕੀਤੀ ਹੋਈ ਸੀ ਅਤੇ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਬਲਵੰਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਰਾਤ ਕਰੀਬ 11 ਵਜੇ ਤੋਂ 2 ਵਜੇ ਦੇ ਦਰਮਿਆਨ ਵਾਰਦਾਤ ਨੂੰ ਅੰਜਾਮ ਦਿੱਤਾ। ਘਰੋਂ ਇੱਕ ਐਲ.ਈ.ਡੀ., 2 ਸੋਨੇ ਦੀਆਂ ਛਾਪਾਂ, 2 ਜੋੜੇ ਚਾਂਦੀ ਦੀਆਂ ਝਾਂਜਰਾਂ ਅਤੇ ਕਰੀਬ 20-22 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਪੀੜਤ ਪਰਿਵਾਰ ਵੱਲੋਂ ਇਸਦੀ ਸੂਚਨਾ ਤੁਰੰਤ ਪੁਲਸ ਨੂੰ ਦੇ ਦਿੱਤੀ ਗਈ ਹੈ।
ਦੂਜੀ ਘਟਨਾ: ਮਾਂ-ਪੁੱਤ ਨੂੰ ਘੇਰ ਕੇ ਹਥਿਆਰਾਂ ਦੇ ਜ਼ੋਰ 'ਤੇ ਲੁੱਟ
ਇੱਕ ਹੋਰ ਸਨਸਨੀਖੇਜ਼ ਵਾਰਦਾਤ ਵਿੱਚ, ਪਿੰਡ ਸ਼ਫੀਪੁਰਾ ਦੀ ਸ਼ਮਸ਼ਾਨਘਾਟ ਨੇੜੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਲੁਟੇਰਿਆਂ ਨੇ ਦਿਨ-ਦਿਹਾੜੇ ਇੱਕ ਔਰਤ ਨੂੰ ਆਪਣਾ ਸ਼ਿਕਾਰ ਬਣਾਇਆ। ਪਿੰਡ ਅੱਬੂਪੁਰਾ (ਡੇਰਾ ਗੁਰਦਾਸਪੁਰੀਆਂ) ਦੀ ਵਸਨੀਕ ਦਲਵੀਰ ਕੌਰ ਪਤਨੀ ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 4 ਵਜੇ ਉਹ ਆਪਣੇ ਲੜਕੇ ਜਸਨੂਰ ਸਿੰਘ ਨਾਲ ਮੋਟਰਸਾਈਕਲ 'ਤੇ ਘਰ ਵਾਪਸ ਆ ਰਹੀ ਸੀ। ਇਸ ਦੌਰਾਨ ਪਿੱਛੋਂ ਆਏ 3 ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਹਥਿਆਰਾਂ ਦਾ ਡਰ ਦਿਖਾ ਕੇ ਉਸ ਦੀਆਂ 4 ਸੋਨੇ ਦੀਆਂ ਵਾਲੀਆਂ ਅਤੇ 5 ਤੋਲੇ ਦੀ ਸੋਨੇ ਦੀ ਚੈਨ ਲਾਹ ਲਈ। ਵਾਰਦਾਤ ਤੋਂ ਬਾਅਦ ਲੁਟੇਰੇ ਪਿੰਡ ਸ਼ਫੀਪੁਰਾ ਵੱਲ ਹੀ ਫਰਾਰ ਹੋ ਗਏ।
ਲੋਕਾਂ 'ਚ ਪ੍ਰਸ਼ਾਸਨ ਖਿਲਾਫ ਰੋਸ
ਇਨ੍ਹਾਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਕਾਰਨ ਇਲਾਕਾ ਨਿਵਾਸੀਆਂ ਵਿੱਚ ਪੁਲਸ ਪ੍ਰਸ਼ਾਸਨ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੋਸ਼ ਲਾਇਆ ਕਿ ਬੇਟ ਇਲਾਕੇ ਵਿੱਚ ਪੁਲਸ ਦੀ ਗਸ਼ਤ ਬਿਲਕੁਲ ਨਾਮਾਤਰ ਹੈ, ਜਿਸ ਕਾਰਨ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲਾਂ 'ਤੇ ਸ਼ਰਾਰਤੀ ਅਨਸਰ ਸ਼ਰੇਆਮ ਘੁੰਮਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਥਾਂ-ਥਾਂ ਸਖ਼ਤ ਨਾਕੇਬੰਦੀ ਕੀਤੀ ਜਾਵੇ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ।
ਕੀ ਕਹਿਣਾ ਹੈ ਥਾਣਾ ਮੁਖੀ ਦਾ?
ਇਸ ਪੂਰੇ ਮਾਮਲੇ ਸਬੰਧੀ ਜਦੋਂ ਥਾਣਾ ਸਿੱਧਵਾਂ ਬੇਟ ਦੇ ਮੁਖੀ ਹਮਰਾਜ ਸਿੰਘ ਚੀਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਮਾਮਲੇ ਪੁਲਸ ਦੇ ਧਿਆਨ ਵਿੱਚ ਆ ਚੁੱਕੇ ਹਨ। ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।
Click to Follow Babushahi Facebook Page →