Punjab Breaking: ਮੋਗਾ 'ਚ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਬਾਘਾਪੁਰਾਣਾ ਵਿਖੇ ਫਾਰਚੂਨਰ ਸਵਾਰ ਹਮਲਾਵਰਾਂ ਨੇ ਸਰਪੰਚ ਹਰਵਿੰਦਰ ਹੈਪੀ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ; ਇਲਾਜ ਦੌਰਾਨ ਤੋੜਿਆ ਦਮ
ਮੋਗਾ/ਬਾਘਾਪੁਰਾਣਾ: 6 ਮਾਰਚ 2026 - ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਡਗਮਗਾ ਰਹੀ ਹੈ। ਅਜੇ 'ਆਪ' ਸਰਪੰਚ ਹਰਬਰਿੰਦਰ ਸਿੰਘ ਦੇ ਕਤਲ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਇਲਾਕੇ ਵਿੱਚ ਇੱਕ ਹੋਰ ਖ਼ੂਨੀ ਵਾਰਦਾਤ ਵਾਪਰ ਗਈ ਹੈ। ਪਿੰਡ ਪੱਤੋਂ ਦੇ ਮੌਜੂਦਾ ਸਰਪੰਚ ਹਰਵਿੰਦਰ ਸਿੰਘ ਹੈਪੀ ਦਾ ਬੇਖ਼ੌਫ਼ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਸਰਪੰਚ ਹਰਵਿੰਦਰ ਸਿੰਘ ਹੈਪੀ ਬਾਘਾਪੁਰਾਣਾ ਵਿਖੇ ਕੋਟਕਪੂਰਾ ਰੋਡ 'ਤੇ ਸਥਿਤ ਇੱਕ ਪੈਟਰੋਲ ਪੰਪ ਦੇ ਕੋਲ ਮੌਜੂਦ ਸੀ। ਇਸੇ ਦੌਰਾਨ ਇੱਕ ਸਫੈਦ ਰੰਗ ਦੀ ਫਾਰਚੂਨਰ ਗੱਡੀ ਵਿੱਚ ਸਵਾਰ ਹੋ ਕੇ ਆਏ ਹਥਿਆਰਬੰਦ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ।
ਹਮਲਾਵਰਾਂ ਨੇ ਸਰਪੰਚ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਕੇ ਉੱਥੇ ਹੀ ਗਿਰ ਪਿਆ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਉਸ ਨੂੰ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਨੇ ਦਮ ਤੋੜ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀਆਂ ਉੱਚ-ਪੱਧਰੀ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਪੁਲਿਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਸੀਸੀਟੀਵੀ (CCTV) ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਦਿਨ-ਦਹਾੜੇ ਵਾਪਰੀ ਇਸ ਵਾਰਦਾਤ ਕਾਰਨ ਬਾਘਾਪੁਰਾਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।
Click to Follow Babushahi Facebook Page →