ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਮੌਕੇ ਵਿਚਾਰ-ਚਰਚਾ!
ਸਾਡਾ ਅਨਮੋਲ ਵਿਰਸਾ ਬੱਬਰ ਅਕਾਲੀ ਲਹਿਰ: ਸੁਵਰਨ ਵਿਰਕ
ਫਾਸ਼ੀ ਹੱਲੇ ਖ਼ਿਲਾਫ਼ ਜੂਝਣਾ ਸਮੇਂ ਦੀ ਲੋੜ: ਡਾ. ਪਰਮਿੰਦਰ
ਜਲੰਧਰ (27 ਫਰਵਰੀ):
ਸਾਡੇ ਮੁਲਕ ਦੀ ਆਜ਼ਾਦੀ ਲਈ ਉੱਠੀਆਂ ਵੰਨ-ਸੁਵੰਨੀਆਂ ਲਹਿਰਾਂ ਵਿੱਚ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ (1926-2026) ਮੌਕੇ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਇਸ ਲਹਿਰ ਦੇ ਇਤਿਹਾਸਕ ਪੱਖਾਂ ਅਤੇ ਉਸਦੀ ਮੁੱਲਵਾਨ ਪ੍ਰਸੰਗਕਤਾ ਉਪਰ ਵਿਸ਼ੇਸ਼ ਵਿਚਾਰ-ਚਰਚਾ ਸਮਾਗਮ ਕੀਤਾ ਗਿਆ।
ਇਸ ਸਮਾਗਮ ਸਬੰਧੀ ਮੁੱਢਲੇ ਸ਼ਬਦ ਸਾਂਝੇ ਕਰਦਿਆਂ ਆਪਣੇ ਸੰਬੋਧਨ 'ਚ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਨੇ ਕਿਹਾ ਕਿ 2026 ਦਾ ਪੂਰਾ ਵਰ੍ਹਾ ਚੱਲਣ ਵਾਲੇ ਬੱਬਰ ਅਕਾਲੀ ਲਹਿਰ ਸ਼ਤਾਬਦੀ ਨੂੰ ਸਮਰਪਤ ਸਮਾਗਮਾਂ ਦੀ ਸਿਖ਼ਰ ਹੋਏਗਾ, ਪਹਿਲੀ ਨਵੰਬਰ ਨੂੰ ਹੋਣ ਵਾਲਾ ਮੇਲਾ ਗ਼ਦਰੀ ਬਾਬਿਆਂ ਦਾ। ਉਹਨਾਂ ਕਿਹਾ ਕਿ ਅੱਜ 27 ਫਰਵਰੀ ਨੂੰ ਇਸ ਮੁਹਿੰਮ ਦਾ ਆਗਾਜ਼ ਸਮਾਰੋਹ ਉਸ ਇਤਿਹਾਸਕ ਦਿਹਾੜੇ 'ਤੇ ਰੱਖਿਆ ਗਿਆ ਹੈ, ਜਿਸ ਦਿਨ 27 ਫਰਵਰੀ 1926 ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਛੇ ਬੱਬਰ ਦੇਸ਼ ਭਗਤਾਂ ਨੂੰ ਫਾਂਸੀ ਲਗਾਇਆ ਗਿਆ ਸੀ।
ਸਮਾਗਮ ਮੌਕੇ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਦੋਵੇਂ ਵਕਤਾ ਕਮੇਟੀ ਮੈਂਬਰ ਸਵਰਨ ਸਿੰਘ ਵਿਰਕ, ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਮੰਚ 'ਤੇ ਸਸ਼ੋਭਤ ਸਨ।
ਕਮੇਟੀ ਮੈਂਬਰ ਸੁਵਰਨ ਸਿੰਘ ਵਿਰਕ ਨੇ 'ਬੱਬਰ ਅਕਾਲੀ ਲਹਿਰ ਦੀ ਪ੍ਰਸੰਗਕਤਾ' ਵਿਸ਼ੇ 'ਤੇ ਬੋਲਦਿਆਂ ਬੱਬਰ ਅਕਾਲੀ ਲਹਿਰ ਦੇ ਅਣਗੌਲੇ ਇਤਿਹਾਸ ਦੇ ਕਈ ਪੱਖਾਂ ਉਪਰ ਰੌਸ਼ਨੀ ਪਾਈ। ਉਹਨਾਂ ਕਿਹਾ ਕਿ ਬੱਬਰ ਅਕਾਲੀ ਲਹਿਰ ਦੇ ਗਠਨ ਪਿੱਛੇ ਉਸ ਵੇਲੇ ਦੇ ਪੰਜਾਬ ਅੰਦਰ ਕਿੰਨੀਆਂ ਹੀ ਥਾਵਾਂ 'ਤੇ ਵਾਪਰੇ ਇੰਤਹਾ ਜ਼ਬਰ ਦੀਆਂ ਘਟਨਾਵਾਂ ਕਾਰਨ ਲੋਕ ਮਨਾਂ ਅੰਦਰ ਉੱਸਲਵੱਟੇ ਲੈਂਦਾ ਰੋਸ ਸ਼ਾਮਲ ਹੈ। ਜਿਸ ਕਾਰਨ ਸਿੱਧੇ ਨਿਸ਼ਾਨੇ ਦੀ ਮਾਰ ਹੇਠ ਬਰਤਾਨਵੀ ਹਕੂਮਤ ਦੇ ਤਖ਼ਤ ਦੇ ਪੌਡੇ ਬਣਨ ਵਾਲੇ ਜ਼ੈਲਦਾਰਾਂ, ਟੋਡੀਆਂ, ਮੁਖ਼ਬਰਾਂ ਨੂੰ ਲਿਆਂਦਾ ਗਿਆ।
ਸੁਵਰਨ ਵਿਰਕ ਨੇ ਕਿਹਾ ਕਿ ਬੱਬਰ ਅਕਾਲੀ ਲਹਿਰ ਨੂੰ ਇੱਕ ਵਿਸ਼ੇਸ਼ ਧਰਮ ਤੱਕ ਸੀਮਤ ਕਰਨ ਅਤੇ ਉਸੇ ਵਿਸ਼ੇਸ਼ ਧਰਮ ਨਾਲੋਂ ਨਿਖੇੜਨ ਲਈ ਵੀ ਯਤਨ ਕੀਤੇ ਗਏ ਪਰ ਸਚਾਈ ਕਦੇ ਛੁਪ ਜਾਂ ਹਾਰ ਨਹੀਂ ਸਕਦੀ।
ਉਹਨਾਂ ਕਿਹਾ ਕਿ ਰੂਸੀ ਕਰਾਂਤੀ ਦਾ ਮਾਸਟਰ ਮੋਤਾ ਸਿੰਘ ਵਰਗਿਆਂ ਰਾਹੀਂ ਬਾਲਸਿਜ਼ਮ ਦਾ ਪ੍ਰਭਾਵ ਵੀ ਇਸ ਲਹਿਰ ਨੂੰ ਰੰਗ ਚਾੜ੍ਹਨ ਦਾ ਕੰਮ ਕਰਨ ਲੱਗਾ। ਉਸ ਵੇਲੇ ਬਸਤੀਵਾਦ ਵਿਰੋਧੀ ਲਹਿਰਾਂ ਇੱਕ-ਦੂਜੀ ਲਹਿਰ ਦੀਆਂ ਪੂਰਕ ਸਨ। ਬੱਬਰ ਅਕਾਲੀਆਂ ਦੀ ਦੇਣ ਮਾਨਵਵਾਦੀ, ਸਮਤਾਪੂਰਕ ਸਮਾਜ ਦੀ ਸਿਰਜਣਾ ਦਾ ਜਮਹੂਰੀਕਰਨ ਕਰਨਾ ਸੀ।
ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਨੇ,''ਫ਼ਿਰਕੂ ਫਾਸ਼ੀ ਹੱਲੇ ਦੀਆਂ ਚੁਣੌਤੀਆਂ ਅਤੇ ਸਾਡੀ ਭੂਮਿਕਾ'' ਵਿਸ਼ੇ 'ਤੇ ਬੋਲਦੇ ਹੋਏ ਕਿਹਾ ਕਿ ਸਾਮਰਾਜੀ ਦੇ ਦੇਸੀ, ਬਹੁ-ਕੌਮੀ ਕੰਪਨੀਆਂ ਦੇ ਆਰਥਕ ਅਜੰਡੇ ਪੂਰੀ ਬੇਸ਼ਰਮੀ ਨਾਲ ਗੋਡਣੀਆਂ ਪਰਨੇ ਹੋ ਕੇ ਭਾਰਤੀ ਲੋਕਾਂ ਉਪਰ ਮੜ੍ਹਨ ਲਈ ਰਾਹ ਪੱਧਰਾ ਕਰਨ ਵਾਸਤੇ ਸਮਾਜ ਅੰਦਰ ਫ਼ਿਰਕੂ ਫਾਸ਼ੀਵਾਦ ਦੀ ਹਨੇਰੀ ਤੇਜ਼ੀ ਨਾਲ ਵਗਾ ਰਹੇ ਹਨ।
ਮੌਜੂਦਾ ਭਾਜਪਾ ਹਕੂਮਤ ਦਾ ਮੁੱਖ ਨਿਸ਼ਾਨਾ ਮੁਸਲਮਾਨ, ਇਸਾਈ ਅਤੇ ਕਮਿਊਨਿਸਟ ਨੇ। ਆਦਿਵਾਸੀ ਅਤੇ ਸੰਘਰਸ਼ ਕਰਦੇ ਮੁਲਕ ਦੇ ਕਾਮੇ, ਪੰਜਾਬ ਅੰਦਰ ਜਿਉਂਦ ਪਿੰਡ ਨੂੰ ਚੋਣਵਾਂ ਨਿਸ਼ਾਨਾ ਬਣਾਇਆ ਜਾਣਾ ਭਵਿੱਖ਼ ਵਿੱਚ ਫੈਲਦੇ ਫਾਸ਼ੀਵਾਦ ਦੇ ਪੰਜਿਆਂ ਦੀ ਖੁੰਖ਼ਾਰ ਤਸਵੀਰ ਪੇਸ਼ ਕਰਦਾ ਹੈ। ਇਟਲੀ, ਜਰਮਨੀ ਅਤੇ ਫ਼ਲਸਤੀਨ ਵਰਗੇ ਹਾਲਾਤ ਲਗਾਤਾਰ ਮੁਲਕ ਨੂੰ ਧੱਕਿਆਂ ਜਾ ਰਿਹਾ ਹੈ। ਸਾਮਰਾਜੀ ਹੱਲੇ ਦੇ ਸਿਰਜੇ ਅਖੌਤੀ ਰਾਸ਼ਟਰਵਾਦ ਦੇ ਬਦਲ 'ਚ ਮਜ਼ਦੂਰ ਜਮਾਤ ਨੇ ਖਰੇ ਕੌਮੀ ਅਤੇ ਕੌਮਾਂਤਰੀ ਵਰਤਾਰੇ ਦਾ ਸੰਕਲਪ ਉਭਾਰਕੇ ਸਾਹਮਣੇ ਲਿਆਂਦਾ ਅਤੇ ਖ਼ਰੇ ਕੌਮਾਂਤਰੀਵਾਦ ਨੂੰ ਉਭਾਰਿਆ।
ਜਿਵੇਂ ਯਹੂਦੀਆਂ ਨੂੰ ਦੁਸ਼ਮਣ ਦੇ ਤੌਰ 'ਤੇ ਉਭਾਰਿਆ ਗਿਆ, ਉਸੇ ਤਰ੍ਹਾਂ ਸਾਡੇ ਮੁਲਕ ਅੰਦਰ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਰੁਝਾਨ ਸਿਰਫ਼ ਭਾਜਪਾ, ਆਰ.ਐਸ.ਐਸ. ਦਾ ਹੀ ਨਹੀਂ ਆਨੰਦ ਮੱਠ ਵਰਗੇ ਨਾਵਲਾਂ ਰਾਹੀਂ ਇਸ ਪ੍ਰਬੰਧ ਦੇ ਰਖੇਲਾਂ ਨੇ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਦੀ ਪੁੱਠ ਚਾੜ੍ਹੀ। ਸਾਮਰਾਜੀ ਸਰਮਾਏ ਦੇ ਹੁਕਮਾਂ ਦੀ ਪਾਲਣਾ ਕਰਦਾ ਇਥੋਂ ਦਾ ਫਾਸ਼ੀ ਹੱਲਾ ਲੋਕਾਂ ਖ਼ਿਲਾਫ਼ ਹੈ।
ਜੇ ਅੱਜ ਭਾਜਪਾ ਆਰ.ਐਸ.ਐਸ. ਜਿੰਮੇਵਾਰ ਹੈ ਤਾਂ ਇਸਦੀ ਨੀਂਹ ਵਿੱਚ 1947 ਸਮੇਂ ਦੇ ਹੁਕਮਰਾਨਾ ਦੀ ਮਾਨਸਿਕਤਾ ਅਤੇ ਮੰਤਵ ਸਮੋਏ ਹੋਏ ਨੇ। ਉਹਨਾਂ ਕਿਹਾ ਕਿ ਪੰਜਾਬ ਅੰਦਰ ਖ਼ਾਲਿਸਤਾਨੀ ਦਹਿਸ਼ਤਗਰਦੀ ਨੂੰ ਇੱਕਜੁੱਟ ਸੰਘਰਸ਼ ਪੰਜਾਬ ਅੰਦਰ ਸਫ਼ਲ ਹੋਇਆ।
ਉਹਨਾਂ ਕਿਹਾ ਕਿ ਕੁਦਰਤੀ ਵਸੀਲਿਆਂ ਉਪਰ ਸਾਮਰਾਜੀ ਬਹੁਕੌਮੀ ਕੰਪਨੀਆਂ ਦਾ ਜੱਫਾ ਮਜ਼ਬੂਤ ਕੀਤਾ ਜਾ ਰਿਹਾ ਹੈ। ਜੇਕਰ ਇਹ ਕੁਦਰਤੀ ਵਸੀਲੇ ਲੋਕਾਂ ਲਈ ਵਰਤੇ ਜਾਣ ਤਾਂ ਨਾ ਭੁੱਖ ਮਰੀ, ਨਾ ਫ਼ਿਰਕੂ ਫਾਸ਼ੀ ਹੱਲੇ ਹੋਣਗੇ ਮੁਨਾਫ਼ਿਆਂ ਦੀ ਅੰਨ੍ਹੀ ਦੌੜ ਵਿੱਚ ਮਦਹੋਸ਼ ਭਾਜਪਾ ਹਕੂਮਤ ਸਾਮਰਾਜ ਨੂੰ ਮਜ਼ਬੂਤ ਕਰਨ, ਉਹਦੀ ਅਧੀਨਗੀ ਵਾਲਾ ਫਾਸ਼ੀਵਾਦ ਲਿਆ ਰਹੇ ਨੇ। ਅੱਜ ਦੇ ਸਮਾਗਮ 'ਚ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਬੱਬਰ ਅਕਾਲੀ ਲਹਿਰ ਦੇ ਪਿੰਡਾਂ, ਯਾਦਗਾਰੀ ਕਮੇਟੀਆਂ ਦੇ ਨੁੰਮਾਇੰਦਾ ਨੂੰ 'ਸਨਮਾਨ ਚਿੰਨ੍ਹ' ਭੇਂਟ ਕਰਕੇ ਅਤੇ ਉਹਨਾਂ ਦੀ ਦੇਣ ਨੂੰ ਸਲਾਮ ਕਰਦੇ ਹੋਏ ਸਨਮਾਨਤ ਕੀਤਾ ਗਿਆ।
ਮੰਚ ਤੋਂ ਸਨਮਾਨਤ ਹੋਣ ਵਾਲਿਆਂ 'ਚ ਸ਼ਹੀਦ ਵਰਿਆਮ ਸਿੰਘ ਧੁੱਗਾ ਦੇ ਪਿੰਡੋਂ ਆਏ ਮੱਖਣ ਸਿੰਘ, ਸ਼ਹੀਦ ਕਰਤਾਰ ਸਿੰਘ ਚੱਕ ਕਲਾਂ ਤੋਂ ਪ੍ਰਮਿੰਦਰ ਸਿੰਘ, ਸ਼ਹੀਦ ਸੰਤਾ ਸਿੰਘ ਹਰਿਓਂ ਖੁਰਦ (ਲੁਧਿਆਣਾ) ਦੇ ਜਗਰੂਪ ਸਿੰਘ, ਮਾਸਟਰ ਕੁਲਵੰਤ 'ਤਰਕ', ਬੱਬਰ ਮੋਤਾ ਸਿੰਘ ਦੇ ਪਿੰਡ ਪਤਾਰਾ ਤੋਂ ਅਸ਼ੋਕ ਪਤਾਰਾ, ਕਰਮ ਸਿੰਘ ਦੌਲਤਪੁਰ ਦੀ ਸਮਾਰਕ ਵੱਲੋਂ ਜਸਪਾਲ ਜਾਂਡਲੀ, ਰਣਜੀਤ ਸਿੰਘ ਗੜ੍ਹੀ, ਸੁਖਵੀਰ ਸਿੰਘ, ਬੱਬਰ ਕਰਮ ਸਿੰਘ ਦੇ ਨਾਨਕਾ ਪਿੰਡ ਕੌਲਗੜ੍ਹ ਤੋਂ ਦੀਦਾਰ ਸ਼ੇਤਰਾ, ਬੱਬਰ ਅਕਾਲੀ ਹੈਰੀਟੇਜ਼ ਐਬਸਫੋਰਡ (ਕਨੇਡਾ) ਤੋਂ ਬਲਜਿੰਦਰ ਬੈਂਸ, ਰਾਜਿੰਦਰ ਢਿੱਲੋਂ, ਗੁਰਤੇਜ ਸਿੰਘ, ਗੁਰਦੇਵ ਸਿੰਘ ਬਰਾੜ, ਬੱਬਰ ਕਰਮ ਸਿੰਘ ਝਿੰਗੜ ਦੇ ਪਿੰਡੋਂ ਮਲਕੀਤ ਸਿੰਘ ਝਿੰਗੜ, ਬੱਬਰ ਅਕਾਲੀ ਹੈਰੀਟੇਜ ਐਬਸਫੋਰਡ (ਕਨੇਡਾ) ਤੋਂ ਅਮਰਜੀਤ ਸਿੰਘ ਨਰੰਗ, ਮੱਖਣ ਸਿੰਘ ਅੱਚਰਵਾਲ, ਮਲਕੀਤ ਸਿੰਘ ਤੂਰ, ਗੁਰਮੇਲ ਸਿੰਘ ਸੰਧੂ, ਬੱਬਰ ਸੁਰੈਣ ਸਿੰਘ ਦੌਲਪੁਰ ਅਲਾਵਲਪੁਰ ਤੋਂ ਜਸਵਿੰਦਰ ਸਿੰਘ ਦੌਲਤਪੁਰ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ 'ਚ ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।
Click to Follow Babushahi Facebook Page →