ਬਠਿੰਡਾ: ਭਾਜਪਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਮਾੜੀ ਆਰਥਿਕਤਾ ਅਤੇ ਅਮਨ ਕਾਨੂੰਨ ਦੀ ਸਥਿਤੀ ਤੇ ਚਿੰਤਾ ਜਤਾਈ
ਅਸ਼ੋਕ ਵਰਮਾ
ਬਠਿੰਡਾ 14 ਫਰਵਰੀ 2026: ਪੰਜਾਬ ਵਿੱਚ ਡਬਲ ਇੰਜਨ ਵਾਲੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸਮੇਂ ਦੀ ਲੋੜ ਹੈ ਜਿਸ ਕਰਕੇ ਸੂਬਾ ਤਰੱਕੀ ਅਤੇ ਖੁਸ਼ਹਾਲੀ ਦੀ ਰਾਹ ਤੇ ਤੁਰ ਸਕਦਾ ਹੈ ਕਿਉਂਕਿ ਅੱਜ ਸੂਬੇ ਦੀ ਆਰਥਿਕਤਾ ਅਤੇ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ । ਭਾਜਪਾ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਅਤੇ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣਨ ਨਾਲ ਸੂਬਾ ਤਰੱਕੀ ਅਤੇ ਖੁਸ਼ਹਾਲੀ ਦੀ ਰਾਹ ਤੇ ਤੁਰਦਾ ਹੋਇਆ ਨਜ਼ਰ ਆਏਗਾ। ਸਰੂਪ ਚੰਦ ਸਿੰਗਲਾ ਨੇ ਪੰਜਾਬ ਦੀ ਮਾੜੀ ਆਰਥਿਕਤਾ ਅਤੇ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਤੇ ਚਿੰਤਾ ਜਾਹਰ ਕਰਦੇ ਹੋਏ ਕੀਤਾ। ਸਿੰਗਲਾ ਨੇ ਕਿਹਾ ਕਿ ਪੰਜਾਬ ਵਿੱਚ ਦਿਨ ਦਿਹਾੜੇ ਕਤਲ ਗੈਂਗਸਟਰਾਂ ਵੱਲੋਂ ਫਰੌਤੀਆਂ ਮੰਗਣਾ ਅਤੇ ਰਕਮ ਨਾ ਦੇਣ ਤੇ ਫਾਇਰਿੰਗ ਕਰਨਾ ਇਸ ਗੱਲ ਦਾ ਸਬੂਤ ਹਨ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਡੀਜੀਪੀ ਗੌਰਵ ਯਾਦਵ ਨਸ਼ਿਆਂ ਅਤੇ ਗੈਂਗਸਟਰਾਂ ਖਿਲਾਫ ਸਖਤ ਕਦਮ ਚੱਕਣ ਦੇ ਦਾਵੇ ਕਰਦੇ ਹਨ ਪਰ ਜਮੀਨੀ ਹਾਲਾਤ ਤੋਂ ਅਨਜਾਣ ਨਜ਼ਰ ਆ ਰਹੇ ਹਨ ਕਿਉਂਕਿ ਹਰ ਪਾਸੇ ਨਸ਼ੇ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਤੇ ਗੈਂਗਸਟਰਾਂ ਦਾ ਬੋਲਬਾਲਾ ਵੱਧ ਰਿਹਾ ਹੈ ਜਿਸ ਕਰਕੇ ਵਪਾਰੀਆਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਹੋਰਨਾ ਸੂਬਿਆਂ ਵਿੱਚ ਜਦੋਂ ਜਦੋਂ ਭਾਜਪਾ ਦੀਆਂ ਸਰਕਾਰਾਂ ਬਣੀਆਂ ਉਸੇ ਵੇਲੇ ਉਹਨਾਂ ਸੂਬਿਆਂ ਨੇ ਤਰੱਕੀ ਦੀ ਰਫਤਾਰ ਫੜੀ ਜਿਸ ਕਰਕੇ ਹੁਣ ਪੰਜਾਬ ਜੋ 4 ਲੱਖ ਕਰੋੜ ਤੋਂ ਵੱਧ ਦਾ ਕਰਜਾਈ ਹੋ ਚੁੱਕਿਆ ਹੈ ਉਸ ਨੂੰ ਬਚਾਉਣ ਅਤੇ ਪੰਜਾਬ ਵਿੱਚ ਆਪਸੀ ਭਾਈ ਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਭਾਜਪਾ ਦੀ ਸਰਕਾਰ ਜਰੂਰੀ ਹੈ।
ਉਹਨਾਂ ਕਿਹਾ ਕਿ ਇਸ ਕਰਕੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਪਿਛਲੀਆਂ ਸਰਕਾਰਾਂ ਕਾਂਗਰਸ ਅਤੇ ਆਪ ਦੇ ਨੌ ਸਾਲ ਦੇ ਕਾਰਜਕਾਲ ਨੂੰ ਮੁੱਖ ਰੱਖ ਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਮਜਬੂਤੀ ਲਈ ਅੱਗੇ ਆਉਣ ।ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੇ ਸੜਕੀ ਅਤੇ ਰੇਲ ਨੈਟਵਰਕ ਨੂੰ ਮਜਬੂਤ ਕਰਨ ਦੇ ਨਾਲ ਕਿਸਾਨਾਂ ਮਹਿਲਾਵਾਂ ਲਈ ਵੱਡੀਆਂ ਸਕੀਮਾਂ ਉਲੀਕੀਆਂ ਜਿਸ ਕਰਕੇ ਕੇਂਦਰ ਸਰਕਾਰ ਤੋਂ ਹਰ ਵਰਗ ਸੰਤੁਸ਼ਟ ਹੈ। ਇਸ ਮੌਕੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਕਾਰਗੁਜਾਰੀ ਤੇ ਸਵਾਲ ਚੱਕੇ, ਉੱਥੇ ਹੀ ਸੰਸਦ ਵਿੱਚ ਵਿਰੋਧੀ ਧਿਰਾਂਗੂ ਰਾਹੁਲ ਗਾਂਧੀ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੱਕੇ ਤੇ ਕਿਹਾ ਕਿ ਦੇਸ਼ ਵਿੱਚ ਭਾਜਪਾ ਦੀ ਅਗਵਾਈ ਵਿੱਚ ਹਰ ਵਰਗ ਤਰੱਕੀ ਵੱਲ ਹੈ ਅਤੇ ਪੰਜਾਬ ਨੂੰ ਵੀ ਭਾਜਪਾ ਦੀ ਤਾਕਤ ਦੀ ਲੋੜ ਹੈ।