Chandigarh University ਨੇ ਕੀਤੀ 'ਕਰੀਅਰ ਕਨਕਲੇਵ 360' ਦੀ ਮੇਜ਼ਬਾਨੀ, ਲਾਅ ਇੰਡਸਟਰੀ ਦੇ ਦਿੱਗਜਾਂ ਨੇ ਵਿਦਿਆਰਥੀਆਂ ਨੂੰ ਦਿੱਤੇ ਗੁਰੂ ਮੰਤਰ
ਜੱਜ ਬਣਨ ਤੋਂ ਪਹਿਲਾਂ ਤੁਹਾਨੂੰ ਇਮਾਨਦਾਰ ਵਕੀਲ, ਅਨੁਸ਼ਾਸਿਤ ਵਿਦਿਆਰਥੀ ਅਤੇ ਵਧੀਆ ਇਨਸਾਨ ਬਣਨਾ ਜ਼ਰੂਰੀ: ਹਰਲੀਨ ਏ ਸ਼ਰਮਾ, ਰਜਿਸਟਰਾਰ ਕਮ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਚੰਡੀਗੜ੍ਹ ਜੂਡੀਸ਼ੀਅਲ ਅਕਾਦਮੀ
'ਕੇਸ ਲੜਨਾ ਇੱਕ ਲੰਬੀ ਦੌੜ ਹੈ, ਕਾਨੂੰਨੀ ਕਿੱਤੇ ਵਿੱਚ ਜ਼ਿੰਦਗੀ ਭਰ ਕੁੱਝ ਨਵਾਂ ਸਿੱਖਣ ਦਾ ਜਜ਼ਬਾ ਚਾਹੀਦੈ : ਆਰਐਚਏ ਸਿਕੰਦਰ, ਸੁਪਰੀਮ ਕੋਰਟ ਦੇ ਵਕੀਲ
ਕਾਰਪੋਰੇਟ ਵਕੀਲ ਬਣਨ ਲਈ ਕਾਨੂੰਨ ਦੇ ਹਰ ਖੇਤਰ ਬਾਰੇ ਜਾਣਕਾਰੀ ਹੋਣਾ ਜ਼ਰੂਰੀ, ਵੱਖ-ਵੱਖ ਪ੍ਰਕਾਰ ਦੀਆਂ ਇੰਟਰਨਸ਼ਿਪ ਕਰਨ ਕਾਨੂੰਨ ਪੜ੍ਹਨ ਵਾਲੇ ਵਿਦਿਆਰਥੀ: ਰੋਹਿਤ ਕਾਂਬਲੇ, ਮੁੱਖ ਮੈਨੇਜਰ (ਲਾਅ), ਇੰਡੀਅਨ ਆਇਲ ਕਾਰਪੋਰੇਸ਼ਨ ਲਿਮੀਟੇਡ
ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਵਿਖੇ ਸ਼ਨੀਵਾਰ ਨੂੰ 'ਕਰੀਅਰ ਕਨਕਲੇਵ 360' ਕਰਵਾਇਆ ਗਿਆ, ਜਿਸ ਵਿੱਚ ਲਾਅ (ਕਾਨੂੰਨ) ਦੇ ਖੇਤਰ ਨਾਲ ਜੁੜੀਆਂ ਦਿੱਗਜ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਸੀਯੂ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਵੱਲੋਂ ਕਰਵਾਏ ਗਏ ਇਸ ਕਨਕਲੇਵ ਦਾ ਮੁੱਖ ਉਦੇਸ਼ ਅਕਾਦਮਿਕ ਅਤੇ ਲਾਅ ਇੰਡਸਟਰੀ ਵਿਚਾਲੇ ਪਾੜੇ ਨੂੰ ਪੂਰਾ ਕਰਨਾ ਸੀ, ਜਿਸ ਵਿੱਚ ਲਿਟੀਗੇਸ਼ਨ (ਕੇਸ), ਕਾਰਪੋਰੇਟ ਲਾਅ, ਨਿਆਂ ਪਾਲਿਕਾ (ਜਿਊਡੀਸ਼ਰੀ), ਕਾਨੂੰਨੀ ਪੱਤਰਕਾਰੀ, ਐਡਵਾਈਜ਼ਰੀ ਸੇਵਾਵਾਂ ਅਤੇ ਹੋਰ ਵੱਖ-ਵੱਖ ਖੇਤਰਾਂ ਨਾਲ ਜੁੜੇ ਮਾਹਰ ਇੱਕ ਮੰਚ ਉੱਪਰ ਇਕੱਠੇ ਹੋਏ। ਇਨ੍ਹਾਂ ਮਾਹਰਾਂ ਵੱਲੋਂ ਕਾਨੂੰਨ ਦੀ ਪੜ੍ਹਾਈ ਪੜ੍ਹ ਰਹੇ ਵਿਦਿਆਰਥੀਆਂ ਨਾਲ ਲਾਅ ਦੀ ਸਮਝ ਅਤੇ ਇਸ ਕਿੱਤੇ ਨਾਲ ਜੁੜੀਆਂ ਵਿਹਾਰਕ ਜ਼ਰੂਰਤਾਂ, ਨੈਤਿਕ ਕਦਰਾਂ-ਕੀਮਤਾਂ ਅਤੇ ਬਦਲਦੀਆਂ ਉਮੀਦਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
'ਕਰੀਅਰ ਕਨਕਲੇਵ 360' ਵਿੱਚ ਸ਼ਾਮਲ ਹੋਣ ਵਾਲੀਆਂ ਦਿੱਗਜ ਸ਼ਖ਼ਸੀਅਤਾਂ ਵਿੱਚ ਚੰਡੀਗੜ੍ਹ ਜੂਡੀਸ਼ੀਅਲ ਅਕਾਦਮੀ ਦੀ ਰਜਿਸਟਰਾਰ- ਕਮ-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਲੀਨ ਏ ਸ਼ਰਮਾ, ਖੈਤਾਨ ਐਂਡ ਕੰਪਨੀ (ਨਵੀਂ ਦਿੱਲੀ) ਦੇ ਪ੍ਰਿੰਸੀਪਲ ਐਸੋਸੀਏਟ ਅਕਸ਼ੈ ਪਾਠਕ, ਸੁਪਰੀਮ ਕੋਰਟ ਦੇ ਵਕੀਲ ਆਨ ਰਿਕਾਰਡ ਆਰਐਚਏ ਸਿਕੰਦਰ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮੀਟੇਡ ਦੇ ਮੁੱਖ ਮੈਨੇਜਰ (ਲਾਅ) ਰੋਹਿਤ ਕਾਂਬਲੇ, ਐਮਆਰਪੀ ਐਡਵਾਈਜ਼ਰੀ ਦੇ ਪ੍ਰਿੰਸੀਪਲ ਐਸੋਸੀਏਟ ਨਿਖਿਲ ਰਾਮਦੇਵ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਵਕੀਲ ਸਾਹਿਬਾ ਸਿੱਧੂ ਸ਼ਾਮਲ ਸਨ।
ਆਪਣੇ ਸੰਬੋਧਨ ਵਿੱਚ, ਚੰਡੀਗੜ੍ਹ ਜੂਡੀਸ਼ੀਅਲ ਅਕਾਦਮੀ ਦੀ ਰਜਿਸਟਰਾਰ ਕਮ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਲੀਨ ਏ ਸ਼ਰਮਾ ਨੇ ਕਿਹਾ, "ਨਿਆਂ ਪਾਲਿਕਾ ਨੂੰ ਉੱਤਮਤਾ ਦੀ ਨਹੀਂ, ਬਲਕਿ ਤਿਆਰੀ ਅਤੇ ਮਕਸਦ ਦੀ ਜ਼ਰੂਰਤ ਹੁੰਦੀ ਹੈ। ਵਕੀਲ ਤੋਂ ਜੱਜ ਬਣਨ ਤੱਕ ਦਾ ਸਫ਼ਰ ਕਾਫ਼ੀ ਮੁਸ਼ਕਲ ਹੁੰਦਾ ਹੈ। ਇਸ ਕਰਕੇ ਚੰਗੀ ਤਰ੍ਹਾਂ ਪੜ੍ਹਾਈ ਕਰੋ, ਖੁੱਲੀ ਸੋਚ ਰੱਖੋ ਅਤੇ ਨਿਰਭੈ ਹੋ ਕੇ ਲਿਖੋ। ਇੱਜ਼ਤ ਨਾਲ ਬਹਿਸਬਾਜ਼ੀ ਕਰੋ ਅਤੇ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਉੱਪਰ ਟਿਕੇ ਰਹੋ। ਭਵਿੱਖ ਦੇ ਜੱਜਾਂ ਦੇ ਤੌਰ 'ਤੇ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਨਸਾਫ਼ ਜਿੱਤ- ਹਾਰ ਬਾਰੇ ਨਹੀਂ ਹੈ, ਇਹ ਨਿਰਪੱਖਤਾ ਬਾਰੇ ਹੈ। ਹਰ ਫ਼ੈਸਲੇ ਅਤੇ ਆਦੇਸ਼ ਵਿੱਚ ਜ਼ਿੰਦਗੀ ਬਦਲਣ, ਕਿਸੇ ਦੀ ਸਾਖ਼ ਬਚਾਉਣ, ਆਜ਼ਾਦੀ ਦੀ ਰੱਖਿਆ ਕਰਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਬਣਾਏ ਰੱਖਣ ਦੀ ਤਾਕਤ ਹੁੰਦੀ ਹੈ, ਪਰ ਯਾਦ ਰੱਖੋ ਜੱਜ ਬਣਨ ਤੋਂ ਪਹਿਲਾਂ ਤੁਹਾਨੂੰ ਇੱਕ ਇਮਾਨਦਾਰ ਵਕੀਲ, ਅਨੁਸ਼ਾਸਨ ਪਸੰਦ ਵਿਦਿਆਰਥੀ ਅਤੇ ਹਮਦਰਦੀ ਰੱਖਣ ਵਾਲਾ ਇਨਸਾਨ ਬਣਨਾ ਪਵੇਗਾ।"
ਉਨ੍ਹਾਂ ਨੇ ਅੱਗੇ ਕਿਹਾ, "ਦੇਸ਼ ਦੀ ਸੇਵਾ ਕਰਨਾ, ਇਨਸਾਫ਼ ਦਿਵਾਉਣਾ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨਾ ਬਹੁਤ ਹੀ ਸਕੂਨ ਭਰਿਆ ਅਹਿਸਾਸ ਹੈ। ਇਸ ਕਰਕੇ ਤੁਹਾਡਾ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਆਪਣੀ ਸੇਵਾ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਓ।"
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸੁਪਰੀਮ ਕੋਰਟ ਦੇ ਵਕੀਲ ਆਨ ਰਿਕਾਰਡ ਆਰਐਚਏ ਸਿਕੰਦਰ ਨੇ ਕਿਹਾ, "ਕੇਸ ਦੀ ਪੈਰਵਾਈ ਇੱਕ ਲੰਬੀ ਦੌੜ ਵਾਂਗ ਹੈ, ਕਾਨੂੰਨੀ ਕਿੱਤੇ ਵਿੱਚ ਤੁਹਾਡੇ ਅੰਦਰ ਹਮੇਸ਼ਾ ਕੁੱਝ ਨਵਾਂ ਸਿੱਖਦੇ ਰਹਿਣ ਦਾ ਜਜ਼ਬਾ ਹੋਣਾ ਚਾਹੀਦਾ ਹੈ, ਵਕੀਲਾਂ ਨੂੰ ਕੇਸ ਦਾ ਡ੍ਰਾਫ਼ਟ ਬਣਾਉਣ ਅਤੇ ਬਹਿਸ ਕਰਨ ਲਈ ਤੱਥਾਂ ਨੂੰ ਕਲੀਅਰ ਕਰਨ ਲਈ ਪੜ੍ਹਾਈ ਕਰਨ ਲਈ ਸਮਾਂ ਚਾਹੀਦਾ ਹੁੰਦਾ ਹੈ।"
ਉਨ੍ਹਾਂ ਅੱਗੇ ਕਿਹਾ, "ਕਾਨੂੰਨੀ ਕਿੱਤੇ ਵਿੱਚ ਤੁਸੀਂ ਪੂਰੀ ਜ਼ਿੰਦਗੀ ਕੁੱਝ ਨਾ ਕੁੱਝ ਸਿੱਖਦੇ ਰਹਿੰਦੇ ਹੋ। ਮੁਕੱਦਮੇਬਾਜ਼ੀ ਜਾਂ ਲਾਅ ਕੋਈ ਕੁੱਝ ਘੰਟੇ ਚੱਲਣ ਵਾਲਾ ਸ਼ੋਅ ਨਹੀਂ ਹੈ, ਬਲਕਿ ਇਹ ਇੱਕ ਲੰਬੀ ਦੌੜ ਹੈ। ਇਸ ਵਿੱਚ ਸਭ ਤੋਂ ਜ਼ਰੂਰੀ ਹੁਨਰ ਹੈ ਡ੍ਰਾਫ਼ਟਿੰਗ। ਇਸ ਤੋਂ ਪਹਿਲਾਂ ਕਿ ਅਸੀਂ ਕੋਰਟ ਵਿੱਚ ਬੋਲੀਏ, ਕਾਨੂੰਨੀ ਅਧਿਕਾਰੀ ਨੇ ਫ਼ਾਈਲ ਪੜ੍ਹੀ ਹੁੰਦੀ ਹੈ ਅਤੇ ਤੁਸੀਂ ਆਪਣੇ ਕੇਸ ਬਾਰੇ ਜਿਨ੍ਹਾਂ ਸਾਫ਼ ਹੋਵੋਗੇ, ਜੱਜ ਲਈ ਉਨੀਂ ਹੀ ਆਸਾਨੀ ਹੋਵੇਗੀ, ਜਿਨ੍ਹਾਂ ਦੇ ਬੋਰਡ ਵਿੱਚ 120 ਤੱਕ ਕੇਸ ਹੁੰਦੇ ਹਨ। ਹਰ ਪਟੀਸ਼ਨ, ਸੰਖੇਪ (ਸਿਨਾਪਸਿਸ) ਅਤੇ ਤਰੀਕਾਂ ਦੀ ਲਿਸਟ ਨਾਲ ਸ਼ੁਰੂ ਹੁੰਦੀ ਹੈ। ਸੰਖੇਪ ਦਾ ਮਤਲਬ ਸੰਖੇਪ ਹੁੰਦਾ ਹੈ ਇਹ ਨਾ ਤਾਂ ਬਹੁਤ ਜ਼ਿਆਦਾ ਡੂੰਘਾਈ ਵਿੱਚ ਜਾਂਦਾ ਹੈ ਤੇ ਨਾ ਬਹੁਤ ਘੱਟ। ਜੇਕਰ ਤੁਹਾਡਾ ਡ੍ਰਾਫ਼ਟ ਬਹੁਤ ਵਧੀਆ ਹੈ, ਤੁਸੀਂ ਆਪਣੇ ਤੱਥ ਸਹੀ ਢੰਗ ਨਾਲ ਪੇਸ਼ ਕੀਤੇ ਹਨ, ਤੁਸੀਂ ਆਪਣੇ ਕੇਸ ਨੂੰ ਜੱਜ ਦੇ ਸਾਹਮਣੇ ਸਹੀ ਢੰਗ ਨਾਲ ਰੱਖਿਆ ਹੈ ਤਾਂ ਸਮਝੋ ਕਿ ਤੁਹਾਡਾ ਅੱਧਾ ਕੰਮ ਉੱਥੇ ਹੀ ਹੋ ਗਿਆ। ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਕੇਸ ਸਟੱਡੀ ਵੱਲ ਧਿਆਨ ਦਿਓ, ਲਾਈਬ੍ਰੇਰੀ ਵਿੱਚ ਵੱਧ ਸਮਾਂ ਬਿਤਾਓ। ਜਿਨ੍ਹਾਂ ਤੁਸੀਂ ਪੜ੍ਹਾਈ ਕਰੋਗੇ, ਉਨ੍ਹਾਂ ਹੀ ਸਾਫ਼ ਅਤੇ ਸਪੱਸ਼ਟ ਢੰਗ ਦੇ ਨਾਲ ਆਪਣੇ ਤੱਥ ਪੇਸ਼ ਕਰ ਸਕੋਗੇ ਅਤੇ ਬਹਿਸ ਕਰਦੇ ਸਮੇਂ ਤੁਸੀਂ ਆਤਮਵਿਸ਼ਵਾਸ ਨਾਲ ਭਰਪੂਰ ਰਹੋਗੇ।"
ਖੈਤਾਨ ਐਂਡ ਕੰਪਨੀ (ਨਵੀਂ ਦਿੱਲੀ) ਦੇ ਪ੍ਰਿੰਸੀਪਲ ਐਸੋਸੀਏਟ ਅਕਸ਼ੈ ਪਾਠਕ ਨੇ ਕਿਹਾ, "ਤੁਸੀਂ ਲਾਅ (ਕਾਨੂੰਨ) ਪ੍ਰੈਕਟਿਸ ਦਾ ਕਿਹੜਾ ਖੇਤਰ ਚੁਣਨ ਜਾ ਰਹੇ ਹੋ, ਇਹ ਤੈਅ ਕਰਨ ਤੋਂ ਪਹਿਲਾਂ ਸਭ ਕੁੱਝ ਆਜ਼ਮਾਓ। ਆਖ਼ਰੀ ਫ਼ੈਸਲਾ ਲੈਣ ਤੋਂ ਪਹਿਲਾਂ ਹਰ ਖੇਤਰ ਵਿੱਚ ਆਪਣੇ ਹੁਨਰ ਦੀ ਆਜ਼ਮਾਇਸ਼ ਕਰੋ। ਲਾਅ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਚੁਣਨੀ ਚਾਹੀਦੀ ਹੈ, ਇੰਟਰਨਸ਼ਿਪ ਦੇ ਮੌਕੇ ਦੀ ਜ਼ਰੂਰਤ ਦੇ ਹਿਸਾਬ ਨਾਲ ਆਪਣਾ ਬਾਇਓ ਡਾਟਾ (ਜੀਵਨ ਵੇਰਵਾ ਜਾਂ ਪ੍ਰੋਫ਼ਾਈਲ) ਤਿਆਰ ਕਰਨਾ ਚਾਹੀਦਾ ਹੈ ਅਤੇ ਮੈਂਟਰ ਲੱਭਣ ਲਈ ਕਾਨੂੰਨੀ ਅਧਿਕਾਰੀਆਂ ਨਾਲ ਨੈੱਟਵਰਕ ਬਣਾਉਣਾ ਚਾਹੀਦਾ ਹੈ। ਕਿਉਂਕਿ ਤੁਸੀਂ ਲਾਅ ਸਕੂਲ/ਕਾਲਜ ਵਿੱਚ ਜੋ ਸਿੱਖਦੇ ਹੋ, ਉਹ ਕਿਸੇ ਲਾਅ ਕੰਪਨੀ ਜਾਂ ਕੋਰਟ ਵਿੱਚ ਪ੍ਰੈਕਟਿਸ ਕਰਨ ਤੋਂ ਬਹੁਤ ਵੱਖਰਾ ਹੁੰਦਾ ਹੈ।"
ਇੰਡੀਅਨ ਆਇਲ ਕਾਰਪੇਸ਼ਨ ਲਿਮੀਟੇਡ ਦੇ ਮੁੱਖ ਮੈਨੇਜਰ (ਲਾਅ) ਰੋਹਿਤ ਕਾਂਬਲੇ ਨੇ ਕਿਹਾ ਕਿ ਇੱਕ ਇਨ ਹਾਊਸ ਲੀਗਲ ਕੌਂਸਲ ਦੀ ਅਹਿਮ ਭੂਮਿਕਾ ਹੁੰਦੀ ਹੈ ਕਿ ਕੇਸ ਵਿੱਚ ਕਿਵੇਂ ਨਾ ਪਿਆ ਜਾਵੇ ਜਾਂ ਕੇਸ ਤੋਂ ਕਿਵੇਂ ਬਚਿਆ ਜਾਵੇ। ਇੱਥੇ ਹੀ ਸਾਡੀ ਭੂਮਿਕਾ ਦਾ ਮਹੱਤਵ ਹੁੰਦਾ ਹੈ। ਭਾਰਤੀ ਅਰਥਵਿਵਸਥਾ ਹਾਲੇ ਲਗਭਗ 4.2 ਟ੍ਰਿਲੀਅਨ ਹੈ ਅਤੇ ਇਸ ਦੇਸ਼ ਵਿੱਚ ਮੌਜੂਦ ਜ਼ਿਆਦਾਤਰ ਵੱਡੇ ਕਾਰੋਬਾਰੀਆ ਕੋਲ ਵੱਡੀ ਕਾਨੂੰਨੀ ਟੀਮ ਹੁੰਦੀ ਹੈ। ਇੰਡੀਅਨ ਆਇਲ ਵਿੱਚ, ਸਾਡੇ ਕੋਲ ਲਗਭਗ 100 ਵਕੀਲ ਹਨ ਜੋ ਇੰਡੀਅਨ ਆਇਲ ਵਿੱਚ ਇਨ ਹਾਊਸ ਕੰਮ ਕਰ ਰਹੇ ਹਨ, ਸਿਰਫ਼ ਇਹ ਦੇਖਣ ਲਈ ਕਿ ਕੇਸ ਨੂੰ ਕਿਵੇਂ ਰੋਕਿਆ ਜਾਵੇ, ਇਹ ਦੇਖਣ ਲਈ ਕਿ ਅਸੀਂ ਆਪਣੇ ਕੰਟਰੈਕਟ ਕਿਵੇਂ ਬਣਾਉਂਦਾ ਹਾਂ। ਇਸ ਕਰਕੇ ਇੱਕ ਇਨ ਹਾਊਸ ਲੀਗਲ ਕੌਂਸਲ ਲਈ ਅਲੱਗ-ਅਲੱਗ ਤਰ੍ਹਾਂ ਦੇ ਕਾਨੂੰਨਾਂ ਦੀ ਸਮਝ ਜਾਂ ਮੁੱਢਲੀ ਜਾਣਕਾਰੀ ਹੋਣਾ ਵੀ ਜ਼ਰੂਰੀ ਹੈ। ਅੱਜ ਲਾਅ ਤੋਂ ਗ੍ਰੈਜੁਏਟ ਹੋਣ ਤੋਂ ਬਾਅਦ ਲਾਅ ਦੇ ਵਿਿਦਿਆਰਥੀਆਂ ਨੂੰ ਇਨ ਹਾਊਸ ਲੀਗਲ ਕੌਂਸਲ ਦੇ ਤੌਰ 'ਤੇ ਨੌਕਰੀ ਮਿਲਣ ਦੇ ਰਾਹ ਖੁੱਲ੍ਹੇ ਹਨ। ਇਸ ਲਈ ਜਿਨ੍ਹਾਂ ਹੋ ਸਕੇ ਅਲੱਗ-ਅਲੱਗ ਤਰ੍ਹਾਂ ਦੀ ਇੰਟਰਨਸ਼ਿਪ ਦੀ ਕੋਸ਼ਿਸ਼ ਕਰੋ। ਭਾਵੇਂ ਉਹ ਲਾਅ ਕੰਪਨੀਆਂ ਵਿੱਚ ਹੋਵੇ, ਜਾਂ ਫਿਰ ਅਲੱਗ-ਅਲੱਗ ਤਰ੍ਹਾਂ ਦੀਆਂ ਕੰਪਨੀਆਂ ਵਿੱਚ ਸ਼ਾਮਲ ਹੋਵੇ, ਜੋ ਕਾਨੂੰਨੀ ਵਿਭਾਗ ਨਾਲ ਜੁੜੀਆਂ ਹਨ।“