ਲੁਧਿਆਣਾ ISBT 'ਤੇ ਹਾਦਸਿਆਂ ਦਾ ਕਹਿਰ: ਮਨੁੱਖੀ ਅਧਿਕਾਰ ਕਮਿਸ਼ਨ ਹੋਇਆ ਸਖ਼ਤ; DC ਅਤੇ MC ਕਮਿਸ਼ਨਰ ਤਲਬ
ਸੁਖਮਿੰਦਰ ਭੰਗੂ
ਲੁਧਿਆਣਾ, 14 ਫਰਵਰੀ 2026- ਲੁਧਿਆਣਾ ਦੇ ਸਭ ਤੋਂ ਵਿਅਸਤ ਇੰਟਰਸਟੇਟ ਬੱਸ ਟਰਮੀਨਲ (ISBT) ਦੇ ਬਾਹਰ ਬਣਿਆ ਫਲਾਈਓਵਰ ਯਾਤਰੀਆਂ ਲਈ 'ਮੌਤ ਦਾ ਫੰਦਾ' ਬਣ ਗਿਆ ਹੈ। ਫਲਾਈਓਵਰ ਤੋਂ ਤੇਜ਼ ਰਫ਼ਤਾਰ ਨਾਲ ਉਤਰਦੀਆਂ ਗੱਡੀਆਂ ਅਤੇ ਸੜਕ ਪਾਰ ਕਰਦੇ ਪੈਦਲ ਯਾਤਰੀਆਂ ਵਿਚਕਾਰ ਹੋ ਰਹੀਆਂ ਟੱਕਰਾਂ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਪ੍ਰਸ਼ਾਸਨ ਦੀ ਇਸ ਵੱਡੀ ਲਾਪਰਵਾਹੀ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ (PSHRC) ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ।
ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਅਤੇ ਮੈਂਬਰ ਜਸਟਿਸ ਗੁਰਬੀਰ ਸਿੰਘ ਨੇ ਸ਼ਿਕਾਇਤਕਰਤਾ ਵੱਲੋਂ ਦਿੱਤੀ ਗਈ ਸ਼ਿਕਾਇਤ (Complaint No 204/10/2026) 'ਤੇ ਕਾਰਵਾਈ ਕਰਦੇ ਹੋਏ ਕਮਿਸ਼ਨਰ ਨਗਰ ਨਿਗਮ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਨੋਟਿਸ ਜਾਰੀ ਕੀਤੇ ਹਨ।
ਕਮਿਸ਼ਨ ਵੱਲੋਂ ਸਖ਼ਤ ਹਦਾਇਤਾਂ
ਕਮਿਸ਼ਨ ਨੇ ਦੋਵਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ 12 ਮਾਰਚ 2026 ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਇਸ ਮਾਮਲੇ 'ਤੇ ਆਪਣੀ ਵਿਸਤ੍ਰਿਤ ਰਿਪੋਰਟ ਸੌਂਪਣ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ISBT ਦੇ ਬਾਹਰ ਫੁੱਟਓਵਰ ਬ੍ਰਿਜ ਜਾਂ ਅੰਡਰਪਾਸ ਨਾ ਹੋਣ ਕਾਰਨ ਪੈਦਲ ਚੱਲਣ ਵਾਲੇ ਲੋਕ ਆਪਣੀ ਜਾਨ ਦਾਅ 'ਤੇ ਲਗਾ ਕੇ ਸੜਕ ਪਾਰ ਕਰਨ ਲਈ ਮਜਬੂਰ ਹਨ।
ਪੁਲਿਸ ਕਮਿਸ਼ਨਰ ਵੀ ਲਿਖ ਚੁੱਕੇ ਹਨ ਪੱਤਰ
ਸੂਤਰਾਂ ਅਨੁਸਾਰ, ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਕਮਿਸ਼ਨਰ ਦਫ਼ਤਰ ਵੱਲੋਂ ਵੀ ਨਗਰ ਨਿਗਮ ਨੂੰ ਪੱਤਰ ਲਿਖਿਆ ਗਿਆ ਸੀ। ਸ਼ਿਕਾਇਤਕਰਤਾ ਨੇ ਸੁਝਾਅ ਦਿੱਤਾ ਹੈ ਕਿ ਭਾਰਤ ਨਗਰ ਚੌਕ ਦੇ ਸਾਹਮਣੇ (ਗਰਲਜ਼ ਗਵਰਨਮੈਂਟ ਕਾਲਜ ਦੇ ਨੇੜੇ) ਤੋਂ ਉਤਾਰਿਆ ਗਿਆ ਫੁੱਟਓਵਰ ਬ੍ਰਿਜ ਇੱਥੇ ISBT ਫਲਾਈਓਵਰ 'ਤੇ ਲਗਾਇਆ ਜਾ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।