ਮਾਂ ਵੱਲੋਂ ਆਪਣੀ ਭੈਣ ਅਤੇ ਕਥਿਤ ਪ੍ਰੇਮੀ ਨਾਲ ਮਿਲਕੇ ਆਪਣੇ ਦੋ ਮਾਸੂਮ ਬੱਚਿਆਂ ਦਾ ਕਤਲ
ਅਸ਼ੋਕ ਵਰਮਾ
ਬਠਿੰਡਾ, 14 ਫਰਵਰੀ 2026 : ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਇਲਾਕੇ ਵਿੱਚ ਸਥਿਤ ਪਿੰਡ ਫੂਲੇਵਾਲਾ ਵਿਖੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਕਲਯੁਗੀ ਮਾਂ ਨੇ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਜਹਿਰ ਦੇ ਕੇ ਮਾਰ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਮਾਸੂਮਾਂ ਦੀ ਮਾਂ , ਉਸਦੀ ਸਕੀ ਭੈਣ ਅਤੇ ਕਥਿਤ ਪ੍ਰੇਮੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਫੂਲ ਪੁਲਿਸ ਨੇ ਕਲਯੁਗੀ ਮਾਂ ਜੱਸੀ ਕੌਰ ਅਤੇ ਉਸਦੀ ਭੈਣ ਮੋਟੋ ਕੌਰ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਕਥਿਤ ਪ੍ਰੇਮੀ ਫਰਾਰ ਦੱਸਿਆ ਗਿਆ ਹੈ।ਡੀਐਸਪੀ ਫੂਲ ਮਨੋਜ ਕੁਮਾਰ ਨੇ ਦੱਸਿਆ ਕਿ ਪੁਲਿਸ ਕੋਲ ਪਿੰਡ ਫੂਲੇਵਾਲਾ ਦੇ ਬੁੱਧ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਕੁੱਝ ਦਿਨ ਪਹਿਲਾਂ ਉਸ ਦੀ 8 ਸਾਲਾਂ ਲੜਕੀ ਸੁਖਪ੍ਰੀਤ ਕੌਰ ਦੀ ਅਚਾਨਕ ਮੌਤ ਹੋ ਗਈ ਸੀ । ਉਸਨੇ ਦੱਸਿਆ ਕਿ ਉਸਨੇ ਘਰ ਵਾਲੀ ਦੇ ਕਹਿਣ ‘ਤੇ ਉਸ ਨੂੰ ਕੁਦਰਤੀ ਮੌਤ ਮੰਨਦਿਆਂ ਅੰਤਿਮ ਸੰਸਕਾਰ ਕਰ ਦਿੱਤਾ।
ਉਸ ਨੇ ਦੱਸਿਆ ਹੁਣ ਬੀਤੇ ਕੱਲ੍ਹ ਉਸ ਦੇ 6 ਸਾਲਾਂ ਪੁੱਤਰ ਫ਼ਤਿਹਵੀਰ ਸਿੰਘ ਦੀ ਵੀ ਇਸੇ ਤਰ੍ਹਾਂ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਉਸ ਨੂੰ ਸ਼ੱਕ ਹੈ ਕਿ ਉਸ ਦੀ ਪਤਨੀ ਨੇ ਬੱਚਿਆਂ ਨੂੰ ਮਾਰਿਆ ਹੈ। ਡੀਐਸਪੀ ਫੂਲ ਮਨੋਜ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਹਰਕਤ ਵਿਚ ਆਈ ਤੇ ਸ਼ੱਕ ਦੇ ਆਧਾਰ 'ਤੇ ਬੁੱਧ ਸਿੰਘ ਦੀ ਪਤਨੀ ਜੱਸੀ ਕੌਰ ਕੋਲੋਂ ਸਖ਼ਤੀ ਨਾਲ ਪੁਛਗਿਛ ਕੀਤੀ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਭੋਜਨ ਵਿੱਚ ਕੋਈ ਜ਼ਹਰੀਲਾ ਪਦਾਰਥ ਦਿੱਤੇ ਜਾਣ ਦੀ ਸੰਭਾਵਨਾ ਹੈ। ਬੱਚਿਆਂ ਦੇ ਪਿਤਾ ਬੁੱਧ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਫੂਲ ਵਿਖੇ ਮਾਤਾ ਜੱਸੀ ਕੌਰ, ਉਸਦੀ ਭੈਣ ਮੋਟੋ ਕੌਰ ਅਤੇ ਲੱਖੀ ਸਿੰਘ ਨਾਂ ਦੇ ਵਿਅਕਤੀ ਵਿਰੁਧ ਕਤਲ ਦਾ ਪਰਚਾ ਦਰਜ਼ ਕਰ ਲਿਆ ਹੈ । ਪੁਲਿਸ ਨੇ ਜੱਸੀ ਕੌਰ ਤੇ ਮੋਟੋ ਕੌਰ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।। ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਜਿਸ ਤੋਂ ਬਾਅਦ ਸੱਚਾਈ ਸਾਹਮਣੇ ਆਉਣ ਦੀ ਸੰਭਾਵਨਾ ਹੈ।