ਮੋਹਾਲੀ ਪੁਲਿਸ ਦਾ 'ਆਪਰੇਸ਼ਨ ਕਲੀਨ-ਅੱਪ': 8 ਮਹੀਨਿਆਂ 'ਚ 204 ਭਗੌੜੇ ਅਪਰਾਧੀ ਸੂਚੀ 'ਚੋਂ ਬਾਹਰ
ਮੋਹਾਲੀ ਪੁਲਿਸ ਦੀ ਭਗੌੜੇ ਅਪਰਾਧੀਆਂ ਵਿਰੁੱਧ ਵੱਡੀ ਕਾਰਵਾਈ; 1 ਜੂਨ 2025 ਤੋਂ 13 ਫਰਵਰੀ 2026 ਤੱਕ 204 ਪੀ.ਓਜ਼ ਗ੍ਰਿਫਤਾਰ/ ਪੀ ਓ ਲਿਸਟ ਚੋਂ ਬਾਹਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਫ਼ਰਵਰੀ 2026- ਜ਼ਿਲ੍ਹਾ ਐਸ.ਏ.ਐਸ. ਨਗਰ ਪੁਲਿਸ ਵੱਲੋਂ ਭਗੌੜੇ ਅਪਰਾਧੀਆਂ (ਪੀ.ਓਜ਼) ਵਿਰੁੱਧ ਚਲਾਈ ਸੰਗਠਿਤ ਮੁਹਿੰਮ ਤਹਿਤ ਮਿਤੀ 1 ਜੂਨ 2025 ਤੋਂ 13 ਫਰਵਰੀ 2026 ਤੱਕ ਕੁੱਲ 204 ਭਗੋੜਿਆਂ ਨੂੰ ਗ੍ਰਿਫਤਾਰ ਕਰਨ/ਪੀ.ਓ. ਸੂਚੀ ਵਿੱਚੋਂ ਬਾਹਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ ਅਨੁਸਾਰ ਭਗੌੜੇ ਅਪਰਾਧੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਪੀ.ਓ. ਸਟਾਫ ਗਠਿਤ ਕਰਕੇ ਭਗੌੜਿਆਂ ਨੂੰ ਫੜਨ ਦਾ ਵਿਸ਼ੇਸ਼ ਟਾਸਕ ਦਿੱਤਾ ਗਿਆ ਹੈ। ਇਹ ਮੁਹਿੰਮ ਸ੍ਰੀ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਸ੍ਰੀ ਅਜੀਤਪਾਲ ਸਿੰਘ, ਉਪ ਕਪਤਾਨ ਪੁਲਿਸ (ਕ੍ਰਾਈਮ ਅਗੇਂਸਟ ਵੂਮੈਨ ਐਂਡ ਚਾਇਲਡ) ਅਤੇ ਪਹਿਲਾਂ ਤਾਇਨਾਤ ਸ੍ਰੀ ਨਵੀਨ ਪਾਲ ਸਿੰਘ ਲਹਿਲ, ਉਪ ਕਪਤਾਨ ਪੁਲਿਸ (ਸਪੈਸ਼ਲ ਕਰਾਈਮ) ਦੀ ਰਹਿਨੁਮਾਈ ਅਤੇ ਨਿਗਰਾਨੀ ਹੇਠ ਚਲਾਈ ਗਈ।
ਇਸ ਮੁਹਿੰਮ ਤਹਿਤ ਕਈ ਅਹਿਮ ਮਾਮਲਿਆਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ। ਜਿਵੇਂ ਕਿ ਦੋਸ਼ੀ/ਪੀ.ਓ ਸੰਦੀਪ ਸਿੰਘ ਉਰਫ ਸੰਨੀ ਪੁੱਤਰ ਜਸਪਾਲ ਖੁਰਮੀ ਵਾਸੀ ਪਿੰਡ ਮਹਿਤਪੁਰ ਜ਼ਿਲ੍ਹਾ ਜਲੰਧਰ (ਹਾਲ ਵਾਸੀ ਚੰਡੀਗੜ੍ਹ) ਨੂੰ ਮੁਕੱਦਮਾ ਨੰਬਰ 89 ਮਿਤੀ 17.06.2020 ਅਧੀਨ ਧਾਰਾਵਾਂ 392, 379-ਬੀ, 34 ਆਈ.ਪੀ.ਸੀ. ਅਤੇ 25/54/59 ਆਰਮਜ਼ ਐਕਟ ਥਾਣਾ ਮਟੌਰ ਮੋਹਾਲੀ ਵਿੱਚ ਮਿਤੀ 03.02.2026 ਨੂੰ ਗ੍ਰਿਫਤਾਰ ਕੀਤਾ ਗਿਆ। ਉਕਤ ਦੋਸ਼ੀ ਨੇ ਪੰਜਾਬ ਨੈਸ਼ਨਲ ਬੈਂਕ ਸੈਕਟਰ-67 ਫੇਜ਼-3ਏ ਮੋਹਾਲੀ ਵਿੱਚ ਪਿਸਤੌਲ ਦੀ ਨੋਕ ‘ਤੇ ਡਕੈਤੀ ਕੀਤੀ ਸੀ ਅਤੇ ਮਾਨਯੋਗ ਅਦਾਲਤ ਵੱਲੋਂ ਭਗੋੜਾ ਘੋਸ਼ਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸ ਖਿਲਾਫ ਥਾਣਾ ਸਿਟੀ ਖਰੜ ਵਿੱਚ ਵੀ ਕੇਸ ਦਰਜ ਹੈ ਅਤੇ ਪੰਜਾਬ, ਚੰਡੀਗੜ੍ਹ ਅਤੇ ਯੂ.ਪੀ. ਵਿੱਚ ਕਰੀਬ 20 ਹੋਰ ਮੁਕੱਦਮੇ ਦਰਜ ਹਨ।
ਇਸੇ ਤਰ੍ਹਾਂ ਦੋਸ਼ੀ/ਪੀ.ਓ ਗੌਰਵ ਕੁਮਾਰ ਪੁੱਤਰ ਸਤਵੀਰ ਸਿੰਘ ਵਾਸੀ ਪਿੰਡ ਪਿੱਪਲਾ, ਜ਼ਿਲ੍ਹਾ ਬੁਲੰਦਸ਼ਹਿਰ (ਯੂ.ਪੀ.), ਜੋ ਨੋਇਡਾ ਵਿੱਚ ਛੁਪ ਕੇ ਰਹਿ ਰਿਹਾ ਸੀ, ਨੂੰ ਮਿਤੀ 06.11.2025 ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੇ ਖਿਲਾਫ ਮੁਕੱਦਮਾ ਨੰਬਰ 150 ਮਿਤੀ 23.09.2017 ਅਧੀਨ ਧਾਰਾਵਾਂ 302, 411, 449, 465, 468, 471, 201 ਆਈ.ਪੀ.ਸੀ. ਥਾਣਾ ਮਟੌਰ ਮੋਹਾਲੀ ਵਿੱਚ ਦਰਜ ਹੈ। ਦੋਸ਼ੀ ਨੇ ਪ੍ਰੈਸ ਰਿਪੋਰਟਰ ਕਰਨਜੀਤ ਸਿੰਘ ਉਰਫ ਕੇ.ਜੇ. ਸਿੰਘ ਅਤੇ ਉਸ ਦੀ ਮਾਤਾ ਗੁਰਚਰਨ ਕੌਰ ਦਾ ਘਰ ਵਿੱਚ ਦਾਖਲ ਹੋ ਕੇ ਕਤਲ ਕੀਤਾ ਸੀ ਅਤੇ ਅਦਾਲਤ ਵੱਲੋਂ 2022 ਵਿੱਚ ਭਗੋੜਾ ਘੋਸ਼ਿਤ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਦੋਸ਼ੀ/ਪੀ.ਓ ਮਹਾਵੀਰ ਸਿੰਘ ਉਰਫ ਗੱਬਰ ਪੁੱਤਰ ਹਰਪਾਲ ਸਿੰਘ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਨੂੰ, ਜਿਸ ਖਿਲਾਫ ਥਾਣਾ ਮੁੱਲਾਂਪੁਰ ਵਿੱਚ ਧਾਰਾਵਾਂ 379, 380, 411, 482 ਆਈ.ਪੀ.ਸੀ. ਅਤੇ 25/54/59 ਆਰਮਜ਼ ਐਕਟ ਤਹਿਤ ਕੇਸ ਦਰਜ ਸੀ, ਮਿਤੀ 12.02.2026 ਨੂੰ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਭਗੌੜਿਆਂ ਨੂੰ ਫੜਨ ਦੀ ਮੁਹਿੰਮ ਤਹਿਤ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਪੀ.ਓਜ਼ ਨੂੰ ਵੀ ਟਰੇਸ ਕੀਤਾ ਗਿਆ ਹੈ। ਮਿਤੀ 01.06.2025 ਤੋਂ 13.02.2026 ਤੱਕ ਥਾਣਿਆਂ ਅਤੇ ਪੀ.ਓ. ਸਟਾਫ ਵੱਲੋਂ 299 ਸੀ.ਆਰ.ਪੀ.ਸੀ. (335 ਬੀ.ਐਨ.ਐਸ.ਐਸ.) ਦੇ 197 ਅਤੇ 82/83 ਸੀ.ਆਰ.ਪੀ.ਸੀ. (84/85 ਬੀ.ਐਨ.ਐਸ.ਐਸ.) ਦੇ 7 ਪੀ.ਓਜ਼ ਸਮੇਤ ਕੁੱਲ 204 ਪੀ.ਓਜ਼ ਗ੍ਰਿਫਤਾਰ/ਪੀ ਓ ਸੂਚੀ ਵਿੱਚੋਂ ਬਾਹਰ ਕੀਤੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ 119 ਪੀ.ਓਜ਼ ਗ੍ਰਿਫਤਾਰ ਕੀਤੇ ਗਏ, 63 ਦੀ ਮੌਤ ਹੋਣ ਕਾਰਨ ਸੂਚੀ ਵਿੱਚੋਂ ਹਟਾਏ ਗਏ, 8 ਨੂੰ ਸਜ਼ਾ/ਬਰੀ ਹੋਣ ‘ਤੇ ਸੂਚੀ ਵਿੱਚੋਂ ਹਟਾਇਆ ਗਿਆ, 6 ਮੁੜ ਅਦਾਲਤ ਵਿੱਚ ਹਾਜ਼ਰ ਹੋਏ ਅਤੇ 8 ਦੇ ਪੀ.ਓ ਆਦੇਸ਼ ਰੱਦ ਕੀਤੇ ਗਏ। ਉਨ੍ਹਾਂ ਕਿਹਾ ਕਿ ਭਗੌੜੇ ਅਪਰਾਧੀਆਂ ਵਿਰੁੱਧ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ ਸਾਰੇ ਅਪਰਾਧੀਆਂ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਿਪਟਿਆ ਜਾਵੇਗਾ।