Breaking: ਪੰਜਾਬ ਦੀ ਸਿਆਸਤ 'ਚ ਬਾਗੀ ਅਕਾਲੀਆਂ ਦੀ ਨਵੀਂ ਪਾਰੀ! ਪਾਰਟੀ ਰਜਿਸਟਰ ਕਰਵਾਉਣ ਲਈ ਵਫ਼ਦ ਮਿਲੇਗਾ ਚੋਣ ਕਮਿਸ਼ਨ ਨੂੰ!
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਵਫ਼ਦ ਮਿਲੇਗਾ ਚੋਣ ਕਮਿਸ਼ਨ ਨੂੰ, ਪਾਰਟੀ ਰਜਿਸਟਰ ਕਰਵਾਉਣ ਦੀ ਕਵਾਇਦ ਸ਼ੁਰੂ
Babushahi Network
ਚੰਡੀਗੜ੍ਹ, 7 ਜਨਵਰੀ 2026: ਪੰਜਾਬ ਦੀ ਸਿਆਸਤ ਵਿੱਚ ਅੱਜ ਇੱਕ ਨਵਾਂ ਮੋੜ ਆਉਣ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਬਾਗੀ ਆਗੂਆਂ ਦਾ ਸਮੂਹ, ਜੋ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ 'ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ' ਵਜੋਂ ਸਰਗਰਮ ਹੈ, ਅੱਜ ਆਪਣੀ ਨਵੀਂ ਸਿਆਸੀ ਪਾਰਟੀ ਦੀ ਰਜਿਸਟ੍ਰੇਸ਼ਨ ਅਤੇ ਦਰਜਾ ਦਿਵਾਉਣ ਲਈ ਚੋਣ ਕਮਿਸ਼ਨ ਨਾਲ ਮੁਲਾਕਾਤ ਕਰੇਗਾ।
ਵਫ਼ਦ ਅੱਜ ਦੁਪਹਿਰੇ ਸਾਢੇ 3 ਵਜੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰੇਗਾ। ਇਸ ਵਫ਼ਦ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਪਰਮਿੰਦਰ ਸਿੰਘ ਢੀਂਡਸਾ, ਗਗਨਦੀਪ ਸਿੰਘ ਬਰਨਾਲਾ ਸਮੇਤ ਤਮਾਮ ਵੱਡੇ ਬਾਗੀ ਅਕਾਲੀ ਲੀਡਰ ਸ਼ਾਮਿਲ ਹੋਣਗੇ। ਬਾਗੀ ਅਕਾਲੀ ਆਪਣੇ ਨਵੇਂ ਸਿਆਸੀ ਦਲ ਦਾ ਨਾਮ 'ਸ਼੍ਰੋਮਣੀ ਅਕਾਲੀ ਦਲ ਪੰਜਾਬ' ਰੱਖਣ ਦੀ ਮੰਗ ਕਰਨਗੇ। ਪਾਰਟੀ ਵੱਲੋਂ 'ਤੀਰ-ਕਮਾਣ' ਨੂੰ ਚੋਣ ਨਿਸ਼ਾਨ (ਸਿੰਬਲ) ਵਜੋਂ ਪ੍ਰਾਪਤ ਕਰਨ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ।
ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ
ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਪੱਸ਼ਟ ਕੀਤਾ ਕਿ ਉਹ ਪਾਰਟੀ ਨੂੰ ਰਜਿਸਟਰ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ 'ਸ਼੍ਰੋਮਣੀ ਅਕਾਲੀ ਦਲ ਪੰਜਾਬ' ਦੇ ਨਾਮ ਹੇਠ ਪੰਜਾਬ ਦੇ ਚੋਣ ਮੈਦਾਨ ਵਿੱਚ ਨਿੱਤਰਨਗੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਇੱਕ ਮਜ਼ਬੂਤ ਸਿਆਸੀ ਬਦਲ ਦਿੱਤਾ ਜਾ ਸਕੇ। ਪ੍ਰੋਫੈਸਰ ਚੰਦੂ ਮਾਜਰਾ ਨੇ ਦੱਸਿਆ ਕਿ ਇੱਕ ਰਿਜਨਲ ਪਾਰਟੀ ਵਜੋਂ ਅਕਾਲੀ ਦਲ ਨੂੰ ਰਜਿਸਟਰ ਕਰਵਾਇਆ ਜਾਏਗਾ।
ਇਸ ਪਾਰਟੀ ਦੇ ਨਾਂ ਲਈ ਸਭ ਤੋਂ ਪਹਿਲੀ ਪ੍ਰੈਫਰੈਂਸ ਸ਼੍ਰੋਮਣੀ ਅਕਾਲੀ ਦਲ ਪੰਜਾਬ ਰੱਖਣ ਦੀ ਤਜਵੀਜ ਹੋਵੇਗੀ ਦੋ ਹੋਰ ਨਾਂ ਜਿਹੜੇ ਦਿੱਤੇ ਗਏ ਹਨ, ਉਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਬ ਹਿੰਦ ਵੀ ਸ਼ਾਮਿਲ ਹੈ। ਇਸ ਨਵੀਂ ਪਾਰਟੀ ਦੇ ਗਠਨ ਨਾਲ ਪੰਜਾਬ ਦੇ ਚੋਣ ਪਿੜ ਵਿੱਚ ਇੱਕ ਹੋਰ ਧਿਰ ਦੀ ਐਂਟਰੀ ਹੋ ਜਾਵੇਗੀ, ਜਿਸ ਨਾਲ ਆਉਣ ਵਾਲੀਆਂ ਚੋਣਾਂ ਵਿੱਚ ਸਿਆਸੀ ਮੁਕਾਬਲਾ ਹੋਰ ਵੀ ਦਿਲਚਸਪ ਹੋਣ ਦੀ ਉਮੀਦ ਹੈ।