ਅੱਜ ਭੋਗ ਤੇ ਵਿਸ਼ੇਸ਼
ਅਲਵਿਦਾ! ਫ਼ੌਜੀ ਚਾਚਾ ਜੀ
ਗੁਰਦੇਵ ਸਿੰਘ ਸੇਖਾ (ਫ਼ੌਜੀ ਚਾਚਾ) ਨਮਿਤ ਸਹਿਜ ਪਾਠ ਦਾ ਭੋਗ ਅੱਜ 7 ਜਨਵਰੀ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਦਸਮੇਸ਼ ਨਗਰ ਮੋਗਾ ਵਿਖੇ ਪਵੇਗਾ
ਤੂੰਬੀ ਦੀ ਤੁਣ-ਤੁਣ ਨਾਲ ਸਭ ਦਾ ਦਿਲ ਪਰਚਾਉਣ ਵਾਲੇ ਗੁਰਦੇਵ ਸਿੰਘ ਸੇਖਾ, ਉਰਫ਼ ‘ਫ਼ੌਜੀ ਚਾਚਾ’ ਮੋਗਾ ਜ਼ਿਲ੍ਹੇ ਦੇ ਪਿੰਡ ਸੇਖਾ ਕਲਾਂ ਵਿਖੇ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਬਚਪਨ ਤੋਂ ਹੀ ਉਨ੍ਹਾਂ ਨੂੰ ਪੜ੍ਹਨ-ਲਿਖਣ ਤੋਂ ਇਲਾਵਾ ਸੰਗੀਤ ਨਾਲ ਵਿਸ਼ੇਸ਼ ਮੱਸ ਸੀ। ਪੰਦਰਾਂ ਸਾਲ ਫ਼ੌਜ ਦੀ ਨੌਕਰੀ ਕਰਦਿਆਂ ਵੀ ਉਹ ਸੱਤ ਸੁਰਾਂ ਦੇ ਅੰਗ-ਸੰਗ ਰਹੇ। ਪੈਨਸ਼ਨ ’ਤੇ ਆਉਣ ਉਪਰੰਤ ਉਨ੍ਹਾਂ ਨੇ ਬਾਈ ਸਾਲ ਆਪਣੇ ਪਿੰਡ ਦੇ ਹੀ ਸਕੂਲ ਵਿਚ ਕਲਰਕ ਦੀ ਨੌਕਰੀ ਕੀਤੀ ਸੀ।
ਉਹ ਭਾਵੇਂ ਫ਼ੌਜ ਛੱਡ ਆਏ ਸਨ, ਫਿਰ ਵੀ ਉਹ ਫ਼ੌਜ ਦੇ ਅਨੁਸ਼ਾਸਨ ਨੂੰ ਕਦੇ ਨਹੀਂ ਸਨ ਭੁੱਲੇ।ਫ਼ੌਜ ਦੀ ਪੈਨਸ਼ਨ ਨਾਲ ਉਨ੍ਹਾਂ ਦਾ ਵਧੀਆ ਗੁਜ਼ਾਰਾ ਹੋ ਸਕਦਾ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਘਰ ਵਿਚ ਵਿਹਲੇ ਬੈਠ ਕੇ ਖਾਣ ਨੂੰ ਤਰਜੀਹ ਨਹੀਂ ਸੀ ਦਿੱਤੀ। ਫਿਰ ਉਹ ਕੈਨੇਡਾ ਚਲੇ ਗਏ ਜਿੱਥੇ ਉਹ ਮਹਿਫ਼ਲਾਂ ਦਾ ਸ਼ਿੰਗਾਰ ਬਣੇ ਰਹੇ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ, ‘ਚਾਚਾ ਫ਼ੌਜੀ’ ਸੱਤ ਸਮੁੰਦਰ ਪਾਰ ਜਾ ਕੇ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਸਨ। ਪੰਜਾਬ ਉਨ੍ਹਾਂ ਦੇ ਦਿਲ ’ਤੇ ਖੁਣਿਆ ਹੋਇਆ ਸੀ। ਉਹ ਅਕਸਰ ਕਿਹਾ ਕਰਦੇ ਸਨ ਕਿ ਆਖ਼ਰੀ ਸਾਹ ਤਾਂ ਉਹ ਪੰਜਾਬ ਦੀ ਧਰਤੀ ’ਤੇ ਹੀ ਲੈਣਗੇ। ਉਹ ਕਹਿੰਦੇ ਕਿ ਪੰਜਾਬ ਛੇ ਰੁੱਤਾਂ ਦੀ ਰਮਣੀਕ ਧਰਤੀ ਹੈ ਜਿੱਥੋਂ ਦੀ ਮਿੱਟੀ ’ਚੋਂ ਵੀ ਸੋਨਾ ਪੈਦਾ ਹੁੰਦਾ ਹੈ। ਇੰਨੀਆਂ ਰੁੱਤਾਂ ਵਿਸ਼ਵ ਦੇ ਕਿਸੇ ਵੀ ਖਿੱਤੇ ਵਿਚ ਨਹੀਂ ਹੁੰਦੀਆਂ।ਖੇਤਾਂ ਵਿਚ ਖਿੜੀ ਸਰ੍ਹੋਂ ਦੀ ਫ਼ਸਲ ਉਨ੍ਹਾਂ ਨੂੰ ਸੈਨਤਾਂ ਮਾਰਦੀ ਸੀ। ਧਨਾਸਰੀ ਮਹਲਾ ਪਹਿਲਾ ’ਚ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ, ‘‘ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ’’ ( ਹੇ ਭਾਈ! ਅਸੀਂ ਮਨੁੱਖ ਇਕ ਦਮ ਦੇ ਹੀ ਮਾਲਕ ਹਾਂ, ਕੀ ਪਤਾ ਹੈ ਕਿ ਦਮ ਕਦੋਂ ਨਿਕਲ ਜਾਵੇ।
ਸਾਨੂੰ ਇਹ ਵੀ ਪਤਾ ਨਹੀਂ ਕਿ ਮੌਤ ਨੇ ਕਿਸ ਵੇਲੇ ਦਸਤਕ ਦੇ ਦੇਣੀ ਹੈ।’’ ਉਪਰੋਕਤ ਮਹਾਵਾਕ ਅਨੁਸਾਰ , ‘ਫ਼ੌਜੀ ਚਾਚਾ’ ਨੂੰ ਵੀ ਕੀ ਪਤਾ ਸੀ ਕਿ ਉਨ੍ਹਾਂ ਨੂੰ ਰੱਬ ਨੇ ਆਪਣੇ ਕੋਲ ਕਦੋਂ ਬੁਲਾ ਲੈਣਾ ਹੈ। ਖ਼ੈਰ, ਉਨ੍ਹਾਂ ਨੂੰ ਆਪਣੀ ਮਾਤ ਭੋਇੰ ਸੇਖਾ ਕਲਾਂ (ਮੋਗਾ) ਬੁਲਾ ਰਹੀ ਸੀ ਜਿੱਥੇ ਉਨ੍ਹਾਂ ਦਾ ਨਾੜੂ ਦੱਬਿਆ ਹੋਇਆ ਸੀ। ਚਾਚਾ ਗੁਰਦੇਵ ਸਿੰਘ ਸੇਖਾ ਯਾਰਾਂ ਦੇ ਯਾਰ ਸਨ। ਉਨ੍ਹਾਂ ਨੇ ਜਿਸ ਕਿਸੇ ਦੀ ਬਾਂਹ ਫੜੀ, ਉਸ ਨਾਲ ਤੋੜ ਨਿਭਾਈ।
ਉਹ ਕਮਾਲ ਦੇ ਮਹਿਮਾਨ-ਨਿਵਾਜ਼ ਸਨ। ਇਸੇ ਲਈ ਉਨ੍ਹਾਂ ਦੇ ਘਰ ਮਹਿਮਾਨਾਂ ਦਾ ਤਾਂਤਾ ਬੱਝਾ ਰਹਿੰਦਾ ਸੀ। ਪੰਜਾਬੀ ਦੇ ਚੋਟੀ ਦੇ ਕਲਾਕਾਰਾਂ, ਕਵੀਆਂ ਅਤੇ ਸਾਹਿਤਕਾਰਾਂ ਨਾਲ ਉਨ੍ਹਾਂ ਦੇ ਨੇੜਲੇ ਸਬੰਧ ਸਨ। ਚਾਚਾ ਜੀ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਛੋਟੇ ਭਰਾ ਸਨ। ਉਨ੍ਹਾਂ ਦਾ ਜਨਮ 14 ਫਰਵਰੀ 1944 ਨੂੰ ਹੋਇਆ ਸੀ। ਦੇਸ਼ ਦੀ ਤਕਸੀਮ ਵੇਲੇ ਭਾਵੇਂ ਉਨ੍ਹਾਂ ਦੀ ਉਮਰ ਮਹਿਜ਼ ਤਿੰਨ ਸਾਲਾਂ ਦੀ ਸੀ ਪਰ ਵੰਡ ਵੇਲੇ ਵਾਪਰੇ ਦੁਖਾਂਤ ਦੀਆਂ ਗੱਲਾਂ ਕਰਦੇ ਉਹ ਬੇਹੱਦ ਭਾਵੁਕ ਹੋ ਜਾਇਆ ਕਰਦੇ ਸਨ। ਉਹ ਭਾਵੇਂ ਲੰਬਾ ਸਮਾਂ ਕੈਨੇਡਾ ਵਿਚ ਰਹੇ, ਫਿਰ ਵੀ ਉਨ੍ਹਾਂ ਦੇ ਸੁਭਾਅ ’ਚੋਂ ਪੰਜਾਬੀਅਤ ਡੁੱਲ੍ਹ-ਡੁੱਲ੍ਹ ਪੈਂਦੀ ਸੀ। ਕੈਨੇਡਾ ਦੇ ਵਸਨੀਕ ਤੇ ਚਰਚਿਤ ਮੀਡੀਆ ਸ਼ਖ਼ਸੀਅਤ ਬਲਜਿੰਦਰ ਸੇਖਾ ਨੂੰ ਜਦੋਂ 29 ਦਸੰਬਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿਤਾ ਦਾ ਅਚਾਨਕ ਦੇਹਾਂਤ ਹੋ ਗਿਆ ਤਾਂ ਉਹ ਸੁੰਨ ਹੋ ਗਏ ਸਨ। ਇਹ ਖ਼ਬਰ ਜਦੋਂ ਸਾਹਿਤਕ ਹਲਕਿਆਂ ਵਿਚ ਪੁੱਜੀ ਤਾਂ ਅਫ਼ਸੋਸ ਕਰਨ ਵਾਲਿਆਂ ਦਾ ਤਾਂਤਾ ਲੱਗ ਗਿਆ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਸੇਖਾ ਪਰਿਵਾਰ ਨੇ ਪੰਜਾਬੀ ਮਾਂ-ਬੋਲੀ ਦੀ ਭਰਪੂਰ ਸੇਵਾ ਕੀਤੀ ਹੈ। ਉਨ੍ਹਾਂ ਦੇ ਭਤੀਜੇ ਦਵਿੰਦਰ ਸੇਖਾ , ਹਰਪ੍ਰੀਤ ਸੇਖਾ ,ਵੀ ਮਕਬੂਲ ਕਹਾਣੀਕਾਰ ਅਤੇ ਨਾਵਲਕਾਰ ਹਨ। ਬਿਆਸੀ ਸਾਲ ਦੀ ਅਉਧ ਹੰਢਾ ਕੇ ਰੁਖ਼ਸਤ ਹੋਏ ‘ਫ਼ੌਜੀ ਚਾਚਾ’ ਦੇ ਦੇਹਾਂਤ ’ਤੇ ਕੈਨੇਡਾ ਦੀਆਂ ਉੱਘੀਆਂ ਸਿਆਸੀ, ਸਮਾਜਿਕ ਅਤੇ ਸਾਹਿਤਕ ਹਸਤੀਆਂ ਨੇ ਵੀ ਆਪਣੇ ਸ਼ੌਕ ਸੁਨੇਹੇ ਭੇਜੇ ਹਨ। ਇਨ੍ਹਾਂ ਵਿਚ ਕੈਨੇਡਾ ਦੇ ਕੇਂਦਰੀ ਮੰਤਰੀ ਰੂਬੀ ਸਹੋਤਾ, ਮਨਿੰਦਰ ਸਿੱਧੂ, ਅਮਰਜੀਤ ਗਿੱਲ, ਗੁਰਬਖ਼ਸ਼ ਸਿੰਘ ਮੱਲ੍ਹੀ, ਅਮਰਜੀਤ ਸੋਹੀ ਤੇ ਓਂਟਾਰੀਓ ਦੇ ਮੰਤਰੀ ਪ੍ਰਭਮੀਤ ਸਰਕਾਰੀਆ ਸ਼ਾਮਲ ਹਨ।
ਚਾਚਾ ਜੀ ਦੀ ਸ਼ਾਦੀ ਮੋਗਾ ਨੇੜਲੇ ਪਿੰਡ ਸਲੀਣਾ ਦੀ ਬੀਬੀ ਚਰਨਜੀਤ ਕੌਰ ਨਾਲ ਹੋਈ ਸੀ। ਉਹ ਆਪਣੇ ਪਿੱਛੇ ਤਿੰਨ ਹੋਣਹਾਰ ਬੱਚੇ ਛੱਡ ਗਏ ਹਨ। ਵੱਡੀ ਬੇਟੀ ਹਰਦੀਪ ਕੌਰ ਜਗਰਾਓਂ ਦੇ ਸਰਦਾਰ ਹਰਬਖ਼ਸ਼ ਸਿੰਘ ਕਲੇਰ ਨਾਲ ਵਿਆਹੀ ਹੈ ਜੋ ਸਿਆਟਲ (ਅਮਰੀਕਾ) ਵਿਚ ਆਪਣੇ ਪਰਿਵਾਰ ਸਣੇ ਖ਼ੁਸ਼ਹਾਲ ਜੀਵਨ ਬਸਰ ਕਰ ਰਹੇ ਹਨ। ਉਨ੍ਹਾਂ ਦਾ ਮੀਡੀਆ ਕਰਮੀ ਬੇਟਾ ਬਲਜਿੰਦਰ ਸੇਖਾ ਬਰੈਂਪਟਨ (ਕੈਨੇਡਾ) ਵਾਸੀ ਹੈ।
ਛੋਟਾ ਬੇਟਾ ਕੁਲਵਿੰਦਰ ਸਿੰਘ ਲਾਡੀ ਬਿਜਲੀ ਬੋਰਡ ਦਾ ਮੁਲਾਜ਼ਮ ਹੈ। ਉਨ੍ਹਾਂ ਨਮਿਤ ਸਹਿਜ ਪਾਠ ਦਾ ਭੋਗ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਦਸਮੇਸ਼ ਨਗਰ ਮੋਗਾ ਵਿਖੇ ਪਵੇਗਾ। ਵੱਡੀ ਗਿਣਤੀ ਵਿਚ ਸਾਹਿਤਕਾਰ, ਕਲਾਕਾਰ ਤੇ ਮੀਡੀਆ ਕਰਮੀ ਵਿਛੜੀ ਰੂਪ ਦੀ ਸ਼ਾਂਤੀ ਲਈ ਅਰਦਾਸ ਜੋਦੜੀ ਕਰਨਗੇ। ‘ਫ਼ੌਜੀ ਚਾਚਾ’ ਦੇ ਦੇਹਾਂਤ ਨਾਲ ਨਾ ਪੂਰਿਆ ਜਾਣ ਵਾਲਾ ਖੱਪਾ ਪਿਆ ਹੈ।-
ਨਵਨੀਤ ਸਿੰਘ ਸੇਖਾ
-ਮੋਬਾਈਲ : 98550-72015