ਬਾਬਾ ਬੁੱਢਾ ਸਾਹਿਬ ਦੇ ਵਾਰਿਸ ਹੈੱਡ ਗ੍ਰੰਥੀ ਨੂੰ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕਰਨਾ,ਜ਼ਲੀਲ ਕਰਨ ਅਤਿ ਮੰਦਭਾਗਾ - ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ
- ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਰਵਉੱਚ ਸੰਸਥਾਵਾਂ ਦੀਆਂ ਸਨਮਾਨਜਨਕ ਪਦਵੀਆਂ ਦੀ ਮਾਣ ਮਰਿਯਾਦਾ ਬਣਾਈ ਰੱਖਣ ਲਈ ਸਖ਼ਤ ਸਟੈਂਡ ਲੈਣ
ਚੰਡੀਗੜ੍ਹ, 22 ਜੁਲਾਈ 2025 - ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਸਾਂਸਦ,ਗੋਬਿੰਦ ਸਿੰਘ ਲੌਂਗੋਵਾਲ,ਬਲਦੇਵ ਸਿੰਘ ਮਾਨ ਸਾਬਕਾ ਮੰਤਰੀ, ਜੱਥੇਦਾਰ ਸੁੱਚਾ ਸਿੰਘ ਛੋਟੇਪੁਰ,ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ,ਸਰਦਾਰ ਬਰਜਿੰਦਰ ਸਿੰਘ ਬਰਾੜ, ਚਰਨਜੀਤ ਸਿੰਘ ਬਰਾੜ ਅਤੇ ਤੇਜਿੰਦਰ ਸਿੰਘ ਪੰਨੂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਵਾਰਿਸ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੀ ਨੂੰ ਪਿਛਲੇ ਦਿਨਾਂ ਦੌਰਾਨ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਅਤੇ ਜਲੀਲ ਕਰਨ ਖ਼ਿਲਾਫ਼ ਸਖ਼ਤ ਸਟੈਂਡ ਅਖ਼ਤਿਆਰ ਕੀਤਾ ਹੈ। ਸਮੁੱਚੀ ਲੀਡਰਸ਼ਿਪ ਵਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ, ਇਹ ਬੇਹੱਦ ਮੰਦਭਾਗਾ ਹੈ ਕਿ ਉੱਚ ਸੰਸਥਾਵਾਂ ਲਈ ਸੇਵਾ ਨਿਭਾਅ ਰਹੇ ਸਨਮਾਨਜਨਕ, ਸਤਿਕਾਰਯੋਗ ਸੇਵਾਦਾਰਾਂ ਨੂੰ ਜਲੀਲ ਕੀਤਾ ਜਾਵੇ, ਇਸ ਨੂੰ ਪੰਥ ਅਤੇ ਕੌਮ ਕਥਾਚਿਤ ਬਰਦਾਸ਼ਤ ਨਹੀਂ ਕਰੇਗੀ।
ਗਿਆਨੀ ਰਘੁਬੀਰ ਸਿੰਘ ਜੀ ਦੇ ਮਾਮਲੇ ਤੇ ਡੂੰਘੀ ਚਿੰਤਾ ਜਾਹਿਰ ਕਰਦਿਆਂ ਲੀਡਰਸ਼ਿਪ ਨੇ ਕਿਹਾ ਕਿ,ਉੱਚ ਪਦਵੀ ਲਈ ਸੇਵਾ ਨਿਭਾਅ ਰਹੇ ਗਿਆਨੀ ਰਘੁਬੀਰ ਸਿੰਘ ਲਈ ਪਿਛਲੇ ਸਮਾਂ ਕਿੰਨਾ ਪੀੜਾ ਦਾਇਕ ਅਤੇ ਦੁਖਦ ਹੋਵੇਗਾ ਜਦੋਂ ਓਹਨਾ ਨੂੰ ਕਿਤੇ ਵੀ ਸੁਣਵਾਈ ਨਾ ਹੋਣ ਦੇ ਚਲਦੇ ਕੋਰਟ ਦਾ ਰੁਖ਼ ਕਰਨ ਲਈ ਮਜਬੂਰੀ ਵੱਸ ਫੈਸਲਾ ਕਰਨਾ ਪਿਆ, ਹਾਲਾਂਕਿ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਕੋਰਟ ਵੱਲ ਰੁਖ਼ ਕਰਨ ਦਾ ਫੈਸਲਾ ਵਾਪਿਸ ਵੀ ਹੋਇਆ ਪਰ ਇਹ ਮਜਬੂਰੀ ਅਤੇ ਪੀੜ ਦਾਇਕ ਸਮਾਂ ਇਸ ਗੱਲ ਤੇ ਮੋਹਰ ਲਗਾਉਂਦਾ ਹੈ ਕਿ ਪੰਥ ਦੀਆਂ ਉੱਚ ਸੰਸਥਾਵਾਂ ਲਈ ਸੇਵਾ ਨਿਭਾਅ ਰਹੇ ਲੋਕਾਂ ਨੂੰ ਜਾਣਬੁੱਝ ਕੇ, ਬਦਲਾ ਲਊ ਭਾਵਨਾ ਅਤੇ ਸਾਜਿਸ਼ੀ ਰੂਪ ਵਿੱਚ ਤੰਗ ਪ੍ਰੇਸ਼ਾਨ ਕਰਨਾ ਜਾਰੀ ਹੈ। ਇਸ ਤੋਂ ਇਲਾਵਾ ਗਿਆਨੀ ਰਘਬੀਰ ਸਿੰਘ ਜੀ ਦੇ ਸਟਾਫ ਵਿੱਚ ਕਟੌਤੀ ਕਰਨਾ, ਮਿਲਦੀਆਂ ਸੇਵਾਵਾਂ ਅਤੇ ਸਹੂਲਤਾਂ ਨੂੰ ਘੱਟ ਕਰਨਾ ਜਾਂ ਬੰਦ ਕਰਨਾ, ਛੁੱਟੀ ਲੈਣ ਦੀ ਮਨਜੂਰੀ ਲਈ ਜਲੀਲ ਕਰਨਾ ਇਹ ਸਭ ਕੁਝ ਏਸੇ ਲੜੀ ਵਿਚ ਸ਼ਾਮਿਲ ਹੈ।
ਜਾਰੀ ਬਿਆਨ ਵਿੱਚ ਲੀਡਰਸ਼ਿਪ ਨੇ ਕਿਹਾ ਕਿ ਜਿਸ ਦਿਨ, ਦੋ ਦਸੰਬਰ ਤੋਂ ਹੁਕਮਨਾਮਾ ਜਾਰੀ ਹੋਇਆ ਹੈ, ਉਸੇ ਦਿਨ ਤੋਂ ਸਿੰਘ ਸਾਹਿਬਾਨ ਪ੍ਰਤੀ ਬਦਲਾ ਲਊ ਭਾਵਨਾ ਤਹਿਤ ਸਿੰਘ ਸਾਹਿਬਾਨ ਨੂੰ ਜਲੀਲ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਭ ਤੋ ਪਹਿਲਾਂ ਇਸੇ ਭਾਵਨਾ ਹੇਠ ਝੂਠੇ ਦੋਸ਼ ਲਗਾਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ,ਇਸ ਤੋਂ ਅਗਲੇ 26 ਦਿਨਾਂ ਅੰਦਰ ਹੀ ਸਿੰਘ ਸਾਹਿਬਾਨ ਗਿਆਨੀ ਰਘੁਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਹਟਾ ਦਿੱਤਾ ਗਿਆ।
ਸਮੁੱਚੀ ਲੀਡਰਸ਼ਿਪ ਨੇ ਜਾਰੀ ਆਪਣੇ ਬਿਆਨ ਵਿੱਚ ਪੰਥ ਦੀ ਮਹਾਨ ਸੰਪਰਦਾਵਾਂ ਟਕਸਾਲ ਅਤੇ ਬੁੱਢਾ ਦਲ ਸਮੇਤ ਸਭ ਨੂੰ ਇਸ ਮੰਦਭਾਗੇ ਵਰਤਾਰੇ ਖਿਲਾਫ ਅਵਾਜ ਬੁਲੰਦ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਸੰਗਤ ਨੂੰ ਖਾਸ ਅਪੀਲ ਕੀਤੀ ਕਿ, ਹੁਣ ਸਮਾਂ ਆ ਗਿਆ ਜਦੋਂ ਸਾਨੂੰ ਆਪਣੀਆਂ ਸੰਸਥਾਵਾਂ ਦੀ ਰਾਖੀ ਆਪ ਕਰਨੀ ਪਵੇਗੀ,ਇਸ ਲਈ ਸੰਗਤ ਨੂੰ ਉੱਚ ਪਦਵੀਆਂ ਦੇ ਸਤਿਕਾਰ ਅਤੇ ਸਰਵ ਉੱਚਤਾ ਬਣਾਏ ਰੱਖਣ ਲਈ ਡਟ ਕੇ ਖੜੇ ਅਤੇ ਬੇਇਨਸਾਫ਼ੀ ਖਿਲਾਫ ਇੱਕਜੁਟ ਹੋਵੇ।
ਸਮੁੱਚੀ ਲੀਡਰਸ਼ਿਪ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਅਪੀਲ ਕੀਤੀ ਕਿ ਓਹ ਆਪਣੀ ਬਣਦੀ ਜ਼ਿੰਮੇਵਾਰੀ ਜਰੂਰ ਨਿਭਾਉਣ। ਸਮੁੱਚੀ ਲੀਡਰਸ਼ਿਪ ਨੇ ਕਿਹਾ ਕਿ ਸਰਦਾਰ ਧਾਮੀ ਨੂੰ ਅਜਿਹਾ ਵਰਤਾਓ ਕਰਨ ਵਾਲੇ ਅਤੇ ਓਹਨਾ ਪਿੱਛੇ ਦੀ ਜਿਹੜੀ ਵੀ ਵਿਅਕਤੀ ਰੂਪੀ ਸ਼ਕਤੀ ਹੈ, ਉਸ ਖ਼ਿਲਾਫ਼ ਸਖ਼ਤ ਕਰਵਾਈ ਕਰਨ ਤੋਂ ਇਲਾਵਾ ਅਜਿਹੇ ਮੰਦਭਾਗੇ ਵਰਤਾਰੇ ਖਿਲਾਫ ਆਵਾਜ ਬੁਲੰਦ ਕਰਨੀ ਚਾਹੀਦੀ ਹੈ।