ਰੂਸ ਦੇ ਮਾਊਂਟ ਐਲਬਰਸ 'ਤੇ ਚੜ੍ਹ ਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਪਰਬਤਰੋਹੀ ਤੇਗਬੀਰ ਸਿੰਘ ਦਾ ਰੋਪੜ ਪਹੁੰਚਣ 'ਤੇ ਨਿੱਘਾ ਸਵਾਗਤ
- ਸੱਤ ਸਾਲ ਤੋਂ ਵੀ ਘੱਟ ਉਮਰ 'ਚ ਵੱਡੀ ਉਪਲੱਬਧੀ ਹਾਸਲ ਕਰਕੇ ਜ਼ਿਲ੍ਹੇ, ਰਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ - ਵਿਧਾਇਕ ਚੱਢਾ
ਰੂਪਨਗਰ, 02 ਜੁਲਾਈ 2025: ਛੇ ਸਾਲ ਨੌਂ ਮਹੀਨਿਆਂ ਦੇ ਪਰਬਤਰੋਹੀ ਤੇਗਬੀਰ ਸਿੰਘ ਨੇ ਸਭ ਤੋਂ ਘੱਟ ਉਮਰ ਵਿਚ ਰੂਸ ਵਿਚ ਸਥਿਤ ਯੂਰਪੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ 'ਤੇ ਚੜ੍ਹ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ, ਨਾਲ ਹੀ ਉਸ ਨੇ ਰੂਪਨਗਰ ਜ਼ਿਲ੍ਹੇ ਦੇ ਨਾਲ-ਨਾਲ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪਰਬਤਰੋਹੀ ਦਾ ਰੋਪੜ ਵਿਖੇ ਪਹੁੰਚਣ ਤੇ ਹਲਕਾ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ ਅਤੇ ਬੋਟਿੰਗ ਕਲੱਬ ਵਿਖੇ ਸਾਰਿਆ ਨੂੰ ਬੋਟਿੰਗ ਕਰਵਾਈ ਗਈ।
ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਇਸ ਮੌਕੇ ਤੇਗਬੀਰ ਸਿੰਘ ਤੇ ਉਸਦੇ ਪਰਿਵਾਰ ਨੂੰ ਵੱਡੀ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਤੇਗਬੀਰ ਸਿੰਘ ਦੇ ਭਵਿੱਖ ਵਿੱਚ ਹੋਰ ਵੀ ਜਿਆਦਾ ਮੱਲ੍ਹਾਂ ਮਾਰਨ ਲਈ ਸ਼ੁੱਭਕਾਮਨਵਾਂ ਦਿੱਤੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ, ਤੇਗਬੀਰ ਸਿੰਘ ਨੇ 28 ਜੂਨ 2025 ਨੂੰ ਮਾਊਂਟ ਐਲਬਰਸ ਦੀ 18510 ਫੁੱਟ (5642 ਮੀਟਰ) ਉੱਚੀ ਚੋਟੀ ਨੂੰ ਫਤਿਹ ਕਰਕੇ ਇੱਕ ਰਿਕਾਰਡ ਕਾਇਮ ਕੀਤਾ। ਤੇਗਬੀਰ ਸਿੰਘ ਦੇ ਪਿਤਾ ਸੁਖਿੰਦਰਦੀਪ ਸਿੰਘ ਦੇ ਅਨੁਸਾਰ, ਜਦੋਂ ਕਿ ਜਿੱਤਿਆ ਗਿਆ ਟਰੈਕ ਚੁਣੌਤੀਆਂ ਨਾਲ ਭਰਿਆ ਹੋਇਆ ਹੈ, ਇਸ ਟਰੈਕ ਵਿਚ ਘੱਟ ਆਕਸੀਜਨ ਹੈ ਜਦੋਂ ਕਿ ਇਸ 'ਤੇ ਤਾਪਮਾਨ ਦਸ ਡਿਗਰੀ ਦੇ ਆਸਪਾਸ ਰਹਿੰਦਾ ਹੈ। ਇਸ ਜਿੱਤ ਤੋਂ ਬਾਅਦ, ਤੇਗਬੀਰ ਸਿੰਘ ਨੂੰ ਕਬਾਰਡੀਨੋ ਬਲਕਾਰੀਅਨ ਰੀਪਬਲਿਕ (ਰੂਸ) ਦੇ ਮਾਊਂਟੇਨੀਅਰਿੰਗ ਰੌਕ ਕਲਾਈਮਿੰਗ ਐਂਡ ਸਪੋਰਟਸ ਟੂਰਿਜ਼ਮ ਫੈਡਰੇਸ਼ਨ ਦੁਆਰਾ ਪਹਾੜ ਚੜ੍ਹਨ ਦਾ ਸਰਟੀਫਿਕੇਟ ਅਤੇ ਮੈਡਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਹੈ।
ਰੂਪਨਗਰ ਦੇ ਸ਼ਿਵਾਲਿਕ ਸਕੂਲ ਦੇ ਦੂਜੀ ਜਮਾਤ ਦੇ ਵਿਦਿਆਰਥੀ ਤੇਗਬੀਰ ਸਿੰਘ ਨੇ ਇਸ ਤੋਂ ਪਹਿਲਾਂ ਅਗਸਤ 2024 ਵਿੱਚ ਮਾਊਂਟ ਕਿਲੀਮੰਜਰੇ (ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ) ਨੂੰ ਫਤਹਿ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣਨ ਦਾ ਰਿਕਾਰਡ ਬਣਾਇਆ, ਵਾਘਾ ਕੁਸ਼ਾਗਰਾ ਮਹਾਰਾਸ਼ਟਰ ਦੇ ਵਿਸ਼ਵ ਰਿਕਾਰਡ ਨੂੰ ਮਾਤ ਦਿੱਤੀ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ਦੇ ਨਾਲ-ਨਾਲ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਵਾਇਆ। ਇਸ ਤੋਂ ਇਲਾਵਾ, ਤੇਗਬੀਰ ਨੇ ਮਾਊਂਟ ਐਵਰੈਸਟ (ਨੇਪਾਲ) ਦੇ ਬੇਸ ਕੈਂਪ ਨੂੰ ਫਤਹਿ ਕਰਨ ਦਾ ਰਿਕਾਰਡ ਵੀ ਬਣਾਇਆ ਹੈ।
ਤੇਗਬੀਰ ਦੇ ਪਿਤਾ ਸਥਾਨਕ ਪਰਮਾਰ ਹਸਪਤਾਲ ਵਿੱਚ ਇੱਕ ਪ੍ਰਸ਼ਾਸਨਿਕ ਅਧਿਕਾਰੀ ਹਨ, ਜਦੋਂ ਕਿ ਉਸ ਦੀ ਮਾਂ ਡਾ. ਮਨਪ੍ਰੀਤ ਕੌਰ ਉਸੇ ਹਸਪਤਾਲ ਵਿਚ ਇੱਕ ਗਾਇਨੀਕੋਲੋਜਿਸਟ ਹਨ। ਉਸ ਨੇ ਦੱਸਿਆ ਕਿ ਤੇਗਬੀਰ ਸਿੰਘ ਨੂੰ ਪਰਬਤਾਰੋਹੀ ਬਣਾਉਣ ਵਿਚ ਸੇਵਾਮੁਕਤ ਕੋਚ ਵਿਕਰਮਜੀਤ ਸਿੰਘ ਘੁੰਮਣ ਦਾ ਵੱਡਾ ਯੋਗਦਾਨ ਹੈ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ, ਡਾ. ਰਾਜਿੰਦਰ ਸਿੰਘ ਪਰਮਾਰ, ਰੋਟਰੀ ਸਹਾਇਕ ਗਵਰਨਰ ਗੁਰਪ੍ਰੀਤ ਸਿੰਘ, ਰੋਟਰੀ ਕਲੱਬ ਦੇ ਪ੍ਰਧਾਨ ਸੁਧੀਰ ਸ਼ਰਮਾ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਰਾਜ ਕੁਮਾਰ ਸਿੱਕਾ, ਗੁਰਚਰਨ ਸਿੰਘ, ਸਰਪੰਚ ਜਸਵਿੰਦਰ ਸਿੰਘ ਜੱਸੀ ਖੁਆਸਪੁਰਾ, ਜਸਵਿੰਦਰ ਸਿੰਘ ਹਵੇਲੀ ਕਲਾਂ, ਬਿਕਰਮਜੀਤ ਸਿੰਘ ਕਾਨੂੰਗੋ, ਨਿਰਮਲਜੀਤ ਕੌਰ, ਗਵਰਨਰ ਚੇਤਨ ਅਗਰਵਾਲ, ਡਾ. ਅੰਕੁਰ ਵਾਹੀ, ਅਮਰ ਸਿੰਘ ਸੈਣੀ, ਕੁਲਵੰਤ ਸਿੰਘ ਸਾਬਕਾ ਕਲੱਬ ਰੋਟਰੀ ਕਲੱਬ, ਐਡਵੋਕੇਟ ਦਲਜੀਤ ਸਿੰਘ ਦਿਓਲ, ਸਿਵਾਲਿਕ ਸਕੂਲ ਤੋਂ ਕੰਵਲਜੀਤ ਸਿੰਘ, ਭੁਪਿੰਦਰ ਸਿੰਘ ਖੁਆਸਪੁਰਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।