ਬਠਿੰਡਾ ਜ਼ਿਲ੍ਹੇ ਦੇ 18 ਪਿੰਡਾਂ ‘ਚ ਸ਼ੁਰੂ ਹੋਈ ‘ਨਸ਼ਾ ਮੁਕਤੀ ਯਾਤਰਾ’ ਨੂੰ ਮਿਲਿਆ ਭਰਵਾਂ ਹੁੰਗਾਰਾ
ਅਸ਼ੋਕ ਵਰਮਾ
ਬਠਿੰਡਾ, 16 ਮਈ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪੰਜਾਬ ‘ਚੋ ਨਸ਼ਾ ਮੁਕਤ ਕਰਨ ਲਈ ਹਰ ਸੰਭਲ ਯਤਨ ਤੇ ਕ੍ਰਾਤੀਕਾਰੀ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਜ਼ਿਲ੍ਹੇ ਦੇ ਵੱਖ-ਵੱਖ 18 ਪਿੰਡਾਂ ਵਿੱਚ ‘ਨਸ਼ਾ ਮੁਕਤੀ ਯਾਤਰਾ’ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਸ ਜਗਰੂਪ ਸਿੰਘ ਗਿੱਲ ਨੇ ਸ਼ਹਿਰੀ ‘ਚ ਵਾਰਡ ਨੰਬਰ 3, 4, ਅਤੇ 5 ‘ਚੋਂ ‘ਨਸ਼ਾ ਮੁਕਤੀ ਯਾਤਰਾ’ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਯਾਤਰਾ ਲੋਕ ਲਹਿਰ ਵਜੋਂ ਉਭਰੇਗੀ। ਪੰਜਾਬ ਸਰਕਾਰ ਦਾ ਇਕੋ-ਇਕ ਉਦੇਸ਼ ਹੈ ਹਰ ਪਿੰਡ, ਹਰ ਘਰ ਨੂੰ ਨਸ਼ਾ ਮੁਕਤ ਕਰਨਾ। ਉਨ੍ਹਾਂ ਇਹ ਵੀ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਬਹੁਤ ਸਾਰਥਿਕ ਨਤੀਜ਼ੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ਾ ਤਸਕਰਾਂ ਨਾਲ ਮਿਲ ਕੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚੋਂ ਨਸ਼ਾ ਖਦਮ ਕਰਕੇ ਹੀ ਦਮ ਲਵੇਗੀ।
ਇਸੇ ਦੌਰਾਨ ਚੀਫ ਵਿੱਪ ਤੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਪਿੰਡ ਲੇਲੇਵਾਲਾ, ਨੱਤ ਤੇ ਪਿੰਡ ਚੱਠੇਵਾਲਾ ਤੋਂ ‘ਨਸ਼ਾ ਮੁਕਤੀ ਯਾਤਰਾ’ ਦੀ ਸੁਰੂਆਤ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਰਾਜ ਨੂੰ ਨਸ਼ਾ ਮੁਕਤ ਕਰਨਾ ਹੈ। ਉਨ੍ਹਾਂ ਆਮ ਲੋਕਾਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਿੰਡ ਵਿੱਚ ਨਸ਼ਾ ਮੁਕਤੀ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਜ਼ਰੂਰ ਨਿਭਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣ।
ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਪਿੰਡ ਚੱਕ ਬਖਤੂ, ਚੱਕ ਰਾਮ ਸਿੰਘ ਵਾਲਾ ਅਤੇ ਚੱਕ ਫਤਿਹ ਸਿੰਘ ਵਾਲਾ ‘ਨਸ਼ਾ ਮੁਕਤੀ ਯਾਤਰਾ’ ‘ਚ ਸ਼ਾਮਲ ਹੋਣ ਉਪਰੰਤ ਨੋਜਵਾਨਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਜੇਕਰ ਨਸ਼ਾ ਕਰਨਾ ਹੈ ਤਾਂ ਸਿੱਖਿਆ, ਮਿਹਨਤ ਦਾ ਕਰੋ, ਜਿਸ ਦੀ ਰੰਗਤ ਪੁਸ਼ਤਾ ਤੱਕ ਰਹੇਗੀ। ਉਨ੍ਹਾਂ ਇਹ ਵੀ ਕਿਹਾ ਨਸ਼ਾ ਇਕ ਐਸੀ ਅਲਾਮਤ ਹੈ ਜਿਸ ਦਾ ਧੱਬਾ ਸਾਰੀ ਜਿੰਦਗੀ ਨਹੀਂ ਉਤਰਦਾ ਅਤੇ ਜਿੰਦਗੀ ਦੀ ਰੌਸ਼ਨੀ ਨੂੰ ਸਲਾਖਾ ਪਿੱਛੇ ਲੈ ਜਾਂਦਾ ਹੈ।
ਵਿਧਾਇਕ ਸ਼੍ਰੀ ਬਲਕਾਰ ਸਿੰਘ ਸਿੱਧੂ ਨੇ ਰਾਮਪੁਰਾ ਫੂਲ ਹਲਕੇ ਦੇ ਪਿੰਡ ਕੋਠੇ ਮੱਲੂਆਣਾ, ਕੋਠਾ ਪਿਪਲੀ, ਕੋਠੇ ਹਿੰਮਤਪੁਰਾ ਤੋਂ ਮੁਹਿੰਮ ਦਾ ਆਗਾਜ਼ ਕਰਦਿਆਂ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਦੀ ਦਲਦਲ ਵਿੱਚ ਫਸੇ ਨੋਜਵਾਨਾ ਨੂੰ ਇਸ ਦੀ ਚੁੰਗਲ ‘ਚੋਂ ਬਾਹਰ ਕੱਢਣ ਸਰਕਾਰ ਤਤਪਰ ਹੈ। ਉਨ੍ਹਾਂ ਆਮ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਇਸ ‘ਨਸ਼ਾ ਮੁਕਤੀ ਯਾਤਰਾ’ ਵਿੱਚ ਹਿੱਸੇਦਾਰ ਬਣਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਖੁਸ਼ੀ ਪ੍ਰਗਟ ਕਰਦਿਆਂ ਇਹ ਵੀ ਦੱਸਿਆ ਕਿ ਉਕਤ ਪਿੰਡਾਂ ਵਿੱਚ ਨਾ ਤਾਂ ਕੋਈ ਸਿੰਥੈਟਿਕ ਨਸ਼ੇ ਦੀ ਵਰਤੋਂ ਕਰਦਾ ਹੈ, ਨਾ ਹੀ ਕੋਈ ਵੇਚਦਾ ਹੈ।
ਇਸ ਦੌਰਾਨ ਵਿਧਾਇਕ ਮੌੜ ਸ ਸੁਖਬੀਰ ਸਿੰਘ ਮਾਈਸਰਖਾਨਾ ਨੇ ਪਿੰਡ ਗਿੱਲ ਖੁਰਦ, ਕੁੱਤੀਵਾਲ ਖੁਰਦ ਅਤੇ ਜਿਊਂਦ ਵਿਖੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ‘ਨਸ਼ਾ ਮੁਕਤੀ ਯਾਤਰਾ’ ਮੁਹਿੰਮ ਦਾ ਉਦੇਸ਼ ਨਸ਼ਾ ਪੀੜਤਾਂ ਨੂੰ ਨਸ਼ਿਆਂ ਦੀ ਚੁੰਗਲ ਵਿੱਚੋਂ ਕੱਢ ਕੇ ਉਨ੍ਹਾਂ ਦਾ ਸਹੀ ਇਲਾਜ, ਕਾਊਂਸਲਿੰਗ ਤੇ ਉਨ੍ਹਾਂ ਦੇ ਪੁਨਰਵਾਸ ਲਈ ਕਿੱਤਾ-ਮੁੱਖੀ ਸਿਖਲਾਈ ਦੇਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਯਾਤਰਾ ਲੋਕ ਲਹਿਰ ਵਜੋ ਪ੍ਰਚੱਲਿਤ ਹੋਵੇਗੀ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ ਜਤਿੰਦਰ ਸਿੰਘ ਭੱਲਾ ਨੇ ਬਠਿੰਡਾ (ਦਿਹਾਤੀ) ਦੇ ਪਿੰਡ ਘੁੱਦਾ, ਨਰੂਆਣਾ ਪਿੰਡ ਨੰਦਗੜ੍ਹ ਵਿਖੇ ਵੀ ‘ਨਸ਼ਾ ਮੁਕਤੀ ਯਾਤਰਾ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ, ਕੌਂਸਲਰ ਸ੍ਰੀ ਸੁਖਦੀਪ ਸਿੰਘ ਢਿੱਲੋਂ, ਪਿੰਡਾਂ ਦੇ ਮੋਹਤਵਾਰ ਵਿਅਕਤੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਨੌਜਵਾਨਾਂ ਵਲੋਂ ਸ਼ਿਰਕਤ ਕੀਤੀ ਗਈ।