← ਪਿਛੇ ਪਰਤੋ
Babushahi Special: ਬਠਿੰਡਾ ਜ਼ਿਲ੍ਹੇ ਵਿੱਚ ਕਿਸਾਨਾਂ ਦੇ ਤੌਖਲਿਆਂ ਨੇ ਪੁੱਠੀ ਕੀਤੀ ਝੋਨੇ ਦੀ ਸਿੱਧੀ ਬਿਜਾਈ
ਅਸ਼ੋਕ ਵਰਮਾ
ਬਠਿੰਡਾ,16 ਮਈ 2025: ਖੇਤੀਬਾੜੀ ਮਾਹਿਰਾਂ ਮੁਤਾਬਕ ਝੋਨੇ ਦੀ ਸਿੱਧੀ ਬਿਜਾਈ ਸਫਲ ਹੋਣ ਦੇ ਬਾਵਜੂਦ ਬਠਿੰਡਾ ਜਿਲ੍ਹੇ ਵਿੱਚ ਕਿਸਾਨਾਂ ਨੇ ਇਸ ਵਿਧੀ ’ਚ ਬਹੁਤੀ ਰੁਚੀ ਨਹੀਂ ਦਿਖਾਈ ਹੈ। ਇਹੋ ਕਾਰਨ ਹੈ ਕਿ ਸਿੱਧੀ ਬਿਜਾਈ ਹੇਠਲੇ ਰਕਬੇ ਵਿੱਚ ਵਾਧਾ ਨਹੀਂ ਹੋ ਰਿਹਾ ਹੈ । ਐਤਕੀਂ ਜਿਲ੍ਹਾ ਖੇਤੀਬਾੜੀ ਵਿਭਾਗ ਨੇ 2 ਲੱਖ 10 ਹਜ਼ਾਰ ਹੈਕਟੇਅਰ ਰਕਬੇ ’ਚ ਝੋਨਾ ਬੀਜਣ ਦਾ ਟੀਚਾ ਮਿਥਿਆ ਹੈ। ਇਸ ਚੋਂ 5 ਹਜ਼ਾਰ ਹੈਕਟੇਅਰ ਵਿੱਚ ਸਿੱਧੀ ਬਿਜਾਈ ਕਰਵਾਉਣ ਦੀ ਯੋਜਨਾ ਹੈ। ਇਸ ਟੀਚੇ ਦਾ ਕੀ ਬਣਦਾ ਹੈ ਇਹ ਤਾਂ ਬਿਜਾਂਦ ਮੁਕੰਮਲ ਹੋਣ ਮਗਰੋਂ ਹੀ ਸਪਸ਼ਟ ਹੋ ਸਕੇਗਾ ਪਰ ਲੰਘੇ ਤਿੰਨ ਸਾਲਾਂ ਦੇ ਤੱਥ ਗਵਾਹ ਹਨ ਕਿ ਖੇਤੀ ਵਿਭਾਗ ਵੱਲੋਂ ਪੱਬਾਂ ਭਾਰ ਹੋਣ ਦੇ ਬਾਵਜੂਦ ਵੀ ਨਤੀਜੇ ਹਾਂ ਪੱਖੀ ਨਹੀਂ ਨਿਕਲ ਸਕੇ ਹਨ ਅਤੇ ਰਕਬਾ ਹਮੇਸ਼ਾ ਮਿਥੇ ਟੀਚੇ ਤੋਂ ਘੱਟ ਹੀ ਰਿਹਾ ਹੈ। ਸਰਕਾਰ ਵੱਲੋਂ ਸਾਲ 2002 ’ਚ ਸ਼ੁਰੂ ਕੀਤੀ 15 ਸੌ ਰੁਪਏ ਉਤਸਹਿਤ ਰਾਸ਼ੀ ਵੀ ਕਿਸਾਨਾਂ ਨੂੰ ਇਸ ਤਰਫ ਮੋੜ ਨਹੀਂ ਸਕੀ ਹੈ। ਸਾਲ 2022 ਵਿੱਚ ਬਠਿੰਡਾ ਜਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਨੇ 42 ਹਜ਼ਾਰ ਏਕੜ ਵਿੱਚ ਸਿੱਧੀ ਬਿਜਾਈ ਕਰਵਾਉਣ ਦਾ ਟੀਚਾ ਮਿਥਿਆ ਸੀ ਪਰ ਮਸਾਂ 46 ਸੌ ਏਕੜ ਵਿੱਚ ਝੋਨੇ ਦੀ ਬਿਜਾਂਦ ਕਰਵਾਈ ਜਾ ਸਕੀ ਸੀ। ਇਸ ਤਰਾਂ ਸਾਲ 2023 ਵਿੱਚ ਬਠਿੰਡਾ ਜਿਲ੍ਹੇ ’ਚ 2 ਲੱਖ 30 ਹਜ਼ਾਰ ਹੈਕਟੇਅਰ ’ਚ ਝੋਨਾ ਬੀਜਿਆ ਗਿਆ ਸੀ ਜਿਸ ਚੋਂ 10 ਹਜ਼ਾਰ 169 ਏਕੜ ਦਾ ਟੀਚਾ ਸਿੱਧੀ ਬਿਜਾਈ ਲਈ ਰੱਖਿਆ ਗਿਆ ਸੀ। ਲੇਕਿਨ 4067.82 ਏਕੜ ਵਿੱਚ ਝੋਨਾ ਲਾਇਆ ਜਾ ਸਕਿਆ ਸੀ। ਏਦਾਂ ਹੀ 2024 ’ਚ 2 ਲੱਖ 15 ਹਜ਼ਾਰ ਹੈਕਟੇਅਰ ਰਕਬੇ ’ਚ ਝੋਨਾ ਬੀਜਣ ਦਾ ਟੀਚਾ ਸੀ ਜਿਸ ਚੋਂ 10 ਹਜ਼ਾਰ ਏਕੜ ਰਕਬਾ ਸਿੱਧੀ ਬਿਜਾਈ ਹੇਠ ਲਿਆਂਦਾ ਜਾਣਾ ਸੀ। ਸਾਰਾ ਜੋਰ ਲਾਉਣ ਤੋਂ ਬਾਅਦ ਵੀ 41 ਸੌ ਏਕੜ ਰਕਬੇ ਵਿੱਚ ਹੀ ਝੋਨੇ ਦੀ ਸਿੱਧੀ ਬਿਜਾਈ ਹੋ ਸਕੀ ਸੀ। ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਦੀ ਵਰਤੋਂ ਕਰਨ ਦਾ ਫੈਸਲਾ 2010 ’ਚ ਹੋਇਆ ਸੀ। ਇਸ ਤਕਨੀਕ ਨਾਲ ਬੀਜ ਤੋਂ ਪਨੀਰੀ ਤਿਆਰ ਕਰਕੇ ਬੀਜਣ ਦੀ ਥਾਂ ਝੋਨਾ ਕਣਕ ਵਾਂਗ ਸਿੱਧਾ ਖੇਤ ਵਿੱਚ ਬੀਜਿਆ ਜਾਂਦਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਨਾਲ ਪਾਣੀ ਦੀ 30 ਫੀਸਦੀ ਬਚਦਾ ਹੈ ਅਤੇ ਲਾਗਤ ਵੀ ਘੱਟ ਹੈ। ਇਸ ਦੇ ਬਾਵਜੂਦ ਕਿਸਾਨ ਪਨੀਰੀ ਰਾਹੀਂ ਝੋਨੇ ਦੀ ਬਿਜਾਈ ਕਰਨ ਨੂੰ ਤਰਜੀਹ ਦਿੰਦੇ ਆ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਨਦੀਨਾਂ ਦੀ ਮਾਤਰਾ ਬੇਹੱਦ ਜਿਆਦਾ ਹੁੰਦੀ ਜਿੰਨ੍ਹਾਂ ਨੂੰ ਨਸ਼ਟ ਕਰਨ ਲਈ ਹੱਦੋਂ ਵੱਧ ਮਿਹਨਤ ਅਤੇ ਵੱਖਰਾ ਖਰਚਾ ਵੀ ਕਰਨਾ ਪੈਂਦਾ ਹੈ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਭਾਰੀ ਮਿੱਟੀ ਵਾਲੇ ਖੇਤਾਂ ਜਾਂ ਫਿਰ ਅਇਰਨ ਦੀ ਘਾਟ ਵਾਲੀ ਮਿੱਟੀ ’ਚ ਸਿੱਧੀ ਬਿਜਾਈ ਬਿਲਕੁਲ ਵੀ ਸਫਲ ਨਹੀਂ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਲਈ ਖਾਸ ਕਿਸਮ ਦੀਆਂ ਮਸ਼ੀਨਾਂ ਦੀ ਜਰੂਰਤ ਪੈਂਦੀ ਹੈ ਜੋ ਕਿਸਾਨਾਂ ਕੋਲ ਉਪਲਬਧ ਨਹੀਂ ਹੁੰਦੀਆਂ ਹਨ। ਪਿਛਲੇ ਸਾਲ ਬਠਿੰਡਾ ਜਿਲ੍ਹੇ ’ਚ 1296 ਕਿਸਾਨਾਂ ਨੇ ਇਸ ਸਕੀਮ ਤਹਿਤ ਲਾਭ ਲਿਆ ਸੀ। ਇਸ ਹਿਸਾਬ ਨਾਲ ਜਿਲ੍ਹੇ ’ਚ ਉਂਗਲਾਂ ਤੇ ਗਿਣਨ ਜੋਗੇ ਕਿਸਾਨ ਹਨ ਜੋ ਸਿੱਧੀ ਬਿਜਾਈ ਕਰਦੇ ਹਨ। ਵੇਰਵਿਆਂ ਮੁਤਾਬਕ ਸਿੱਧੀ ਬਿਜਾਈ ਵਾਲੀ ਮਸ਼ੀਨ ਵਿੱਚ ਪ੍ਰਤੀ ਏਕੜ 7 ਕਿੱਲੋ ਤੱਕ ਬੀਜ ਪੈਂਦਾ ਹੈ। ਇੱਕ ਮਸ਼ੀਨ ਪੂਰੇ ਦਿਨ ਵਿੱਚ 7 ਤੋਂ 8 ਏਕੜ ਬਿਜਾਈ ਕਰ ਦਿੰਦੀ ਹੈ। ਖੇਤੀ ਮਾਹਿਰਾਂ ਮੁਤਾਬਕ ਸਿੱਧੀ ਬਿਜਾਈ ਨਾਲ ਇਕੱਲੇ ਕੱਦੂ ਕਰਨ ਦਾ ਦੋ ਹਜਾਰ ਰੁਪਏ ਖਰਚਾ ਬਚਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਉਲਟ ਪ੍ਰਚੱਲਿਤ ਢੰਗ ਨਾਲ ਬੀਜਣ ਦੌਰਾਨ ਹੁੰਦੇ ਤਿੰਨ ਤੋਂ ਚਾਰ ਹਜ਼ਾਰ ਦੀ ਬੱਚਤ ਇਸ ਤੋਂ ਵੱਖਰੀ ਹੈ। ਖੇਤੀ ਮਾਹਿਰਾਂ ਨੇ ਦੱਸਿਆ ਹੈ ਕਿ ਸਿੱਧੀ ਬਿਜਾਈ ਨਾਲ ਝੋਨਾ ਲਾਉਣ ਕਾਰਨ ਪਾਣੀ ਦੀ ਬੱਚਤ ਹੁੰਦੀ ਹੈ ਤੇ ਯੂਰੀਆ ਵੀ ਰਿਵਾਇਤੀ ਢੰਗ ਦੇ ਮੁਕਾਬਲੇ ਘੱਟ ਪਾਉਣੀ ਪੈਂਦੀ ਹੈ। ਇੱਕ ਖੇਤੀ ਵਿਗਿਆਨੀ ਦਾ ਪ੍ਰਤੀਕਰਮ ਸੀ ਕਿ ਜਾਗਰੂਕਤਾ ਦੀ ਘਾਟ ਕਾਰਨ ਸਿੱਧੀ ਬਿਜਾਈ ਕਰਨ ਵਾਲਿਆਂ ਨੂੰ ਡਰਾ ਦਿੰਦੇ ਹਨ ਜਿਸ ਕਰਕੇ ਫਾਇਦਾ ਹੋਣ ਦੇ ਬਾਵਜੂਦ ਕਿਸਾਨ ਖਤਰਾ ਮੁੱਲ ਲੈਣ ਨੂੰ ਤਿਆਰ ਨਹੀਂ ਹੁੰਦੇ ਹਨ। ਮਾਹਿਰਾਂ ਮੁਤਾਬਕ ਸਿੱਧੀ ਬਿਜਾਈ ਵਾਲਾ ਖੇਤ ਨਿਗਰਾਨੀ ਤੇ ਠਰੰਮ੍ਹਾਂ ਮੰਗਦਾ ਹੈ ਜਦੋਂਕਿ ਪ੍ਰਚੱਲਿਤ ਢੰਗ ’ਚ ਬਹੁਤੀ ਮੁਸ਼ੱਕਤ ਨਹੀਂ ਕਰਨੀ ਪੈਂਦੀ ਹੈ। ਅਜਿਹੇ ਹੋਰ ਵੀ ਕਈ ਕੰਮ ਹਨ ਜਿੰਨ੍ਹਾਂ ਕਰਕੇ ਕਿਸਾਨ ਸਿੱਧੀ ਬਿਜਾਈ ਤੋਂ ਭੱਜਦੇ ਹਨ। ਸਿੱਧੀ ਬਿਜਾਈ ਦੀ ਸਲਾਹ ਰਾਮਪੁਰਾ ਦੇ ਕਿਸਾਨ ਦਰਸ਼ਨ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਪਾਣੀ ਤੇ ਵਾਤਾਵਰਨ ਬਚਾਉਣ ਲਈ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਵਾਲੇ ਖੇਤ ‘ਚ ਧਰਤੀ ਦੇ ਰੋਮ ਖੁੱਲ੍ਹੇ ਰਹਿਦੇ ਹਨ ਜਿਸ ਕਰਕੇ ਇੱਕ ਕੁਇੰਟਲ ਕਣਕ ਝਾੜ ਜਿਆਦਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰਹਿੰਦੀ ਹੈ ਤੇ ਮਸ਼ੀਨਰੀ ਦਾ ਨੁਕਸਾਨ ਵੀ ਨਹੀਂ ਹੁੰਦਾ ਹੈ। ਅਫਸਰਾਂ ਨੇ ਫੋਨ ਨਹੀਂ ਚੁੱਕਿਆ ਜ਼ਿਲ੍ਹਾ ਖੇਤੀ ਵਿਭਾਗ ਵਿੱਚ ਸਿੱਧੀ ਬਿਜਾਈ ਦੇ ਨੋਡਲ ਅਫ਼ਸਰ ਗੁਰਜੀਤ ਸਿੰਘ ਵਿਰਕ ਅਤੇ ਨੇ ਸੰਪਰਕ ਕਰਨ ਤੇ ਫੋਨ ਨਹੀਂ ਚੁੱਕਿਆ। ਖੇਤੀ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਿੱਧੀ ਬਿਜਾਈ 25 ਤੋਂ 30 ਫੀਸਦੀ ਪਾਣੀ ਬਚਾਉਂਦੀ ਹੈ ਅਤੇ ਖੇਤੀ ਲਾਗਤਾਂ ਵੀ ਘਟਦੀਆਂ ਹਨ।
Total Responses : 85