Discussion on Opium: ਅਫੀਮ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ! ਰਾਜਾ ਵੜਿੰਗ ਦੇ ਬਿਆਨ ਨੇ ਛੇੜੀ ਨਵੀਂ ਚਰਚਾ, ਦੱਸਿਆ- ਪੰਜਾਬ ਚੋਂ ਕਿੰਝ ਖ਼ਤਮ ਹੋ ਸਕਦੈ ਚਿੱਟਾ?
ਗੁਰਪ੍ਰੀਤ
ਚੰਡੀਗੜ੍ਹ, 17 ਅਪ੍ਰੈਲ 2025- ਅਫ਼ੀਮ ਦੇ ਨਾਲ ਕਦੇ ਬੰਦਾ ਮਰਦਾ ਨਹੀਂ...! ਸਗੋਂ ਚਿੱਟੇ ਦਾ ਟੀਕਾ ਲਾਉਂਦੇ ਸਾਰ ਹੀ ਬੰਦਾ ਫੁੜਕ ਜਾਂਦਾ। ਲੋੜ ਤਾਂ ਇਹ ਹੈ ਕਿ ਸੂਬੇ ਵਿੱਚ ਚਿੱਟੇ ਨੂੰ ਖ਼ਤਮ ਕਰਨ ਵਾਸਤੇ ਅਫ਼ੀਮ ਪੋਸਟ (ਖਸਖਸ) ਦੀ ਖੇਤੀ ਕੀਤੀ ਜਾਵੇ। ਇਹ ਬਿਆਨ ਕਿਸੇ ਹੋਰ ਨੇ ਨਹੀਂ, ਬਲਕਿ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਇੱਕ ਟੀਵੀ ਚੈਨਲ ਨਾਲ ਕੀਤੀ ਗਈ ਇੰਟਰਵਿਊ ਦੇ ਦੌਰਾਨ ਦਿੱਤਾ ਗਿਆ ਹੈ।
ਵੜਿੰਗ ਨੇ ਇੰਟਰਵਿਊ ਦੌਰਾਨ ਦਾਅਵਾ ਕੀਤਾ ਕਿ ਅਫ਼ੀਮ ਦੀ ਵਰਤੋਂ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ, ਜਦਕਿ ਵੜਿੰਗ ਨੇ ਚਿੱਟੇ (ਹਰੋਇਨ) ਨੂੰ ਖਤਮ ਕਰਨ ਲਈ ਅਫ਼ੀਮ ਅਤੇ ਭੁੱਕੀ 'ਤੇ ਚਰਚਾ ਦੀ ਵਕਾਲਤ ਕੀਤੀ। ਇਸ ਨਾਲ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਵੱਡੀ ਚਰਚਾ ਸ਼ੁਰੂ ਹੋ ਗਈ ਹੈ।
ਦੱਸ ਦਈਏ ਕਿ ਇੰਟਰਵਿਊ ਦੇ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਸਿਰਫ਼ ਪਾਬੰਦੀਆਂ ਕਾਫੀ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਚਿੱਟੇ ਦਾ ਬਦਲ ਦੇਣਾ ਹੋਵੇਗਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਅਫ਼ੀਮ ਅਤੇ ਭੁੱਕੀ 'ਤੇ ਖੁੱਲ੍ਹੀ ਚਰਚਾ ਹੋਣੀ ਚਾਹੀਦੀ ਹੈ, ਜਿਸ ਨਾਲ ਚਿੱਟੇ ਦੀ ਆਦਤ ਨੂੰ ਘਟਾਇਆ ਜਾ ਸਕੇ।
ਵੜਿੰਗ ਨੇ ਕਿਹਾ, "ਜਦੋਂ ਤੱਕ ਨਸ਼ੇ ਦੀ ਮੰਗ ਹੈ, ਉਸ ਨੂੰ ਖਤਮ ਕਰਨਾ ਮੁਸ਼ਕਿਲ ਹੈ।" ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਅਫ਼ੀਮ ਦੀ ਵਰਤੋਂ ਨਾਲ ਮੌਤ ਦਾ ਕੋਈ ਸਿੱਧਾ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਫ਼ੀਮ ਦੇ ਨਾਲ ਕਦੇ ਬੰਦਾ ਮਰਦਾ ਨਹੀਂ, ਜਦੋਂਕਿ ਚਿੱਟੇ ਦਾ ਇੱਕ ਤਿਨਕਾ ਬੰਦੇ ਨੂੰ ਮਾਰ ਦਿੰਦਾ।
ਵੜਿੰਗ ਨੇ ਇਹ ਵੀ ਕਿਹਾ ਕਿ ਜੇ ਕਾਂਗਰਸ ਸਰਕਾਰ ਸੱਤਾ ਵਿੱਚ ਆਉਂਦੀ ਹੈ, ਤਾਂ ਉਹ ਅਫ਼ੀਮ ਅਤੇ ਭੁੱਕੀ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕਰਵਾਏਗੀ ਅਤੇ ਨਸ਼ੇ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਲਈ ਲਾਜ਼ਮੀ ਹਨ। ਪਰ ਇਸ ਨਾਲ ਸਮਾਜਿਕ ਅਤੇ ਕਾਨੂੰਨੀ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਵੀ ਜਾਰੀ ਰਹੇਗਾ।
ਕਿਸਾਨਾਂ ਦੀ ਆਮਦਨ 'ਚ ਵੀ ਹੋਵੇਗਾ ਵਾਧਾ- ਵੜਿੰਗ
ਵੜਿੰਗ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਨਾ ਸਿਰਫ਼ ਨੌਜਵਾਨਾਂ ਨੂੰ ਚਿੱਟੇ ਜਾਂ ਹੈਰੋਇਨ ਵਰਗੇ ਜ਼ਹਿਰੀਲੇ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ, ਸਗੋਂ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਰਾਜਾ ਵੜਿੰਗ ਨੇ ਕਿਹਾ, "ਅੱਜ ਪੰਜਾਬ ਦੇ ਨੌਜਵਾਨ ਚਿੱਟੇ ਜਾਂ ਹੈਰੋਇਨ ਦਾ ਨਸ਼ਾ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਰਹੇ ਹਨ। ਇਸ ਮੱਦੇ ਤੇ ਗੰਭੀਰ ਹੋਣ ਦੀ ਲੋੜ ਹੈ। ਜੇਕਰ ਅਫ਼ੀਮ ਦੀ ਖੇਤੀ ਨੂੰ ਕਾਨੂੰਨੀ ਢੰਗ ਨਾਲ ਇਜਾਜ਼ਤ ਮਿਲੇ, ਤਾਂ ਇਸਨੂੰ ਨਸ਼ਾ ਨਹੀਂ ਬਲਕਿ ਦਵਾਈ ਉਦੇਸ਼ ਲਈ ਵਰਤਿਆ ਜਾ ਸਕਦਾ ਹੈ।"
ਉਨ੍ਹਾਂ ਅੱਗੇ ਕਿਹਾ ਕਿ, "ਅਫ਼ੀਮ ਦੀ ਖੇਤੀ ਨਾਲ ਪੰਜਾਬ ਦੇ ਕਿਸਾਨਾਂ ਨੂੰ ਵਾਧੂ ਆਮਦਨ ਹੋਵੇਗੀ ਤੇ ਉਨ੍ਹਾਂ ਦੀ ਆਰਥਿਕ ਹਾਲਤ ਵੀ ਮਜ਼ਬੂਤ ਹੋਵੇਗੀ।" ਵੜਿੰਗ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਮਾਮਲਾ ਕੇਂਦਰ ਸਰਕਾਰ ਅੱਗੇ ਉਠਾਇਆ ਜਾਵੇ ਅਤੇ ਪੰਜਾਬ ਨੂੰ ਵੀ ਰਾਜਸਥਾਨ ਜਾਂ MP ਵਾਂਗ ਅਫ਼ੀਮ ਦੀ ਖੇਤੀ ਦੀ ਮਨਜ਼ੂਰੀ ਦਿੱਤੀ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ, "ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਿਰਫ ਪਾਬੰਦੀਆਂ ਲਾਉਣ ਦੀ ਨਹੀਂ, ਬਲਕਿ ਵਿਕਲਪ ਲੱਭਣ ਦੀ ਵੀ ਲੋੜ ਹੈ। ਅਫ਼ੀਮ ਦੀ ਕਾਨੂੰਨੀ ਖੇਤੀ ਇਕ ਵਿਕਲਪ ਹੋ ਸਕਦੀ ਹੈ, ਜੋ ਨੌਜਵਾਨੀ ਨੂੰ ਬਚਾ ਸਕਦੀ ਹੈ।" ਹਾਲਾਂਕਿ ਵੜਿੰਗ ਦੇ ਬਿਆਨ ਨੂੰ AAP ਆਗੂਆਂ ਨੇ ਨਸ਼ੇ ਨੂੰ ਬੜਾਵਾ ਦੇਣ ਵਾਲਾ ਬਿਆਨ ਕਰਾਰ ਦਿੱਤਾ ਹੈ, ਜਦਕਿ ਕਾਂਗਰਸੀ ਇਸ ਨੂੰ ਨਵੀਂ ਯੋਜਨਾ ਦਾ ਹਿੱਸਾ ਦੱਸ ਰਹੇ ਹਨ।
ਵੜਿੰਗ ਦਾ ਬਿਆਨ ਨਸ਼ੇ ਨੂੰ ਬੜਾਵਾਂ ਦੇਣ ਵਾਲਾ- ਨੀਲ ਗਰਗ
ਉੱਥੇ ਹੀ ਦੂਜੇ ਪਾਸੇ ਆਪ ਦੇ ਬੁਲਾਰੇ ਨੀਲ ਗਰਗ ਨੇ ਰਾਜਾ ਵੜਿੰਗ ਦੇ ਬਿਆਨ ਨੂੰ ਗ਼ਲਤ ਕਰਾਰ ਦਿੰਦਿਆਂ ਹੋਇਆ ਕਿਹਾ ਹੈ ਕਿ, ਵੜਿੰਗ ਦਾ ਬਿਆਨ ਸੂਬੇ ਦੇ ਅੰਦਰ ਨਸ਼ੇ ਨੂੰ ਬੜਾਵਾਂ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਨਸ਼ੇ ਨੂੰ ਖ਼ਾਤਮਾ ਕਰਨ ਦੇ ਵਿੱਚ ਲੱਗੀ ਹੋਈ ਹੈ।