← ਪਿਛੇ ਪਰਤੋ
ਕਿਸਾਨਾਂ ਨੂੰ ਕਣਕ ਦਾ ਨਾੜ ਨਾ ਸਾੜਨ ਦੀ ਅਪੀਲ ਫਾਜ਼ਿਲਕਾ 17 ਅਪ੍ਰੈਲ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਬਾਅਦ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਹੈ। ਖੇਤੀਬਾੜੀ ਅਫਸਰ ਸ੍ਰੀਮਤੀ ਮਮਤਾ ਲੂਣਾ ਨੇ ਦੱਸਿਆ ਕਿ ਕਣਕ ਦੇ ਨਾੜ ਨੂੰ ਸਾੜਨ ਨਾਲ ਜਿੱਥੇ ਵਾਤਾਵਰਨ ਪਲੀਤ ਹੁੰਦਾ ਹੈ ਉੱਥੇ ਹੀ ਇਸ ਨਾਲ ਜਮੀਨ ਦੇ ਪੋਸ਼ਕ ਤੱਤ ਵੀ ਨਸ਼ਟ ਹੋ ਜਾਂਦੇ ਹਨ ਅਤੇ ਬਹੁਤ ਸਾਰੇ ਜੀਵ ਜੰਤੂ ਵੀ ਇਸ ਅੱਗ ਵਿੱਚ ਸੜ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਇਹ ਅੱਗ ਖੇਤਾਂ ਕਿਨਾਰੇ ਲੱਗੇ ਰੁੱਖਾਂ ਜਾਂ ਸੜਕਾਂ, ਰਾਹਾਂ ਅਤੇ ਨਹਿਰਾਂ ਕਿਨਾਰੇ ਲੱਗੇ ਰੁੱਖਾਂ ਤੱਕ ਪਹੁੰਚ ਕੇ ਉਹਨਾਂ ਨੂੰ ਵੀ ਨੁਕਸਾਨ ਕਰਦੀ ਹੈ। ਇਸਤੋਂ ਬਿਨ੍ਹਾਂ ਇਸਦੇ ਧੂੰਏ ਕਾਰਨ ਕਈ ਵਾਰ ਹਾਦਸੇ ਵੀ ਹੋ ਜਾਂਦੇ ਹਨ । ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਨਾੜ ਨੂੰ ਸਾੜਨ ਦੀ ਬਜਾਏ ਇਸ ਤੋਂ ਤੂੜੀ ਬਣਾ ਲੈਣ ਜਾਂ ਇਸ ਨੂੰ ਮਿੱਟੀ ਵਿੱਚ ਮਿਲਾ ਦੇਣ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਲ੍ਹਾ ਮੈਜਿਸਟਰੇਟ ਵੱਲੋਂ ਵੀ ਕਣਕ ਦੀ ਨਾੜ ਸਾੜਨ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਦੀ ਉਲੰਘਣਾ ਕਰਨ ਤੇ ਕਾਰਵਾਈ ਹੋ ਸਕਦੀ ਹੈ। ਇਸ ਤੋਂ ਬਿਨਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿਚ 360 ਨੋਡਲ ਅਫਸਰ ਤਾਇਨਾਤ ਕੀਤੇ ਗਏ ਹਨ ਜੋ ਪਿੰਡ ਪੱਧਰ ਤੇ ਨਾੜ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਕਰਨਗੇ ਅਤੇ ਕਿਸਾਨਾਂ ਨੂੰ ਨਾੜ ਨਾ ਸਾੜਨ ਲਈ ਪ੍ਰੇਰਿਤ ਕਰਨਗੇ।
Total Responses : 0