ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਅਸਲਾ ਧਾਰਕਾਂ ਨੂੰ ਆਖਰੀ ਮੌਕਾ
-ਦੋ ਤੋਂ ਵੱਧ ਦਰਜ ਹਥਿਆਰਾਂ ਨੂੰ ਪੁਲਿਸ ਸਟੇਸ਼ਨ, ਅਸਲਾ ਡੀਲਰ ਜਾਂ ਯੂਨਿਟ ਆਰਮੋਰੀ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ
-31 ਮਈ, 2025 ਤੱਕ ਰਸੀਦ ਪੇਸ਼ ਕਰਨ ਅਤੇ ਤੀਸਰਾ ਹਥਿਆਰ ਡਲੀਟ ਕਰਾਉਣ ਸਬੰਧੀ ਅਪਲਾਈ ਕਰਨ ਦੀ ਹਦਾਇਤ
ਮੋਗਾ, 17 ਅਪ੍ਰੈਲ,
ਗ੍ਰਹਿ ਮੰਤਰਾਲਾ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਆਰਮਜ਼ ਐਕਟ-1959 ਵਿੱਚ ਸੋਧ ਹੋ ਚੁੱਕੀ ਹੈ ਅਤੇ ਹੁਣ ਅਸਲਾ ਲਾਇਸੰਸ ਧਾਰਕ ਆਪਣਾ ਲਾਇਸੰਸ ਤੇ ਵੱਧ ਤੋਂ ਵੱਧ 2 ਹਥਿਆਰ ਹੀ ਰੱਖ ਸਕਦੇ ਹਨ। ਇਸ ਸਬੰਧੀ 28 ਜੁਲਾਈ 2020 ਦੇ ਦਫਤਰੀ ਹੁਕਮਾਂ ਰਾਹੀਂ ਮੋਗਾ ਦੇ ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਜਿਨ੍ਹਾਂ ਪਾਸ 2 ਤੇ ਵੱਧ ਹਥਿਆਰ ਹਨ, ਉਹ ਵਾਧੂ ਹਥਿਆਰ ਨਜਦੀਕੀ ਪੁਲਿਸ ਸਟੇਸ਼ਨ ਜਾਂ ਅਸਲਾ ਡੀਲਰ ਅਤੇ ਜੇਕਰ ਉਹ ਆਰਮਡ ਫੋਰਸ ਦਾ ਮੈਂਬਰ ਹੈ ਤਾਂ ਯੂਨਿਟ ਆਰਮੋਰੀ ਵਿੱਚ ਮਿਤੀ 17 ਦਸੰਬਰ, 2020 ਤੱਕ ਜਮ੍ਹਾਂ ਕਰਵਾਉਣ ਲਈ ਪਾਬੰਦ ਹੋਵੇਗਾ। ਇਸ ਹੁਕਮ ਦੇ ਬਾਵਜੂਦ ਵੀ ਜ਼ਿਲ੍ਹਾ ਮੋਗਾ ਦੇ ਕਈ ਅਸਲਾ ਲਾਇਸੰਸ ਧਾਰਕਾਂ ਵੱਲੋਂ ਆਪਣੇ ਅਸਲਾ ਲਾਇਸੰਸ ਉੱਪਰ ਤੀਸਰਾ ਹਥਿਆਰ ਡਿਸਪੋਜ ਆਫ ਨਹੀਂ ਕਰਵਾਇਆ ਗਿਆ।
ਇਹ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਅਜਿਹੇ ਅਸਲਾ ਲਾਇਸੰਸ ਧਾਰਕਾਂ ਨੂੰ ਆਖਰੀ ਮੌਕਾ ਦਿੰਦੇ ਹੋਏ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਅਸਲਾ ਲਾਇਸੰਸ ਉੱਪਰ ਦਰਜ 2 ਹਥਿਆਰਾਂ ਤੋਂ ਵਾਧੂ ਦਰਜ ਹਥਿਆਰ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਅਧਿਕਾਰਤ ਅਸਲਾ ਡੀਲਰ ਅਤੇ ਜੇਕਰ ਉਹ ਆਰਮਡ ਫੋਰਸ ਦਾ ਮੈਂਬਰ ਹੈ ਤਾਂ ਯੂਨਿਟ ਆਰਮੋਰੀ ਵਿੱਚ ਮਿਤੀ 20-05-2025 ਤੱਕ ਜਮ੍ਹਾਂ ਕਰਵਾਉਣਾ ਯਕੀਨੀ ਬਣਾਉਣ, ਜਮ੍ਹਾਂ ਹੋਏ ਹਥਿਆਰ ਦੀ ਰਸੀਦ ਇਸ ਦਫ਼ਤਰ ਵਿਖੇ ਮਿਤੀ 31 ਮਈ, 2025 ਤੱਕ ਪੇਸ਼ ਕਰਨ, ਇਸ ਦੇ ਨਾਲ ਤੁਰੰਤ ਤੀਸਰਾ ਹਥਿਆਰ ਡਲੀਟ ਕਰਾਉਣ ਸਬੰਧੀ ਸਰਵਿਸ ਸੇਵਾ ਕੇਂਦਰ ਵਿਖੇ ਅਪਲਾਈ ਕੀਤੀ ਜਾਵੇ।
ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਜੇਕਰ ਅਸਲਾ ਲਾਇਸੰਸ ਧਾਰਕਾਂ ਵੱਲੋਂ ਉਕਤ ਅਨੁਸਾਰ ਨਿਰਧਾਰਿਤ ਸਮੇਂ ਅੰਦਰ ਆਪਣੇ ਅਸਲਾ ਲਾਇਸੰਸ ਉੱਪਰ 2 ਹਥਿਆਰਾਂ ਤੋਂ ਵਾਧੂ ਦਰਜ ਹਥਿਆਰ ਜਮ੍ਹਾਂ ਨਹੀਂ ਕਰਵਾਏ ਜਾਂਦੇ ਅਤੇ ਸੇਵਾ ਕੇਂਦਰ ਵਿਖੇ ਸਰਵਿਸ ਅਪਲਾਈ ਕਰਕੇ ਹਥਿਆਰ ਡਲੀਟ ਨਹੀਂ ਕਰਵਾਇਆ ਜਾਂਦਾ ਤਾਂ ਆਰਮਜ਼ ਐਕਟ, 1959 ਦੀ ਧਾਰਾ 3(3) ਦੀ ਉਲੰਘਣਾ ਹੋਣ ਕਾਰਨ ਅਸਲਾ ਲਾਇਸੰਸ ਧਾਰਕਾਂ ਦੇ ਅਸਲਾ ਲਾਇਸੰਸ ਰੱਦ ਕਰਨ ਸਬੰਧੀ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਹਨਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਕਿਹਾ ਕਿ ਸਬੰਧਤ ਇਲਾਕੇ ਦੇ ਡੀ.ਐਸ.ਪੀ ਅਤੇ ਐਸ.ਐਚ.ਓ. ਇਹਨਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਵਾਉਣੀ ਯਕੀਨੀ ਬਣਾਉਣ।