ਅੰਤਰਰਾਸ਼ਟਰੀ ਗੋਲਡ ਮੈਡਲਿਸਟ ਖਿਡਾਰਨ ਅਮਨਜੋਤ ਕੌਰ ਨੂੰ ਪੁਲਿਸ ਡਿਪਾਰਟਮੈਂਟ ਨੇ ਤਰੱਕੀ ਦੇ ਕੇ ਇੰਸਪੈਕਟਰ ਰੈਂਕ ਨਾਲ ਪ੍ਰਮੋਟ ਕੀਤਾ
ਗੁਰਪ੍ਰੀਤ ਸਿੰਘ ਜਖਵਾਲੀ
ਡਕਾਲਾ/ਬਲਬੇੜ੍ਹਾ 3 ਮਾਰਚ 2026:-ਲੰਘੇ ਵਰੇ ਜੁਲਾਈ ਮਹੀਨੇ 'ਚ ਅਮਰੀਕਾ ਦੇ ਬਿਰਮੰਘਮ ਸ਼ਹਿਰ 'ਚ ਹੋਏ ਅੰਤਰਰਾਸ਼ਟਰੀ ਪੁਲਿਸ ਖੇਡਾਂ ਦੌਰਾਨ ਰੋਇੰਗ ਗੇਮ (ਕਰੂ) ਵਰਲਡ ਖੇਡ ਮੁਕਾਬਲਿਆਂ 'ਚ ਦੋ ਗੋਲਡ ਮੈਡਲ ਜਿੱਤ ਕੇ ਇੰਟਰਨੈਸ਼ਨਲ ਪੱਧਰ ਤੇ ਪੰਜਾਬ ਪੁਲਿਸ ਅਤੇ ਦੇਸ਼ ਦਾ ਪ੍ਰਚਮ ਲਹਿਰਾਉਣ ਵਾਲੀ ਇਤਿਹਾਸਿਕ ਨਗਰ ਕਰਹਾਲੀ ਸਾਹਿਬ ਦੀ ਜੰਮਪਲ ਧੀ ਅਮਨਜੋਤ ਕੌਰ ਨੂੰ ਪੰਜਾਬ ਪੁਲਿਸ ਡਿਪਾਰਟਮੇਂਟ ਦੇ ਉੱਚ ਅਧਿਕਾਰੀਆਂ ਵੱਲੋਂ ਉਹਨਾਂ ਦੇ ਮੋਢਿਆਂ ਤੇ ਤਰੱਕੀ ਦੇ ਸਟਾਰ ਲਗਾ ਕੇ ਇੰਸਪੈਕਟਰ ਰੈਂਕ ਨਾਲ ਪ੍ਰਮੋਟ ਕੀਤਾ ਗਿਆ ਹੈ। ਅਦਾਰਾ ਚੜ੍ਹਦੀਕਲਾ ਨਾਲ ਗੱਲਬਾਤ ਕਰਦਿਆਂ ਐਸ ਆਈ ਤੋਂ ਪ੍ਰਮੋਟ ਹੋ ਕੇ ਇੰਸਪੈਕਟਰ ਬਣੀ ਅਮਨਜੋਤ ਕੌਰ ਨੇ ਦੱਸਿਆ ਕਿ ਉਹ ਸਾਲ 2017 'ਚ ਪੰਜਾਬ ਪੁਲਿਸ 'ਚ ਬਤੌਰ ਸਬ ਇੰਸਪੈਕਟਰ ਭਰਤੀ ਹੋਏ ਸਨ, ਜਿਸ ਤੋਂ ਬਾਅਦ ਉਹ ਲਗਾਤਾਰ ਆਪਣੀ ਗੇਮ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਲਈ ਇਨਸਾਫ ਪਸੰਦ ਮਾਹੌਲ ਪ੍ਰਦਾਨ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਹਨ। ਇਸ ਮੌਕੇ ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਖਾਸ ਤੌਰ ਤੇ ਧੀਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਮੇਸ਼ਾ ਆਪਣੇ ਬੱਚਿਆਂ ਤੇ ਬੱਚੀਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਆਤਮ ਨਿਰਭਰ ਬਣਾਉਣਾ ਚਾਹੀਦਾ ਹੈ, ਤਾਂ ਕਿ ਉਹ ਖਾਸ ਕਰਕੇ ਸਾਡੇ ਸਮਾਜ ਵਿੱਚ ਔਰਤਾਂ ਖਿਲਾਫ ਫੈਲ ਰਹੀਆਂ ਭੈੜੀਆਂ ਕੁਰੀਤੀਆਂ ਨਾਲ ਡੱਟ ਕੇ ਮੁਕਾਬਲਾ ਕਰਨ ਦੇ ਸਮਰੱਥ ਹੋਣ ਤੋਂ ਇਲਾਵਾ ਜੀਵਨ ਦੇ ਮੁਕਾਮ ਤੇ ਪਹੁੰਚਣ ਲਈ ਫਿਜੀਕਲ, ਸਰੀਰਕ ਸਿੱਖਿਆ ਦੇ ਨਾਲ ਨਾਲ ਮਾਨਸਿਕ ਤੌਰ ਤੇ ਮਜਬੂਤ ਮਨੋਬਲ ਉੱਚਾ ਕਰਨ 'ਚ ਸਹਾਇਤਾ ਕਰਨੀ ਚਾਹੀਦੀ ਹੈ। ਅਖੀਰ 'ਚ ਇੰਸਪੈਕਟਰ ਅਮਨਜੋਤ ਕੌਰ ਨੇ ਕਿਹਾ ਕਿ ਜਿੱਥੇ ਇਸ ਮੁਕਾਮ ਤੱਕ ਪਹੁੰਚਣ ਚ ਉਹਨਾਂ ਨੂੰ ਆਪਣੇ ਪੇਰੈਂਟਸ ਅਤੇ ਅਧਿਆਪਕ ਸਾਹਿਬਾਨ ਦਾ ਵੱਡਾ ਅਸ਼ੀਰਵਾਦ ਉਹਨਾਂ ਦੇ ਨਾਲ ਰਿਹਾ ਹੈ, ਇਸਦੇ ਨਾਲ ਨਾਲ ਉਹ ਇਤਿਹਾਸਕ ਅਸਥਾਨ ਪਾਤਸ਼ਾਹੀ ਛੇਵੀਂ ਤੇ ਨੌਵੀਂ ਦੇ ਗੁਰਦੁਆਰਾ ਕਰਹਾਲੀ ਸਾਹਿਬ ਤੋਂ ਪ੍ਰਾਪਤ ਹੋਈ ਬਖਸ਼ਿਸ਼ ਪ੍ਰਤੱਖ ਰੂਪ ਵਿੱਚ ਮਹਿਸੂਸ ਕਰਦੇ ਹੋਏ ਸ਼ਰਧਾ ਤੇ ਸਤਿਕਾਰ ਭੇਟ ਕਰਦੇ ਹਨ ਜਿਥੋਂ ਕਿ ਸੈਂਕੜੇ ਲੋਕ ਆਪਣੀਆਂ ਅਰਦਾਸਾਂ ਬੇਨਤੀਆਂ ਕਰਕੇ ਗੁਰੂ ਸਾਹਿਬ ਤੋਂ ਸੀਰਵਾਦ ਪ੍ਰਾਪਤ ਕਰਕੇ ਉੱਚੇ ਮੁਕਾਮ ਤੱਕ ਪਹੁੰਚੇ ਹਨ। ਉਹਨਾਂ ਦੱਸਿਆ ਕਿ ਉਹ ਇਸ ਮੌਕੇ ਪੰਜਾਬ ਪੁਲਿਸ ਦੇ ਸਪੋਰਟ ਸੈਲ ਸੈਂਟਰ ਦੇ ਨਾਲੋ ਨਾਲ 82 ਬਟਾਲੀਅਨ ਚੰਡੀਗੜ੍ਹ ਵਿਖੇ ਆਪਣੀ ਡਿਊਟੀ ਨਿਭਾ ਰਹੇ ਹਨ।