ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਨੂੰ ਜਨਰਲ ਮੈਨੇਜਰ ਮਾਰਕੀਟਿੰਗ ਦੇ ਅਹੁਦੇ ਤੇ ਕੀਤਾ ਨਿਯੁਕਤ
ਵਿਬਾਗ ਦੇ ਮੁਲਾਜ਼ਮਾਂ ਨੇ ਅਧਿਕਾਰੀ ਲਈ ਨਿੱਘੀ ਵਿਦਾਇਗੀ ਪਾਰਟੀ ਦਾ ਕੀਤਾ ਆਯੋਜਨ
ਰੋਹਿਤ ਗੁਪਤਾ
ਗੁਰਦਾਸਪੁਰ , 6 ਅਕਤੂਬਰ – ਵਿਭਾਗੀ ਤਰੱਕੀ ਕਮੇਟੀ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੂੰ ਜੁਆਇੰਟ ਡਾਇਰੈਕਟਰ (ਖੇਤੀਬਾੜੀ) ਵਜੋਂ ਤਰੱਕੀ ਦੇ ਕੇ ਜਨਰਲ ਮੈਨੇਜਰ ਮਾਰਕੀਟਿੰਗ (ਪਨਸੀਡ) ਦੇ ਅਹੁਦੇ ‘ਤੇ ਨਿਯੁਕਤ ਕੀਤਾ ਹੈ। ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਮੂਹ ਅਧਿਕਾਰੀ/ਕਰਮਚਾਰੀਆਂ ਵਲੋਂ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਚ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਡਾਕਟਰ ਸ਼ਾਹਬਾਜ ਸਿੰਘ ਚੀਮਾ,ਡਾਕਟਰ ਮਨਪ੍ਰੀਤ ਸਿੰਘ ,ਡਾਕਟਰ ਹਰਮਨਦੀਪ ਸਿੰਘ ਪ੍ਰਧਾਨ ਪਲਾਂਟ ਡਾਕਟਰ ਐਸੋਸੀਏਸ਼ਨ ਪੰਜਾਬ,ਅਰਜਿੰਦਰ ਸਿੰਘ ਖੇਤੀ ਵਿਸਥਾਰ ਅਫ਼ਸਰ,ਜਿੰਦਰ ਪਾਲ ਸੁਪਰਡੈਂਟ ਸਮੇਤ ਸਮੂਹ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।
ਵਿਦਾਇਗੀ ਸਮਾਰੋਹ ਵਿਚ ਹਾਜ਼ਰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਡਾਕਟਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਡਾ. ਅਮਰੀਕ ਸਿੰਘ ਵਲੋਂ ਜ਼ਿਲ੍ਹਾ ਗੁਰਦਾਸਪੁਰ ਅੰਦਰ ਬਤੌਰ ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਸਿਖਲਾਈ ਅਫ਼ਸਰ ਅਤੇ ਜ਼ਿਲ੍ਹਾ ਪਠਾਨਕੋਟ, ਫ਼ਰੀਦਕੋਟ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਸਮੇਤ ਹੋਰ ਅਹਿਮ ਅਹੁਦਿਆਂ ’ਤੇ ਸੇਵਾਵਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਵਲੋਂ ਦਿੱਤੀਆਂ ਸ਼ਲਾਘਾਯੋਗ ਸੇਵਾਵਾਂ ਬਦਲੇ ਪੰਜਾਬ ਸਰਕਾਰ ਵਲੋਂ 2017 ਦੌਰਾਨ ਰਾਜ ਪੁਰਸਕਾਰ,ਹੰਸ ਰਾਜ ਕਾਲਜ ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ ਵਿਖੇ ਆਯੋਜਿਤ ਦੂਜੀ ਅੰਤਰਰਾਸ਼ਟਰੀ ਕਾਨਫ਼ਰੰਸ ਦੌਰਾਨ ਡਾ.ਅਮਰੀਕ ਸਿੰਘ ਨੂੰ ਫ਼ਸਲ ਵਿਗਿਆਨ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਬਿਹਤਰੀਨ ਸੇਵਾਵਾਂ ਲਈ “ਲਾਈਫ਼ ਟਾਈਮ ਅਚੀਵਮੈਂਟ ਅਵਾਰਡ’ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸੇ ਤਰਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤਿੰਨ ਵਾਰ ਬਿਹਤਰੀਨ ਪਸਾਰ ਕਾਮੇ ਵਜੋਂ, ਗੁਜਰਾਤ ਸਰਕਾਰ ਵੱਲੋਂ ਸਾਲ 2023 ਵਿੱਚ ਕਰਵਾਈ ਅੰਤਰਰਾਸ਼ਟਰੀ ਕਾਨਫ਼ਰੰਸ ਮੌਕੇ ਪਸਾਰ ਸੇਵਾਵਾਂ ਵਿੱਚ ਉੱਤਮਤਾ ਪੁਰਸਕਾਰ, ਆਸਥਾ ਫਾਊਂਡੇਸ਼ਨ ਮੇਰਠ(ਯੂ.ਪੀ.) ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਅਤੇ ਪਠਾਨਕੋਟ ਵੱਲੋਂ ਪਸਾਰ ਸੇਵਾਵਾਂ ਵਿੱਚ ਉੱਤਮਤਾ ਪੁਰਸਕਾਰ ਵਜੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ । ਉਨ੍ਹਾਂ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਫ਼ਸਲ ਵਿਗਿਆਨ ਵਿਸ਼ੇ ਵਿਚ ਪੀ ਐਚ ਡੀ ਕੀਤੀ ਹੋਈ ਹੈ।
ਉਨ੍ਹਾਂ ਕਿਹਾ ਕਿ ਡਾ. ਅਮਰੀਕ ਸਿੰਘ ਨਾਲ ਬਿਤਾਏ ਹੋਏ ਪਲ ਹਮੇਸ਼ਾ ਯਾਦਗਰੀ ਰਹਿਣਗੇ, ਜਿਸ ਸ਼ਿੱਦਤ ਨਾਲ ਕਿਸਾਨੀ ਲਈ ਕੰਮ ਕੀਤੇ ਗਏ ਉਹ ਸ਼ਲਾਘਾਯੋਗ ਹਨ । ਉਨ੍ਹਾਂ ਕਿਹਾ ਕਿ ਆਪ ਨੇ ਬਹੁਤ ਇਮਾਨਦਾਰੀ ਅਤੇ ਨਿਡਰਤਾ ਨਾਲ ਕਿਸਾਨਾਂ ਨੂੰ ਹਰ ਮਿਆਰੀ ਖੇਤੀ ਇਨਪੁਟ ਮੁਹਈਆ ਕਰਾਉਣ ਲਈ ਵਿਸ਼ੇਸ਼ ਯਤਨ ਕੀਤੇ। ਖੇਤੀ ਪਸਾਰ ਸੇਵਾਵਾਂ ਵਿਚ ਆਪ ਨਵੇ ਮੀਲ ਪੱਥਰ ਸਥਾਪਤ ਕੀਤੇ ਹਨ, ਨਿੱਜੀ ਸਮੇਂ ਚੋ ਸਮਾ ਕੱਢ ਕੇ ਸੋਸ਼ਲ ਮੀਡੀਆ ਤੇ ਖੇਤੀ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਜਾਣਕਾਰੀ ਸਾਂਝੀ ਕਰਨੀ ਵਿਸ਼ੇਸ਼ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਆਲੋਚਨਾਵਾਂ ਦੇ ਬਾਵਜ਼ੂਦ ਵੀ ਆਪ ਸਿਖਰ ਤੇ ਰਹੇ ।ਸੱਚੇ ਸੁੱਚੇ ਕਿਰਦਾਰ ਨਾਲ ਆਪਣਾ ਫਰਜ਼ ਪੂਰੀ ਨਿਡਰਤਾ, ਨਿਰਵੈਰਤਾ, ਗ਼ੈਰਤ ਅਤੇ ਸਵੈਮਾਣ ਨਾਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਡਾ. ਅਮਰੀਕ ਸਿੰਘ ਵੱਲੋਂ ਪੰਜਾਬ ਦੀ ਖੇਤੀਬਾੜੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਗੁਰਦਾਸਪੁਰ ਵਿਚ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਬਿਤਾਇਆ 8 ਮਹੀਨੇ ਦਾ ਸਮਾਂ ਹਮੇਸ਼ਾਂ ਯਾਦ ਰਹੇਗਾ। ਉਨ੍ਹਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੋਇਆ ਕਿ 8 ਮਹੀਨਿਆਂ ਦੌਰਾਨ ਭਰੇ ਗਏ ਖਾਦ ਦੇ ਸੈਂਪਲਾਂ ਵਿਚੋਂ 11 ਸੈਂਪਲ ਗੈਰ ਮਿਆਰੀ ਪਾਏ ਗਏ ਅਤੇ ਖਾਦਾਂ ਦੀ ਕਾਲਾਬਜ਼ਾਰੀ ਨਾਲ ਸਬੰਧਤ 3 ਕੇਸ ਕਰਵਾਈ ਲਈ ਪੁਲਿਸ ਵਿਭਾਗ ਨੂੰ ਕੇਸ ਭੇਜੇ ਗਏ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਮੁਢਲਾ ਕੰਮ ਕਿਸਾਨਾਂ ਤੱਕ ਨਵੀਨਤਮ ਖੇਤੀ ਤਕਨੀਕਾਂ ਨੂੰ ਪਸਾਰ ਸਿੱਖਿਆ ਦੇ ਵੱਖ ਵੱਖ ਮਾਧਿਅਮਾਂ ਰਾਹੀਂ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਅਮਰੀਕ ਸਿੰਘ ਵਲੋਂ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਅਗਵਾਈ ਦਿੰਦਿਆਂ ਸਮੂਹ ਸਟਾਫ ਨੂੰ ਕਿਸਾਨਾਂ ਨਾਲ ਲਗਾਤਾਰ ਰਾਬਤਾ ਬਣਾਉਣ ਲਈ ਹਰ ਹਫ਼ਤੇ ਦੋ ਦਿਨ ਪਿੰਡਾਂ ਵਿਚ ਘੱਟੋ ਘੱਟ ਦੋ ਘੰਟੇ ਸਾਂਝੀਆਂ ਥਾਵਾਂ ਤੇ ਬੈਠ ਕੇ ਖ਼ੇਤੀਬਾੜੀ ਨਾਲ ਸਬੰਧਤ ਸਮੱਸਿਆਵਾਂ ਹੱਲ ਕਰ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵੱਲੋਂ ਕਿਸਾਨਾਂ ਖ਼ਾਸ ਕਰਕੇ ਨੌਜਵਾਨ ਕਿਸਾਨਾਂ ਨੂੰ ਖੇਤੀ ਨਾਲ ਜੋੜਨ ਅਤੇ ਤਕਨੀਕੀ ਤੌਰ ਤੇ ਮਜ਼ਬੂਤ ਕਰਨ, ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ, ਨੌਜਵਾਨ ਕਿਸਾਨਾਂ ਨੂੰ ਖੇਤੀ ਸਹਾਇਕ ਕਿੱਤਿਆਂ ਨਾਲ ਜੋੜਨ, ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੇ ਬਚਾਅ ਲਈ ਸੋਸ਼ਲ ਮੀਡੀਆ ਵਟਸਐਪ,ਫੇਸਬੁੱਕ ਅਤੇ ਯੂ ਟਿਉਬ ਦੀ ਵਰਤੋਂ ਕੀਤੀ ਜਾਂ ਰਹੀ ਹੈ। ‘ਉੱਤਮ ਖੇਤੀ ਪੰਜਾਬ’ ਨਾਮਕ ਯੂ ਟਿਊਬ ਚੈਨਲ ਵੀ ਚਲਾਇਆ ਜਾ ਰਿਹਾ ਹੈ ਜਿਸ ਦੇ ਕਰੀਬ 10 ਹਜ਼ਾਰ ਨੌਜਵਾਨ ਕਿਸਾਨ ਮੈਂਬਰ ਹਨ।
ਖ਼ੇਤੀਬਾੜੀ ਅਧਿਕਾਰੀ/ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ 35 ਸਾਲਾਂ ਦੌਰਾਨ ਸਮੂਹ ਅਧਿਕਾਰੀ/ਕਰਮਚਾਰੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਗੁਰਦਾਸਪੁਰ ,ਪਠਾਨਕੋਟ ਅਤੇ ਫ਼ਰੀਦਕੋਟ ਵਿੱਚ ਕਿਸਾਨਾਂ ਨੁੰ ਬੇਹਤਰ ਸੇਵਾਵਾਂ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਸਕਰਾਤਮਿਕ ਨਤੀਜੇ ਵੀ ਦੇਖਣ ਨੁੰ ਮਿਲੇ ਹਨ। ਉਨ੍ਹਾਂ ਸਮੂਹ ਅਧਿਕਾਰੀ ਕਰਮਚਾਰੀਆਂ ਨੂੰ ਕਿਸਾਨਾਂ ਪ੍ਰਤੀ ਬਣਦੇ ਫਰਜ਼ ਪੂਰੀ ਇਮਾਨਦਾਰੀ ,ਦਿਆਨਤਦਾਰੀ ਅਤੇ ਮਿਹਨਤ ਨਾਲ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਹਰੇਕ ਖ਼ੇਤੀਬਾੜੀ ਅਧਿਕਾਰੀ/ਕਰਮਚਾਰੀ ਨੂੰ ਪਸਾਰ ਸਿੱਖਿਆ ਦਾ ਹਰ ਸੰਭਵ ਤਰੀਕਾ ਵਰਤ ਕੇ ਖੇਤੀ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣ ਦਾ ਯਤਨ ਕਰਨਾ ਚਾਹੀਦਾ ਤਾਂ ਜੋਂ ਖੇਤੀ ਲਾਗਤ ਖਰਚੇ ਘਟਾ ਕੇ ਕਿਸਾਨਾਂ ਦੀ ਸੁੱਧ ਆਮਦਨ ਵਧਾਈ ਜਾ ਸਕੇ। ਅਖੀਰ ਵਿੱਚ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੇ ਯਾਦਗਾਰੀ ਚਿੰਨ ਦੇ ਕੇ ਡਾਕਟਰ ਅਮਰੀਕ ਸਿੰਘ ਨੂੰ ਸਨਮਾਨਿਤ ਕੀਤਾ ਗਿਆ।