ਬਠਿੰਡਾ: ਬੇਅੰਤ ਨਗਰ ਵਿਖੇ ਔਰਤਾਂ ਲਈ ਮੁਫ਼ਤ ਕੈਂਸਰ ਜਾਂਚ ਕੈਂਪ ਦੀ ਅੱਜ ਤੋਂ ਸ਼ੁਰੂਆਤ
ਦੋ ਦਿਨਾਂ ਕੈਂਪ ਵਿੱਚ ਕੀਤੀ ਜਾਵੇਗੀ ਛਾਤੀ ਅਤੇ ਬੱਚੇਦਾਨੀ ਦੇ ਕੈਸਰ ਦੀ ਮੁਫ਼ਤ ਜਾਂਚ
ਅਸ਼ੋਕ ਵਰਮਾ
ਬਠਿੰਡਾ, 11 ਜੂਨ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾ ਤਹਿਤ ਔਰਤਾਂ ਲਈ ਬ੍ਰੈਸਟ ਕੈਂਸਰ ਅਤੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ ਮੁਫ਼ਤ ਸਕਰੀਨਿੰਗ ਕੈਂਪ ਯੂ.ਪੀ.ਐਚ.ਸੀ ਬੇਅੰਤ ਨਗਰ ਵਿਖੇ ਮਿਤੀ 12 ਅਤੇ 13 ਜੂਨ ਨੂੰ ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਬ੍ਰੈਸਟ ਕੈਂਸਰ ਅਤੇ ਬੱਚੇਦਾਨੀ ਦੇ ਕੈਂਸਰ ਦੀ ਸਮੇਂ ਸਿਰ ਪਛਾਣ ਨਾਲ ਇਸ ਬੀਮਾਰੀ ਤੋਂ ਬਚਾਅ ਅਤੇ ਇਲਾਜ ਸੰਭਵ ਹੈ । ਉਨ੍ਹਾਂ ਕਿਹਾ ਕਿ ਅਜਿਹੇ ਸਕਰੀਨਿੰਗ ਕੈਂਪ ਔਰਤਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।
ਉਹਨਾਂ ਕਿਹਾ ਕਿ ਬ੍ਰੈਸਟ ਕੈਂਸਰ ਅਤੇ ਬੱਚੇਦਾਨੀ ਦਾ ਕੈਂਸਰ ਔਰਤਾਂ ਵਿੱਚ ਤੇਜ਼ੀ ਨਾਲ ਵਧ ਰਹੀ ਇੱਕ ਗੰਭੀਰ ਬੀਮਾਰੀ ਹੈ ਪਰ ਨਿਯਮਿਤ ਸਕਰੀਨਿੰਗ ਅਤੇ ਸਵੈ-ਜਾਂਚ ਰਾਹੀਂ ਇਸਨੂੰ ਸ਼ੁਰੂਆਤੀ ਪੜਾਅ ‘ਚ ਹੀ ਪਛਾਣਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਇਸ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਔਰਤਾਂ ਨੂੰ ਮੁਫ਼ਤ ਜਾਂਚ ਅਤੇ ਸਹੀ ਮਾਰਗਦਰਸ਼ਨ ਮੁਹੱਈਆ ਕਰਵਾਇਆ ਜਾ ਸਕੇ।
ਇਸ ਮੌਕੇ ਕੈਂਸਰ ਸਕਰੀਨਿੰਗ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ ਕਰਨ ਅਬਰੋਲ ਨੇ ਦੱਸਿਆ ਕਿ ਕੈਂਪ ਦੌਰਾਨ ਮਹਿਲਾਵਾਂ ਨੂੰ ਬ੍ਰੈਸਟ ਸਵੈ-ਜਾਂਚ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ ਅਤੇ ਜਰੂਰਤ ਅਨੁਸਾਰ ਅੱਗੇ ਦੀ ਜਾਂਚ ਲਈ ਰੈਫ਼ਰ ਵੀ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਮਕਸਦ ਔਰਤਾਂ ਵਿੱਚ ਹੋਣ ਵਾਲੇ ਕੈਂਸਰ ਦੀ ਜਲਦੀ ਪਛਾਣ ਕਰਕੇ ਮੌਤ ਦੀ ਦਰ ਨੂੰ ਘਟਾਉਣਾ ਹੈ ਅਤੇ ਇਸ ਲਈ ਅਜਿਹੇ ਜਾਗਰੂਕਤਾ ਅਤੇ ਸਕਰੀਨਿੰਗ ਕੈਂਪ ਲਗਾਤਾਰ ਜਾਰੀ ਰਹਿਣਗੇ।
ਅੰਤ ਵਿੱਚ ਸਿਹਤ ਵਿਭਾਗ ਵੱਲੋਂ ਸਮੂਹ ਔਰਤਾਂ ਨੂੰ ਆਪਣੀ ਸਿਹਤ ਪ੍ਰਤੀ ਸਚੇਤ ਰਹਿਣ ਅਤੇ ਨਿਯਮਿਤ ਤੌਰ ‘ਤੇ ਬ੍ਰੈਸਟ ਕੈਂਸਰ ਅਤੇ ਬੱਚੇਦਾਨੀ ਦੇ ਕੈਂਸਰ ਦੀ ਸਕਰੀਨਿੰਗ ਕਰਵਾ ਕੇ ਸਰਕਾਰੀ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ।
ਇਸ ਮੌਕੇ ਮਾਸ ਮੀਡੀਆ ਵਿੰਗ ਨੇ ਅਪੀਲ ਕੀਤੀ ਕਿ ਐਚ.ਪੀ.ਵੀ ਵੈਕਸੀਨ ਬੱਚੀਆਂ ਨੂੰ ਸਰਵਾਈਕਲ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਉਣ ਲਈ ਬਹੁਤ ਪ੍ਰਭਾਵਸ਼ਾਲੀ ਹੈ ਜੋ ਕਿ ਸਰਕਾਰੀ ਸਿਹਤ ਕੇਂਦਰਾਂ ਵਿੱਚ ਬਿਲਕੁੱਲ ਮੁਫਤ ਲਗਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਟੀਕਾਕਰਣ ਮੁਹਿੰਮ ਬੱਚੀਆਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਚਲਾਈ ਜਾ ਰਹੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੱਚੀਆਂ ਦਾ ਟੀਕਾਕਰਣ ਜ਼ਰੂਰ ਕਰਵਾਉਣ ਤਾਂ ਜੋ ਭਵਿੱਖ ਵਿੱਚ ਕੈਂਸਰ ਦੇ ਖਤਰੇ ਨੂੰ ਘਟਾਇਆ ਜਾ ਸਕੇ।