Political Special ਨਗਰ ਕੌਂਸਲ ਚੋਣਾਂ: ਸੂਈ ਦੇ ਸਿਆਸੀ ਨੱਕੇ ਚੋਂ ਨਿਕਲਕੇ ਸਿਰ ਸਜ਼ਿਆ ਜਿੱਤ ਦਾ ਸਿਹਰਾ ਮੀਆਂ
ਅਸ਼ੋਕ ਵਰਮਾ
ਬਠਿੰਡਾ, 10 ਜੂਨ 2026 : ਪੰਜਾਬ ’ਚ ਹਾਲ ਹੀ ਵਿੱਚ ਹੋਈਆਂ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਚੋਣਾਂ ਦੌਰਾਨ ਕਈ ਉਮੀਦਵਾਰਾਂ ਨੂੰ ਜਿੱਤਣ ਲਈ ਸੂਈ ਦੇ ਨੱਕੇ ਥਾਣੀਂ ਲੰਘਣਾ ਪਿਆ ਹੈ। ਹਾਲਾਂਕਿ ਇੰਨ੍ਹਾਂ ਉਮੀਦਵਾਰਾਂ ਦੀ ਗਿਣਤੀ ਕੁੱਲ ਉਮੀਦਵਾਰਾਂ ਦੇ ਮੁਕਾਬਲੇ ਬਹੁਤੀ ਵੱਡੀ ਨਹੀਂ ਪਰ ਮਹੱਤਵਪੂਰਨ ਹੈ ਕਿ ਉਨ੍ਹਾਂ ਦੀ ਜਿੱਤ ਹਾਰ ਦਾ ਫਰਕ ਬੇਹੱਦ ਛੋਟਾ ਰਿਹਾ ਹੈ । ਇਨ੍ਹਾਂ ਉਮੀਦਵਾਰਾਂ ਨੂੰ ਜਿਆਦਾਤਰ ਸਮਾਂ ਆਪਣੀ ਹਾਰ ਹੁੰਦੀ ਨਜ਼ਰ ਆਈ ਪਰ ਅੰਤ ਵਿੱਚ ਜਦੋਂ ਨਤੀਜਾ ਐਲਾਨਿਆ ਤਾਂ ਉਹ ਇਸ ਸਿਆਸੀ ਜੰਗ ਚੋਂ ਜੇਤੂ ਹੋਕੇ ਨਿਕਲੇ ਹਨ। ਇੰਨ੍ਹਾਂ ਉਮੀਦਵਾਰਾਂ ਦੀ ਜਿੱਤ ਦਾ ਅੰਤਰ 1 ਤੋਂ 9 ਵੋਟਾਂ ਤੱਕ ਦਾ ਰਿਹਾ ਹੈ ਜਦੋਂਕਿ ਕਈ ਸਿਰਫ਼ ਇੱਕ ਜਾਂ ਦੋ ਵੋਟਾਂ ਦੇ ਫ਼ਰਕ ਨਾਲ ਹੀ ਚੋਣ ਜਿੱਤੇ ਹਨ। ਪੰਜਾਬ ’ਚ ਕਰੀਬ 64 ਉਮੀਦਵਾਰਾਂ ਦੀ ਜਿੱਤ ਦਾ ਫ਼ਰਕ 10 ਵੋਟਾਂ ਤੋਂ ਵੀ ਘੱਟ ਦਾ ਰਿਹਾ ਹੈ।
ਕਰੀਬ 225 ਅਜਿਹੇ ਉਮੀਦਵਾਰ ਸਾਹਮਣੇ ਆਏ ਹਨ ਜਿੰਨ੍ਹਾਂ ਦੀ ਜਿੱਤ ਦਾ ਫ਼ਰਕ 30 ਵੋਟਾਂ ਤੋਂ ਵੀ ਘੱਟ ਦਾ ਹੈ। ਬਠਿੰਡਾ ਜਿਲ੍ਹੇ ਦੀ ਨਗਰ ਪੰਚਾਇਤ ਨਥਾਣਾ ਦੇ ਵਾਰਡ ਨੰਬਰ 6 ਚੋਂ ਅਕਾਲੀ ਉਮੀਦਵਾਰ ਕੁਲਦੀਪ ਰਾਏ 2 ਵੋਟਾਂ ’ਤੇ ਜਿੱਤਿਆ ਹੈ। ਨਗਰ ਕੌਂਸਲ ਗੋਨਿਆਣਾ ਦੇ ਵਾਰਡ ਨੰਬਰ 9 ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਮਨਦੀਪ ਕੌਰ ਸਿਰਫ 4 ਵੋਟਾਂ ’ਤੇ ਜਿੱਤ ਸਕੀ ਹੈ। ਇੱਥੋਂ ਦੇ ਵਾਰਡ ਨੰਬਰ 6 ਚੋਂ ਹੀ ਅਜਾਦ ਉਮੀਦਵਾਰ ਰਕੇਸ਼ ਕੁਮਾਰ 6 ਵੋਟਾਂ ਦੇ ਫਰਕ ਨਾਲ ਜਿੱਤ ਸਕਿਆ ਹੈ। ਭਾਈ ਰੂਪਾ ਨਗਰ ਪੰਚਾਇਤ ’ਚ ‘ਆਪ’ ਉਮੀਦਵਾਰ ਕੁਲਦੀਪ ਸਿੰਘ , ਹਰਦੀਪ ਸਿੰਘ ਅਤੇ ਜਸਵੀਰ ਸਿੰਘ ਕ੍ਰਮਵਾਰ 6 , 7 ਅਤੇ 9 ਵੋਟਾਂ ਦੇ ਫਰਕ ਨਾਲ ਮਸਾਂ ਜਿੱਤੇ ਹਨ। ਲਹਿਰਾ ਮੁਹੱਬਤ ਦੇ ਵਾਰਡ ਨੰਬਰ 8 ’ਚ ਅਕਾਲੀ ਉਮੀਦਵਾਰ ਮੇਵਾ ਸਿੰਘ ਨੂੰ ਸਿਰਫ 8 ਵੋਟਾਂ ਨਾਲ ਜਿੱਤ ਵਾਲਾ ਮੇਵਾ ਮਿਲਿਆ ਹੈ।
ਨਗਰ ਪੰਚਾਇਤ ਕੋਠਾ ਗੁਰੂ ਦੇ ਵਾਰਡ ਨੰਬਰ 10 ਵਿੱਚ ਅਜਾਦ ਉਮੀਦਵਾਰ ਗੁਰਲਾਭ ਸਿੰਘ ਨੂੰ 9 ਵੋਟਾਂ ਨਾਲ ਜਿੱਤ ਨਸੀਬ ਹੋਈ । ਭਗਤਾ ਭਾਈ ਦੇ ਵਾਰਡ ਨੰਬਰ 13 ’ਚ ਅਕਾਲੀ ਉਮੀਦਵਾਰ ਮਨਜੀਤ ਸਿੰਘ ਧੁੰਨਾ 6 ਵੋਟਾਂ ’ਤੇ ਜਿੱਤਿਆ ਹੈ। ਇੱਥੇ ਹੀ ਕਾਂਗਰਸੀ ਉਮੀਦਵਾਰ ਸੁਖਦੀਪ ਸਿੰਘ 9 ਵੋਟਾਂ ਨਾਲ ਚੋਣ ਜਿੱਤੀ ਹੈ। ਨਗਰ ਪੰਚਾਇਤ ਅਰਨੀਵਾਲਾ ਦੇ ਵਾਰਡ ਨੰਬਰ ਪੰਜ ’ਚੋਂ ਅਕਾਲੀ ਉਮੀਦਵਾਰ ਵੀਰਪਾਲ ਕੌਰ ਸਿਰਫ਼ ਇੱਕ ਵੋਟ ਨਾਲ ਹੀ ਜੇਤੂ ਰਹੀ ਹੈ । ਇਸੇ ਤਰ੍ਹਾਂ ਮੁਕੇਰੀਆਂ ਕੌਂਸਲ ਦੇ ਵਾਰਡ ਨੰਬਰ ਅੱਠ ਦਾ ਭਾਜਪਾ ਉਮੀਦਵਾਰ ਸੁਭਾਸ਼ ਚੰਦਰ ਵੀ ਇੱਕ ਵੋਟ ਨਾਲ ਹੀ ਜਿੱਤਿਆ। ਬੁਢਲਾਡਾ ਕੌਂਸਲ ਦੇ ਵਾਰਡ ਨੰਬਰ ਇੱਕ ਦਾ ਅਜ਼ਾਦ ਉਮੀਦਵਾਰ ਜਗਸੀਰ ਸਿੰਘ ਕੇਵਲ ਤਿੰਨ ਵੋਟ ਦੇ ਫ਼ਰਕ ਨਾਲ ਹੀ ਜਿੱਤਿਆ ਜਦੋਂਕਿ ਬੱਸੀ ਪਠਾਣਾਂ ਦੇ ਵਾਰਡ ਨੰਬਰ 10 ਤੋਂ ‘ਆਪ’ ਉਮੀਦਵਾਰ ਰਾਜ ਕੁਮਾਰ ਸਿਰਫ਼ ਦੋ ਵੋਟਾਂ ਦੇ ਫ਼ਰਕ ਨਾਲ ਹੀ ਜਿੱਤ ਸਕਿਆ।
ਧਨੌਲਾ ਦੇ ਵਾਰਡ ਨੰਬਰ ਦੋ ’ਚੋਂ ਅਜ਼ਾਦ ਉਮੀਦਵਾਰ ਬਿਕਰਮਜੀਤ ਸਿੰਘ ਦੋ ਵੋਟਾਂ ਦੇ ਫ਼ਰਕ ਨਾਲ ਹੀ ਜਿੱਤ ਸਕਿਆ ਹੈ। ਨੰਗਲ ਦੇ ਵਾਰਡ ਨੰਬਰ ਤਿੰਨ ਤੋਂ ‘ਆਪ’ ਉਮੀਦਵਾਰ ਮਨਜੋਤ ਸਿੰਘ ਵੀ ਦੋ ਵੋਟਾਂ ਦੇ ਫ਼ਰਕ ਨਾਲ ਹੀ ਜਿੱਤਿਆ ਹੈ । ਕੋਟ ਈਸੇ ਖ਼ਾਨ ਦੇ ਵਾਰਡ ਨੰਬਰ 12 ਤੋਂ ‘ਆਪ’ ਦਾ ਮੁਕੇਸ਼ ਕੁਮਾਰ ਵੀ ਸਿਰਫ਼ ਤਿੰਨ ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ ਹੈ। ਨਗਰ ਪੰਚਾਇਤ ਜੋਗਾ ਦੇ ਵਾਰਡ ਨੰਬਰ ਅੱਠ ਤੋਂ ਆਜ਼ਾਦ ਉਮੀਦਵਾਰ ਰਜਿੰਦਰ ਸਿੰਘ ਵੀ ਤਿੰਨ ਵੋਟਾਂ ਦੇ ਫ਼ਰਕ ਨਾਲ ਜਿੱਤਿਆ ਹੈ। ਕੁਰਾਲੀ ਦੇ ਵਾਰਡ ਨੰਬਰ 15 ਤੋਂ ਭਾਜਪਾ ਦੀ ਕਰਮਜੀਤ ਕੌਰ ਵੀ ਚਾਰ ਵੋਟਾਂ ਨਾਲ ਜਿੱਤੀ ਹੈ। ਗੋਬਿੰਦਗੜ੍ਹ ਦੇ ਵਾਰਡ ਨੰਬਰ ਚਾਰ ਤੋਂ ਕਾਂਗਰਸ ਦੀ ਸਾਧੂ ਰਾਣੀ ਵੀ ਤਿੰਨ ਵੋਟਾਂ ਦੇ ਫ਼ਰਕ ਨਾਲ ਹੀ ਚੋਣ ਜਿੱਤੀ ਹੈ। ਕੋਟਫੱਤਾ ਦੇ ਵਾਰਡ ਨੰਬਰ ਦੋ ਚੋਂ ਦਾਰਾ ਸਿੰਘ 8 ਵੋਟਾਂ ’ਤੇ ਜਿੱਤਿਆ ਹੈ।
ਕਿਸਮਤ ਪੁੜੀ ਨੇ ਕੱਢੀ ਲਾਟਰੀ
ਪੰਜਾਬ ’ਚ ਕਈ ਉਮੀਦਵਾਰਾਂ ਨੂੰ ਇੱਕੋ ਜਿੰਨੀਆਂ ਵੋਟਾਂ ਮਿਲਣ ਪਿੱਛੋਂ ਹਾਰ ਜਿੱਤ ਦਾ ਫ਼ੈਸਲਾ ਪਰਚੀ ਨਾਲ ਕੀਤਾ ਗਿਆ। ਨਗਰ ਕੌਂਸਲ ਬੋਹਾ ਦੇ ਵਾਰਡ ਨੰਬਰ 10 ’ਚ ਅਕਾਲੀ ਉਮੀਦਵਾਰ ਗੁਰਮੀਤ ਸਿੰਘ ਅਤੇ ਆਜ਼ਾਦ ਉਮੀਦਵਾਰ ਪਰਦੀਪ ਕੁਮਾਰ ਬਿੱਟਾ ਨੂੰ 256-256 ਵੋਟਾਂ ਹਾਸਲ ਹੋਈਆਂ ਪਰ ਪਰਚੀ ਨੇ ਬਿੱਟਾ ਨੂੰ ਹਰਾ ਦਿੱਤਾ। ਰਾਜਪੁਰਾ ਦੇ ਵਾਰਡ ਨੰਬਰ 7 ’ਚੋਂ ਭਾਜਪਾ ਦੀ ਨੀਲਮ ਮਹਿਤਾ ਅਤੇ ਉਸ ਦੀ ਵਿਰੋਧੀ ‘ਆਪ’ ਉਮੀਦਵਾਰ ਚਾਰੂ ਚੌਧਰੀ ਨੂੰ 953-953 ਵੋਟਾਂ ਮਿਲਣ ਕਾਰਨ ਸਹਿਮਤੀ ਨਾਲ ਪਰਚੀ ਕੱਢੀ ਤਾਂ ਨੀਲਮ ਮਹਿਤਾ ਜਿੱਤ ਗਈ। ਨਗਰ ਪੰਚਾਇਤ ਜੋਗਾ ਦੇ ਵਾਰਡ ਨੰਬਰ ਇੱਕ ’ਚ ਦੋ ਉਮੀਦਵਾਰਾਂ ਨੂੰ 141-141 ਵੋਟਾਂ ਪੈਣ ਕਾਰਨ ਪਰਚੀ ਨਿਕਲਣ ਨਾਲ ਸੁਖਜਿੰਦਰ ਕੌਰ ਜੇਤੂ ਬਣੀ। ਨਗਰ ਕੌਂਸਲ ਫਿਰੋਜ਼ਪੁਰ ’ਚ ਵਾਰਡ ਨੰਬਰ 15 ਤੋਂ ਇੱਕ ਵੋਟ ਨਾਲ ਜੇਤੂ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਮਗਰੋਂ ਹੀ ਜਿੱਤ ਸਕਿਆ ਹੈ।
ਰੜਕੇਗੀ ਹਾਰ ਦੀ ਟੀਸ
ਸਿਆਸੀ ਮਾਹਿਰਾਂ ਦਾ ਕਹਿਣਾ ਸੀ ਕਿ ਬੇਹੱਦ ਨਿਗੂਣੇ ਫਰਕ ਜਾਂ ਪਰਚੀ ਨਾਲ ਹਾਰੇ ਉਮੀਦਵਾਰਾਂ ਨੂੰ ਆਪਣੀ ਹਾਰ ਦੀ ਟੀਸ ਰੜਕਦੀ ਰਹੇਗੀ ਜਦੋਂਕਿ ਜੇਤੂਆਂ ਦੇ ਘਰੀਂ ਢੱਲ ਵੱਜਦੇ ਰਹਿਣਗੇ। ਹਾਲਾਂਕਿ ਕਈ ਥਾਵਾਂ ’ਤੇ ਇੱਕ ਜਾਂ ਦੋ ਵੋਟ ਦੇ ਫ਼ਰਕ ਨਾਲ ਉਮੀਦਵਾਰ ਜਿੱਤੇ ਉੱਥੇ ਹਾਰੇ ਉਮੀਦਵਾਰਾਂ ਨੇ ਦੁਬਾਰਾ ਗਿਣਤੀ ਵੀ ਕਰਵਾਈ ਪਰ ਕਿਸਮਤ ਨੇ ਸਾਥ ਨਾਂ ਦਿੱਤਾ। ਇਹ ਵੱਖਰੀ ਗੱਲ ਹੈ ਕਿ ਜੇਕਰ ਮਾਮਲਾ ਹਾਈਕੋਰਟ ਗਿਆ ਤਾਂ ਨਤੀਜੇ ਬਦਲਣ ਦੀ ਸੰਭਾਵਨਾ ਵੀ ਰੱਦ ਨਹੀਂ ਕੀਤੀ ਜਾ ਸਕਦੀ ਹੈ।
- Download Babushahi App
-
-