ਸੈਮੀਨਾਰ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 28 ਮਈ 2026 : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਵੱਲੋਂ ‘ਸਿੱਖ ਯਾਦ ਵਿਚ 1984’ ਵਿਸ਼ੇ ਅਧੀਨ ਦੋ ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ , ਸੈਮੀਨਾਰ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਜੂਨ ਅਤੇ ਨਵੰਬਰ 1984 ਵਿਚ ਵਾਪਰੇ ਘਟਨਾਕ੍ਰਮਾਂ ਨੂੰ ਸਾਹਿਤ, ਦਰਸ਼ਨ, ਫਿਲਮਕਾਰੀ ਅਤੇ ਇਤਿਹਾਸ ਲਿਖਣ ਵਿਚ ਕਿਵੇਂ ਯਾਦ ਰੱਖਿਆ ਗਿਆ ਹੈ, ਇਸ ਉੱਤੇ ਅਕਾਦਮਿਕ ਵਿਚਾਰ-ਵਟਾਂਦਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਘਟਨਾਵਾਂ ਨੇ ਸਿੱਖਾਂ ਦੇ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਜੀਵਨ ਦੇ ਹਰ ਪੱਖ ਉੱਤੇ ਡੂੰਘਾ ਅਸਰ ਪਾਇਆ ਹੈ ਅਤੇ ਇਸ ਅਸਰ ਦਾ ਮੁਲਾਂਕਣ ਕਰਨਾ ਅਕਾਦਮਿਕ ਜਗਤ ਦਾ ਫਰਜ਼ ਹੈ। ਇਸ ਮੌਕੇ ਉਨ੍ਹਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ਨਾਲ ਸਬੰਧਿਤ ਇੱਕ ਵਿਸ਼ੇਸ਼ ਮੋਬਾਈਲ ਐਪ ਵੀ ਲੋਕ ਅਰਪਣ ਕੀਤੀ ਗਈ। ਯੂਨੀਵਰਸਿਟੀ ਵੱਲੋਂ ਵਿਕਸਿਤ ਇਸ ਐਪ ਰਾਹੀਂ ਨੌਵੀਂ ਪਾਤਸ਼ਾਹੀ ਦੇ ਜੀਵਨ-ਫ਼ਲਸਫ਼ੇ, ਇਤਿਹਾਸਕ ਯੋਗਦਾਨ ਅਤੇ ਸਿੱਖਿਆਵਾਂ ਨੂੰ ਆਧੁਨਿਕ ਤਕਨਾਲੋਜੀ ਦੇ ਮਾਧਿਅਮ ਨਾਲ ਨੌਜਵਾਨ ਪੀੜ੍ਹੀ ਅਤੇ ਵਿਸ਼ਵ ਭਰ ਦੀ ਸੰਗਤ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ
ਸੈਮੀਨਾਰ ਦੇ ਮੁੱਖ ਮਹਿਮਾਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ 1984 ਬਹੁਤ ਮਹੱਤਵਪੂਰਨ ਅਤੇ ਵਿਲੱਖਣ ਸਮਾਂ ਹੈ, ਜਿਸ ਵਿਚ ਪੀੜ ਅਤੇ ਸਵੈ-ਮਾਣ ਇੱਕੋ ਵਾਰੀ ਮੌਜੂਦ ਹਨ। ਉਨ੍ਹਾਂ ਆਖਿਆ ਕਿ 1984 ਦੀਆਂ ਘਟਨਾਵਾਂ ਨੇ ਸਿੱਖਾਂ ਅੰਦਰ ਧਰਮ ਲਈ ਕੁਰਬਾਨੀ ਅਤੇ ਸੱਚ ਲਈ ਡਟ ਕੇ ਖੜ੍ਹਨ ਦੀ ਭਾਵਨਾ ਨੂੰ ਮੁੜ ਸੁਰਜੀਤ ਕੀਤਾ ਹੈ , ਸਿੰਘ ਸਾਹਿਬ ਨੇ ਇਸ ਵਿਸ਼ੇ ਉੱਤੇ ਅੰਤਰ-ਰਾਸ਼ਟਰੀ ਸੈਮੀਨਾਰ ਉਲੀਕਣ ਲਈ ਯੂਨੀਵਰਸਿਟੀ ਦੀ ਭੂਰੀ-ਭੂਰੀ ਪ੍ਰਸ਼ੰਸਾ ਕੀਤੀ ਅਤੇ ਇਸ ਖੇਤਰ ਵਿਚ ਖੋਜ ਅਤੇ ਪ੍ਰਕਾਸ਼ਨ ਕਾਰਜਾਂ ਦੀ ਲੋੜ ਉੱਤੇ ਜ਼ੋਰ ਦਿੱਤਾ
ਇਸ ਮੌਕੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ 1984 ਦੀਆਂ ਘਟਨਾਵਾਂ ਦੀ ਤੁਲਨਾ 18ਵੀਂ ਸਦੀ ਦੇ ਘੱਲੂਘਾਰਿਆਂ ਨਾਲ ਕਰਦਿਆਂ ਇਸ ਵਿਸ਼ੇ ਉੱਤੇ ਅਕਾਦਮਿਕ ਸੈਮੀਨਾਰਾਂ ਨੂੰ ਲਗਾਤਾਰ ਜਾਰੀ ਰੱਖਣ ਦੀ ਪ੍ਰੇਰਨਾ ਕੀਤੀ। ਉਦਘਾਟਨੀ ਭਾਸ਼ਣ ਦੌਰਾਨ ਪ੍ਰੋ. ਹਰਪਾਲ ਸਿੰਘ ਪੰਨੂ ਨੇ 1984 ਨਾਲ ਜੁੜੇ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ , ਵਿਦਵਾਨ ਵਕਤਿਆਂ ਵਜੋਂ ਪ੍ਰੋ. ਸਵਰਾਜ ਰਾਜ, ਪ੍ਰੋ. ਹਰਜਿੰਦਰ ਸਿੰਘ ਵਾਲੀਆ ਅਤੇ ਪ੍ਰੋ. ਗੁਰਨਾਮ ਕੌਰ ਵੱਲੋਂ 1984 ਦੇ ਵੱਖ-ਵੱਖ ਪਹਿਲੂਆਂ ਉੱਤੇ ਚਾਨਣਾ ਪਾਇਆ ਗਿਆ
ਸੈਮੀਨਾਰ ਦੌਰਾਨ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕਿਤਾਬ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਮੁਖੀ ਸ੍ਰੋਤ’, ਸੰਪਾਦਕ- ਹਰਪ੍ਰੀਤ ਸਿੰਘ ਨਾਜ਼, ਜੋਗਿੰਦਰ ਸਿੰਘ ਅਤੇ ਅਮਨ ਸਿੰਘ, ਸੰਗਤ ਨੂੰ ਅਰਪਣ ਕੀਤੀ ਗਈ , ਸੈਮੀਨਾਰ ਵਿਚ ਆਏ ਸਮੂਹ ਪਤਵੰਤਿਆਂ ਅਤੇ ਸ੍ਰੋਤਿਆਂ ਦਾ ਸਵਾਗਤ ਡਾ. ਹਰਦੇਵ ਸਿੰਘ, ਡੀਨ ਫੈਕਲਟੀ, ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ਕੀਤਾ ਗਿਆ ਅਤੇ ਧੰਨਵਾਦੀ ਪ੍ਰਸਤਾਵ ਡਾ. ਰਮਨਦੀਪ ਕੌਰ, ਵਿਭਾਗ ਮੁਖੀ, ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਪੇਸ਼ ਕੀਤਾ ਗਿਆ , ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ, ਗੈਰ-ਅਧਿਆਪਕ ਸਟਾਫ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ