ਕਾਮਰੇਡ ਨਿਰੰਜਣ ਸਿੰਘ ਦੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 19 ਅਪ੍ਰੈਲ, 2026
ਅੱਜ ਖੱਬੀਆਂ ਪਾਰਟੀਆਂ ਵਲੋਂ ਸਥਾਨਕ ਬੰਗਾ ਰੋਡ ਤੇ ਕਾਮਰੇਡ ਨਿਰੰਜਣ ਸਿੰਘ ਸੁੱਜੋਂ ਦੀ ਅੱਠਵੀਂ ਬਰਸੀ ਮਨਾਈ ਗਈ ।ਇਸ ਮੌਕੇ ਕਾਮਰੇਡ ਨਿਰੰਜਣ ਸਿੰਘ ਸੁੱਜੋਂ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਰੀਵਾਲ, ਕੇਂਦਰੀ ਕਮੇਟੀ ਮੈਂਬਰ ਬੰਤ ਬਰਾੜ, ਦੇਵੀ ਕੁਮਾਰੀ, ਜਸਪਾਲ ਸਿੰਘ ਗਿੱਦਾ,ਆਰ ਐਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮਾਂਗਟ ਰਾਮ ਪਸਲਾ, ਸੀ ਪੀ ਆਈ (ਐਮ ਐਲ)ਨਿਊ ਡੈਮੋਕਰੇਸੀ ਦੇ ਆਗੂ ਕਾਮਰੇਡ ਦਲਜੀਤ ਸਿੰਘ ਐਡਵੋਕੇਟ ਅਤੇ ਸੀ ਪੀ ਆਈ (ਐਮ) ਦੇ ਆਗੂ ਮਹਾ ਸਿੰਘ ਰੌੜੀ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਾਮਰੇਡ ਨਿਰੰਜਣ ਸਿੰਘ ਨੇ ਆਪਣਾ ਸਾਰਾ ਜੀਵਨ ਮਜ਼ਦੂਰਾਂ ਕਿਸਾਨਾਂ ਅਤੇ ਦੱਬੇ ਕੁਚਲੇ ਲੋਕਾਂ ਖਾਤਰ ਲਾਇਆ।ਉਹ ਇਰਾਦੇ ਦੇ ਪੱਕੇ ਅਡੋਲ ਕਮਿਊਨਿਸਟ ਆਗੂ ਸਨ।ਵਿਰੋਧੀ ਤਾਕਤਾਂ ਵਲੋਂ ਅਨੇਕਾਂ ਜਬਰ ਦੀਆਂ ਹਨੇਰੀਆਂ ਝੁਲਾਉਣ ਦੇ ਬਾਵਜੂਦ ਉਹ ਨਾ ਹੀ ਦਰੇ ਅਤੇ ਨਾ ਹੀ ਥਿੜਕੇ। ਉਹਨਾਂ ਦੇ ਪਾਏ ਪੂਰਨਿਆਂ ਉੱਤੇ ਚੱਲਕੇ ਲੁਟੇਰੀਆਂ ਜਾਬਰ ਅਤੇ ਫਿਰਕੂ ਹਕੂਮਤਾਂ ਵਿਰੁੱਧ ਲੜਿਆ ਜਾ ਸਕਦਾ ਹੈ ਜੀ ਅੱਜ ਸਮੇਂ ਦੀ ਲੋੜ ਵੀ ਹੈ। ਆਗੂਆਂ ਨੇ ਖੱਬੀਆਂ ਧਿਰਾਂ ਦੀ ਏਕਤਾ ਦੀ ਲੋੜ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਹਿੰਦੂਤਵੀ ਫਾਸ਼ੀਵਾਦੀ ਹਕੂਮਤ ਵੱਲੋਂ ਆਪਣੇ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਦਿਆਂ ਜ਼ਮਹੂਰੀ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਪੈਰਾਂ ਹੇਠ ਰੋਲਣ ਦੇ ਯਤਨ ਕੀਤੇ ਜਾ ਰਹੇ ਹਨ ਉਸਦਾ ਮੁਕਾਬਲਾ ਕਰਨ ਲਈ ਵਿਸ਼ਾਲ ਸਾਂਝੇ ਏਕੇ ਦੀ ਅਣਸਰਦੀ ਲੋੜ ਹੈ। ਜਾਬਰ,ਬੇਰਹਿਮ ਅਤੇ ਲਾਲਚੀ ਹਾਕਮਾਂ ਵੱਲੋਂ ਨੋਇਡਾ, ਦਿੱਲੀ, ਹਰਿਆਣਾ ਅਤੇ ਹੋਰ ਰਾਜਾਂ ਵਿੱਚ ਕਾਰਪੋਰੇਟਰਾਂ ਦਾ ਪੱਖ ਪੂਰਦਿਆਂ ਸੰਘਰਸ਼ਸ਼ੀਲ ਮਜ਼ਦੂਰਾਂ ਉੱਤੇ ਜਬਰ ਢਾਹਿਆ ਜਾ ਰਿਹਾ ਹੈ ਜਿਸ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਸੰਸਦ ਦੀਆਂ ਸੀਟਾਂ ਵਧਾਉਣ ਲਈ ਲਿਆਂਦੇ ਬਿੱਲ ਨੂੰ ਜਿਸ ਤਰ੍ਹਾਂ ਸੰਸਦ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਹੈ ਉਸਤੋਂ ਮੋਦੀ ਸਰਕਾਰ ਤਿਲਮਿਲਾ ਉੱਠੀ ਹੈ ਅਤੇ ਕੂੜ ਪ੍ਰਚਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਇਰਾਨ ਉੱਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨੇ ਸਾਮਰਾਜੀਆਂ ਦਾ ਅਸਲੀ ਚਿਹਰਾ ਇੱਕ ਵਾਰ ਫਿਰ ਸਾਹਮਣੇ ਲਿਆਂਦਾ ਹੈ।ਇਰਾਨ ਵੱਲੋਂ ਦਿੱਤੇ ਗਏ ਠੋਕਵੇ ਜਵਾਬ ਨੇ ਅਮਰੀਕਾ ਦੇ ਸੁਪਰ ਪਾਵਰ ਹੋਣ ਦੇ ਸਾਰੇ ਭਰਮ ਤੋੜ ਦਿੱਤੇ ਹਨ।ਇਸ ਵਿੱਚ ਮੋਦੀ ਸਰਕਾਰ ਵਲੋਂ ਨਿਭਾਈ ਗਈ ਭੁਮਿਕਾ ਨੇ ਦੁਨੀਆਂ ਭਰ ਵਿੱਚ ਭਾਰਤ ਦੀ ਬਦਨਾਮੀ ਕੀਤੀ ਹੈ।
ਇਸ ਮੌਕੇ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਨੇ ਇਨਕਲਾਬੀ ਕਵੀਸ਼ਰੀਆਂ ਪੇਸ਼ ਕੀਤੀਆਂ।ਕੁਲਦੀਪ ਸਿੰਘ ਸੁੱਜੋਂ ਨੇ ਸਾਰੀਆਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਆਰ ਐਮ ਪੀ ਆਈ ਦੇ ਜਿਲਾ ਆਗੂ ਕੁਲਦੀਪ ਸਿੰਘ ਦੌੜਕਾ ਨੇ ਕੀਤਾ।