ਇੰਸਪੈਕਟਰ ਬਣ ਕੇ ਆਏ ਸਾਹਿਲ ਪਠਾਣੀਆਂ ਦਾ ਜੂਡੋ ਖਿਡਾਰੀਆਂ ਵਲੋਂ ਸਵਾਗਤ
ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਹਨ ਪਠਾਣੀਆਂ
ਰੋਹਿਤ ਗੁਪਤਾ
ਗੁਰਦਾਸਪੁਰ 1 ਅਪਰੈਲ ਜੂਡੋ ਖੇਡ ਵਿੱਚ ਦੇਸ਼ ਵਿਦੇਸ਼ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਸਾਹਿਲ ਪਠਾਣੀਆਂ ਐਸ ਐਚ ਓ ਬਹਿਰਾਮਪੁਰ ਦੇ ਬਤੌਰ ਇੰਸਪੈਕਟਰ ਤਰੱਕੀ ਪ੍ਰਾਪਤ ਕਰਨ ਤੇ ਜੂਡੋ ਖਿਡਾਰੀਆਂ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੋਇਆ ਹੈ। ਅੱਜ ਤਰੱਕੀ ਪ੍ਰਾਪਤ ਕਰਨ ਉਪਰੰਤ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਪੁੱਜੇ ਪਠਾਣੀਆਂ ਦਾ ਜੂਡੋ ਸੈਂਟਰ ਅਤੇ ਖਿਡਾਰੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਿਲ ਪਠਾਣੀਆਂ ਅਪਣੇ ਸਮੇਂ ਦਾ ਜੂਡੋ ਖੇਡ ਵਿੱਚ ਚਮਕਦਾ ਸਿਤਾਰਾ ਰਿਹਾ ਹੈ। ਉਸ ਨੇ ਪੰਜ ਵਾਰ ਨੈਸ਼ਨਲ ਚੈਂਪੀਅਨ ਦਾ ਖਿਤਾਬ ਪ੍ਰਾਪਤ ਕੀਤਾ। ਦੋ ਵਾਰ ਕਾਮਨਵੈਲਥ ਖੇਡਾਂ ਵਿੱਚ ਭਾਗ ਲਿਆ ਸੀ। ਆਲ ਇੰਡੀਆ ਇੰਟਰ ਪੁਲਿਸ ਖੇਡਾਂ ਵਿਚ ਪੰਜ ਵਾਰ ਚੈਂਪੀਅਨ ਰਿਹਾ ਹੈ। ਨੈਸ਼ਨਲ ਖੇਡਾਂ ਵਿਚ ਆਪਣੇ ਭਾਰ ਵਰਗ ਵਿੱਚ ਚੈਂਪੀਅਨ ਰਿਹਾ ਹੈ। ਵਿਸ਼ਵ ਜੂਡੋ ਕੱਪ, ਵਿਸ਼ਵ ਜੂਡੋ ਚੈਂਪੀਅਨਸ਼ਿਪ, ਏਸ਼ੀਅਨ ਖੇਡਾਂ, ਏਸ਼ੀਅਨ ਚੈਂਪੀਅਨਸ਼ਿਪ ਭਾਗ ਲੈ ਕੇ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ ਨੂੰ ਦੇਖਦੇ ਹੋਏ 2017 ਵਿੱਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਪਠਾਣੀਆਂ ਵਲੋਂ ਜੂਡੋ ਖੇਡ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕਰਦਿਆਂ ਆਪਣੇ ਦੋ ਬੱਚਿਆਂ ਨੂੰ ਜੂਡੋ ਖੇਡ ਵਿੱਚ ਪਾਇਆ ਹੈ ਜੋ ਕਿ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚੱਲਦਿਆਂ ਪੰਜਾਬ ਪੱਧਰ ਤੇ ਮੈਡਲ ਜਿੱਤ ਰਹੇ ਹਨ। ਇਸ ਮੌਕੇ ਸਤੀਸ਼ ਕੁਮਾਰ ਟੈਕਨੀਕਲ ਚੇਅਰਮੈਨ ਪੰਜਾਬ ਜੂਡੋ ਐਸੋਸੀਏਸ਼ਨ, ਰਵੀ ਕੁਮਾਰ ਜੂਡੋ ਕੋਚ, ਸੀਨੀਅਰ ਖਿਡਾਰੀ ਮੰਨਾ, ਕਰਨਜੀਤ ਸਿੰਘ ਮਾਨ, ਜਸਲੀਨ ਸੈਣੀ, ਰਕੇਸ਼ ਗਿਲ, ਗੁਰਪ੍ਰੀਤ ਸਿੰਘ, ਮਾਨਵ ਸ਼ਰਮਾ ਰੋਹਿਤ ਕੁਮਾਰ ਰਜਨੀਸ਼ ਕੁਮਾਰ ਹਾਜ਼ਰ ਸਨ।