ਸੁਲਤਾਨਪੁਰ ਲੋਧੀ: ਬਲਾਕ ਸੰਮਤੀ ਚੇਅਰਮੈਨੀ ਨੂੰ ਲੈ ਕੇ ਚੱਲੀਆਂ ਗੋਲੀਆਂ, AAP ਅਤੇ ਰਾਣਾ ਧੜੇ ਵਿਚਾਲੇ ਤਿੱਖੀ ਝੜਪ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ/ਢਿਲਵਾਂ, 1 ਅਪ੍ਰੈਲ 2026: ਹਲਕਾ ਸੁਲਤਾਨਪੁਰ ਲੋਧੀ ਦੇ ਜ਼ੋਨ ਫੱਤੂ ਢਿੰਗਾ ਵਿੱਚ ਬਲਾਕ ਸੰਮਤੀ ਦੀ ਚੇਅਰਮੈਨੀ ਨੂੰ ਲੈ ਕੇ ਚੱਲ ਰਹੀ ਸਿਆਸੀ ਜੰਗ ਅੱਜ ਉਸ ਵੇਲੇ ਹਿੰਸਕ ਰੂਪ ਧਾਰ ਗਈ ਜਦੋਂ ਚੋਣ ਪ੍ਰਕਿਰਿਆ ਤੋਂ ਪਹਿਲਾਂ ਹੀ ਦੋ ਪ੍ਰਮੁੱਖ ਸਿਆਸੀ ਧੜੇ ਆਪਸ ਵਿੱਚ ਭਿੜ ਗਏ। ਬਲਾਕ ਸੰਮਤੀ ਦਫ਼ਤਰ ਢਿਲਵਾਂ ਦੇ ਬਾਹਰ ਹੋਈ ਇਸ ਝੜਪ ਦੌਰਾਨ ਗੋਲੀਆਂ ਚੱਲਣ ਦੀ ਵੀ ਖ਼ਬਰ ਹੈ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਸਮਰਥਕਾਂ ਵਿਚਾਲੇ ਤਣਾਅ ਇੰਨਾ ਵਧ ਗਿਆ ਕਿ ਗੱਲ ਹੱਥੋਪਾਈ ਅਤੇ ਗੋਲੀਬਾਰੀ ਤੱਕ ਪਹੁੰਚ ਗਈ। ਇਸ ਹਿੰਸਕ ਘਟਨਾ ਨੇ ਲੋਕਤੰਤਰਿਕ ਪ੍ਰਕਿਰਿਆ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਰਾਣਾ ਇੰਦਰ ਪ੍ਰਤਾਪ ਸਿੰਘ ਦੇ ਗੰਭੀਰ ਦੋਸ਼
ਘਟਨਾ ਤੋਂ ਬਾਅਦ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪ੍ਰਸ਼ਾਸਨ ਅਤੇ ਪੁਲਿਸ 'ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਇੱਕ ਉਮੀਦਵਾਰ ਨੂੰ ਕਿਡਨੈਪ (ਅਗਵਾ) ਕਰ ਲਿਆ ਗਿਆ ਹੈ ਤਾਂ ਜੋ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਹੋਰ ਉਮੀਦਵਾਰ ਨੂੰ ਜਾਣਬੁੱਝ ਕੇ ਦਫ਼ਤਰ ਦੇ ਅੰਦਰ ਜਾਣ ਤੋਂ ਰੋਕਿਆ ਗਿਆ। ਰਾਣਾ ਧੜੇ ਅਨੁਸਾਰ, ਪੁਲਿਸ ਨੇ ਮੌਕੇ 'ਤੇ ਬਣਦੀ ਕਾਰਵਾਈ ਨਹੀਂ ਕੀਤੀ ਅਤੇ ਮੂਕ ਦਰਸ਼ਕ ਬਣੀ ਰਹੀ।
ਹਾਲਾਤ ਬੇਕਾਬੂ ਹੁੰਦੇ ਦੇਖ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਲੀਬਾਰੀ ਦੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
Click to Follow Babushahi Facebook page →