ਸ਼ਹੀਦਾਂ ਨੂੰ ਸਮਰਪਿਤ ਵਿਚਾਰ ਚਰਚਾ ਦੌਰਾਨ ਦੇਸੀ ਵਿਦੇਸ਼ੀ ਧਾੜਵੀਆਂ ਖਿਲਾਫ ਜੰਗ ਤੇਜ਼ ਕਰਨ ਦਾ ਸੱਦਾ
ਅਸ਼ੋਕ ਵਰਮਾ
ਮਹਿਲਕਲਾਂ, 19 ਮਾਰਚ 2026 : 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜ ਗੁਰੁ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਕੇਂਦਰ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 15 ਰੋਜ਼ਾ ਮੁਹਿੰਮ ਤਹਿਤ ਪਿੰਡ ਪਿੰਡ ਵਿਚਾਰ ਚਰਚਾਵਾਂ ਦਾ ਅਮਲ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਮੁਹਿੰਮ ਦੀ ਅਗਵਾਈ ਕਰਦਿਆਂ ਡਾ ਰਜਿੰਦਰ ਪਾਲ, ਸੁਖਵਿੰਦਰ ਠੀਕਰੀਵਾਲਾ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ ਅਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਵੱਲੋਂ ਇਨਕਲਾਬ-ਜਿੰਦਾਬਾਦ ਅਤੇ ਸਾਮਰਾਜਵਾਦ-ਮੁਰਦਾਬਾਦ ਦੇ ਹਕੀਕੀ ਅਰਥ ਸਮਝਾਉਂਦੇ ਹੋਏ ਕਿਹਾ ਕਿ ਸ਼ਹੀਦਾਂ ਨੇ ਉਨ੍ਹਾਂ ਵੱਲੋਂ ਭਾਰਤੀ ਲੋਕਾਂ ਦੀ ਮੁਕੰਮਲ ਬੰਦ ਖ਼ਲਾਸੀ ਲਈ ਸੁਪਨਾ ਸੀ ਕਿ ਨੰਗੇ ਚਿੱਟੇ ਅਨਿਆਂ 'ਤੇ ਟਿਕਿਆ ਇਹ ਲੋਕ ਵਿਰੋਧੀ ਢਾਂਚਾ ਜ਼ਰੂਰ ਬਦਲਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ 1947 ਦੀ ਸਤਾ ਬਦਲੀ ਵੇਲੇ ਢਾਂਚਾ ਉਹੀ ਕਾਇਮ ਰਿਹਾ ਸਿਰਫ਼ ਤੇ ਸਿਰਫ਼ ਭੂਰੀ ਚਮੜੀ ਵਾਲੇ ਅੰਗਰੇਜ਼ ਹਾਕਮਾਂ ਦੀ ਥਾਂ ਕਾਲੀ ਚਮੜੀ ਵਾਲੇ ਹਾਕਮ ਸਤਾ ਉੱਪਰ ਕਾਬਜ਼ ਹੋ ਗਏ ਹਨ। ਆਗੂਆਂ ਕਿਹਾ ਕਿ ਅੱਜ ਦੀ ਮੋਦੀ ਹਕੂਮਤ ਸਾਮਰਾਜੀਆਂ ਖ਼ਾਸ ਕਰਕੇ ਅਮਰੀਕੀ ਸਾਮਰਾਜੀ ਸਰਗਣੇ ਡੋਨਾਲਡ ਟਰੰਪ ਦੀ ਨੰਗੀ ਚਿੱਟੀ ਚਾਕਰੀ ਕਰ ਰਹੀ ਹੈ। ਇਸ ਲਈ ਸ਼ਹੀਦ ਭਗਤ ਸਿੰਘ ਵੱਲੋਂ ਗੁੰਜਾਏ ਇਨਕਲਾਬ-ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ ਦੇ ਨਾਹਰੇ ਨੂੰ ਬੁਲੰਦ ਕਰਦਿਆਂ ਸ਼ਹੀਦਾਂ ਦੇ ਸੁਪਨਿਆਂ ਦੀ ਖਰੀ ਅਜ਼ਾਦੀ ਦੇ ਸੰਕਲਪ ਨੂੰ ਪੂਰਾ ਕਰਨ, ਸਾਮਰਾਜੀ ਗਿਰਝਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਲਈ ਚੱਲ ਰਹੀ ਜਮਾਤੀ ਜੱਦੋਜਹਿਦ ਦੇ ਰਾਹ ਤੇ ਤੁਰਨ ਦਾ ਪ੍ਰਣ ਕਰਨ ਲਈ ਅੱਜ ਵੀ ਉਨੀ ਹੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਾਮਰਾਜੀ ਸਰਗਣਾ ਡੋਨਾਲਡ ਟਰੰਪ ਅਤੇ ਨੇਤਨਯਾਹੂ ਵਰਗੇ ਧਾੜਵੀਆਂ ਦੀ ਈਨ ਨਾਂ ਮੰਨਣ ਵਾਲੇ ਇਰਾਨ ਉੱਪਰ ਹਮਲੇ ਕਰਕੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਰਿਹਾ ਸੀ। ਤੇਲ ਅਤੇ ਗੈਸ ਨਾਲ ਭਰਪੂਰ ਪੱਛਮੀ ਏਸ਼ੀਆ ਦਾ ਸਮੁੱਚਾ ਖਿੱਤਾ ਸੰਕਟ ਦੀ ਮਾਰ ਹੇਠ ਆ ਗਿਆ ਹੈ। ਸਿੱਟੇ ਵਜੋਂ ਗੈਸ ਅਤੇ ਡੀਜ਼ਲ ਪੈਟਰੋਲ ਦੀ ਭਾਰੀ ਖਿੱਲਤ ਪੈਦਾ ਹੋ ਗਈ ਹੈ ਅਤੇ ਕੱਚੇ ਤੇਲ ਦੀਆਂ ਕੀਮਤਾਂ ਅਸਮਾਨੀ ਛੂਹ ਰਹੀਆਂ ਹਨ। ਇਸ ਮੌਕੇ ਜਸਪਾਲ ਚੀਮਾ, ਯਾਦਵਿੰਦਰ ਠੀਕਰੀਵਾਲ, ਜਸਵਿੰਦਰ ਸਿੰਘ ਜੱਸਾ ਗਹਿਲ ਨੇ ਕਿਹਾ ਕਿ ਸਾਮਰਾਜੀਆਂ ਦੀ ਦਲਾਲ ਮੋਦੀ ਸਰਕਾਰ ਵੱਲੋਂ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਤਹਿਤ ਬਿਜਲੀ ਸੋਧ ਬਿੱਲ, ਬੀਜ ਬਿੱਲ, ਕਿਰਤ ਕੋਡ ਬਿੱਲ, ਮਨਰੇਗਾ ਕਨੂੰਨ ਦੀ ਥਾਂ 'ਤੇ ਵੀਬੀ ਜੀ-ਰਾਮ-ਜੀ ਕਨੂੰਨ, ਅਤੇ ਭਾਰਤ-ਅਮਰੀਕਾ ਮੁਫ਼ਤ ਵਪਾਰ ਸਮਝੌਤਾ ਦਾ ਖਰੜੇ ਉੱਪਰ ਦਸਤਖ਼ਤ ਕਰਕੇ ਖੇਤੀ ਖੇਤਰ ਦੇ ਗਲ ਅੰਗੂਠਾ ਦੇ ਦਿੱਤਾ ਹੈ। ਆਗੂਆਂ ਨੇ 23 ਮਾਰਚ ਨੂੰ 'ਸਾਮਰਾਜ ਵਿਰੋਧੀ ਦਿਹਾੜੇ' ਵਜੋਂ ਬਰਨਾਲਾ ਵਿਖੇ ਕੀਤੇ ਜਾ ਰਹੇ ਵੱਡੇ ਇਕੱਠ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ।