ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਦਬੁਰਜੀ (ਮਰਾੜਾ) ਦੇ ਜੰਮਪਲ ਦੀਪਾਂਸੂ ਮੰਗਲਾ ਨੇ ਚੇਨਈ ਤਾਮਿਲਨਾਡੂ ਵਿਖੇ ਆਲ ਇੰਡੀਆ ਯੂਨੀਵਰਸਿਟੀ ਯੂਥ ਫੈਸਟੀਵਲ ਵਿੱਚ ਮੱਲਾਂ ਮਾਰੀਆਂ
ਦੀਪਾਂਸੂ ਮੰਗਲਾ ਨੇ ਮਾਇਮ ਅਤੇ ਮਿਮੇਕਰੀ ਵਿੱਚ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਲਹਿਰਾਇਆ ਪਰਚਮ
ਰੋਹਿਤ ਗੁਪਤਾ
ਗੁਰਦਾਸਪੁਰ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਦਬੁਰਜੀ ਮਰਾੜਾ ਵਿਖੇ ਉਸ ਵੇਲੇ ਖੁਸ਼ੀ ਦਾ ਮਾਹੌਲ ਬਣਿਆ ਜਦ ਪਿਛਲੇ ਦਿਨੀਂ ਆਲ ਇੰਡੀਆ ਯੂਨੀਵਰਸਿਟੀ ਯੂਥ ਫੈਸਟੀਵਲ ਚੇਨਈ ਤਾਮਿਲਨਾਡੂ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਪ੍ਰਤੀਨਿਧਤਾ ਕਰਦੇ ਹੋਏ ਇਸ ਪਿੰਡ ਦੇ ਵਿਦਿਆਰਥੀ ਦੀਪਾਂਸੂ ਮੰਗਲਾ ਨੇ ਸੱਤਿਆਭਾਮਾ ਇੰਸਟੀਚਿਊਟ ਆਫ ਸਾਇੰਸ ਐਂਡ ਤਕਨਾਲੋਜੀ ਚੇਨਈ ਤਾਮਿਲਨਾਡੂ ਵਿਖੇ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਮਾਇਮ ਵਿੱਚ ਪਹਿਲੀ ਅਤੇ ਮਿਮੇਕਰੀ ਵਿੱਚ ਦੂਜੀ ਪੁਜੀਸ਼ਨ ਹਾਸਲ ਕਰਕੇ ਪੂਰੇ ਦੇਸ਼ ਵਿੱਚ ਆਪਣੇ ਪਿੰਡ, ਮਾਪਿਆਂ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਇਸ ਦੀ ਜਾਣਕਾਰੀ ਦੀਪਾਂਸੂ ਮੰਗਲਾ ਦੇ ਪਿਤਾ ਮਾਸਟਰ ਰਵੀ ਕੁਮਾਰ ਮੰਗਲਾ ਨੇ ਪੱਤਰਕਾਰਾਂ ਨੂੰ ਦਿੱਤੀ। ਉਹਨਾਂ ਦੱਸਿਆ ਕਿ ਉਹਨਾਂ ਦਾ ਪੁੱਤਰ ਦੀਪਾਂਸੂ ਮੰਗਲਾ ਜੋ ਕਿ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਫਾਈਨ ਆਰਟਸ ਦੀ ਐਮ ਏ ਭਾਗ ਪਹਿਲਾ ਦੇ ਦੂਜੇ ਸਮੈਸਟਰ ਵਿੱਚ ਪੜ੍ਹ ਰਿਹਾ ਹੈ ਅਤੇ ਨਾਲ ਹੀ ਥੀਏਟਰ ਵੀ ਕਰ ਰਿਹਾ ਹੈ ।ਥੀਏਟਰ ਜਿਸ ਦਾ ਪੈਸਨ ਹੈ ਉਸ ਨੇ ਲਗਾਤਾਰ ਕਾਲਜ,ਨਾਰਥ ਅਤੇ ਨੈਸ਼ਨਲ ਜਿੱਤ ਕੇ ਪੂਰੇ ਭਾਰਤ ਵਿੱਚ ਆਪਣੇ ਪਿੰਡ, ਜ਼ਿਲ੍ਹੇ, ਯੂਨੀਵਰਸਿਟੀ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।ਇਸ ਲਈ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। ਉਹਨਾਂ ਦੱਸਿਆ ਕਿ ਦੀਪਾਂਸੂ ਮੰਗਲਾ ਨੂੰ ਪਿਛਲੇ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਯੂਥ ਫੈਸਟੀਵਲ ਵਿੱਚ ਬੈਸਟ ਐਕਟਰ ਦਾ ਐਵਾਰਡ ਮਿਲਿਆ ਸੀ । ਜਦੋਂ ਪੱਤਰਕਾਰਾਂ ਨੇ ਉਨ੍ਹਾਂ ਦੇ ਪਿਤਾ ਨੂੰ ਦੀਪਾਂਸੂ ਦੀ ਸਫਲਤਾ ਦਾ ਰਾਜ਼ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਦੀਪਾਂਸੂ ਦੀ ਮਿਹਨਤ ਲਗਨ ਅਤੇ ਅਧਿਆਪਕਾਂ ਵਲੋਂ ਦਿੱਤੀ ਯੋਗ ਅਗਵਾਈ ਅਤੇ ਪਰਮਾਤਮਾ ਦੀ ਅਸੀਮ ਕਿਰਪਾ ਕਰਕੇ ਸੰਭਵ ਹੋਇਆ ਹੈ। ਉਹਨਾਂ ਕਿਹਾ ਕਿ ਦੀਪਾਂਸੂ ਮੰਗਲਾ ਜ਼ਿਲ੍ਹੇ ਗੁਰਦਾਸਪੁਰ ਦਾ ਪਹਿਲਾ ਵਿਦਿਆਰਥੀ ਹੈ ਜਿਸ ਨੇ ਨੈਸ਼ਨਲ ਜਿੱਤਿਆ ਹੈ। ਉਹਨਾਂ ਨੇ ਕਿਹਾ ਕਿ ਪਰਮਾਤਮਾ ਦੀਪਾਂਸੂ ਮੰਗਲਾ ਵਰਗੇ ਪੁੱਤਰ ਸੱਭ ਨੂੰ ਦੇਵੇ।ਸਮਾਜ ਨੂੰ ਸੇਧ ਦੇਣ ਲਈ ਮਾਸਟਰ ਰਵੀ ਕੁਮਾਰ ਮੰਗਲਾ ਨੇ ਕਿਹਾ ਸਾਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਦੌਰਾਨ ਪੜ੍ਹਾਈ ਦੇ ਨਾਲ ਨਾਲ ਹੋਰ ਪਾਠ ਸਹਾਇਕ ਕ੍ਰਿਆਵਾਂ ਵੱਲੋਂ ਰੁਚੀ ਪੈਦਾ ਕਰਨੀ ਚਾਹੀਦੀ ਹੈ ਤਾਂ ਕਿ ਬੱਚੇ ਪੜ੍ਹਾਈ ਨੂੰ ਬੋਝ ਨਾ ਸਮਝਣ। ਦੀਪਾਂਸੂ ਮੰਗਲਾ ਥੀਏਟਰ ਦੇ ਨਾਲ ਨਾਲ ਇੱਕ ਚੰਗਾ ਪੇਂਟਰ ਵੀ ਹੈ ਰੰਗਾਂ ਦੇ ਨਾਲ ਉਸ ਦੀ ਆੜੀ ਬਚਪਨ ਤੋਂ ਹੈ ਤੇ ਹੁਣ ਤੱਕ ਕਈ ਮਹਾਨ ਸ਼ਖ਼ਸੀਅਤਾਂ ਦੇ ਚਿੱਤਰ ਕੈਨਵਸ ਤੇ ਉਤਾਰ ਚੁੱਕਿਆ ਹੈ।ਇਸ ਤੋਂ ਇਲਾਵਾ ਪੈਨਸਿਲ ਸੈਡਿੰਗ ਅਤੇ ਲਾਈਵ ਸਕੈਚ ਬਣਾਉਣ ਵਿੱਚ ਵੀ ਉਸ ਨੂੰ ਮੁਹਾਰਤ ਹਾਸਲ ਹੈ।