ਗੁਰਦਾਸਪੁਰ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ, ਸ਼ਹਿਰ ਦੇ ਮੁੱਖ ਚੌਕਾਂ ਵਿੱਚ ਲੱਗਣਗੀਆਂ ਨਵੀਆਂ ਟ੍ਰੈਫਿਕ ਲਾਈਟਾਂ- ਚੇਅਰਮੈਨ ਰਾਜੀਵ ਸ਼ਰਮਾ
ਰੋਹਿਤ ਗੁਪਤਾ
ਗੁਰਦਾਸਪੁਰ, 19 ਮਾਰਚ ਰਾਜੀਵ ਸ਼ਰਮੀਲੇ, ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਵਲੋਂ ਸ਼ਹਿਰ ਗੁਰਦਾਸਪੁਰ ਅੰਦਰ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਨੂੰ ਅੱਗੇ ਵਧਾਉਂਦਿਆਂ ਗੁਰਦਾਸਪੁਰ ਵਾਸੀਆਂ ਲਈ ਇੱਕ ਹੋਰ ਉਪਰਾਲੇ ਦੀ ਪਹਿਲਕਦਮੀ ਕੀਤੀ ਗਈ ਹੈ। ਗੁਰਦਾਸਪੁਰ ਸ਼ਹਿਰ ਵਿੱਚ ਦਿਨੋਂ-ਦਿਨ ਵੱਧ ਰਹੇ ਟ੍ਰੈਫਿਕ ਅਤੇ ਲੱਗਣ ਵਾਲੇ ਲੰਬੇ ਜਾਮ ਤੋਂ ਜਨਤਾ ਨੂੰ ਨਿਜਾਤ ਦਿਵਾਉਣ ਲਈ ਇੰਪਰੂਵਮੈਟ ਟਰੱਸਟ ਗੁਰਦਾਸਪੁਰ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਇੰਪਰੂਵਮੈਟ ਟਰੱਸਟ ਵਲੋਂ ਸ਼ਹਿਰ ਦੇ ਉਨ੍ਹਾਂ ਮੁੱਖ ਪੁਆਇੰਟਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿੱਥੇ ਹਾਦਸਿਆਂ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਅਤੇ ਟ੍ਰੈਫਿਕ ਵਿਵਸਥਾ ਅਕਸਰ ਵਿਗੜ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਨਵੇਂ ਪੁਆਇੰਟ ਸ਼ਹਿਰ ਦੇ ਪ੍ਰਮੁੱਖ ਚੌਕਾਂ ਜਿਵੇਂ ਕਿ ਜਹਾਜ਼ ਚੌਕ, ਡਾਕਖਾਨਾ ਚੌਂਕ, ਭਗਵਾਨ ਪਰਸ਼ੂਰਾਮ ਚੌਕ ਅਤੇ ਭਾਈ ਲਾਲੋ ਚੌਂਕ ਆਦਿ ਵਿੱਚ ਅਤਿ-ਆਧੁਨਿਕ ਸੈਂਸਰ ਵਾਲੀਆਂ ਟ੍ਰੈਫਿਕ ਲਾਈਟਾਂ ਲਗਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਟਰੈਫਿਕ ਲਾਈਟਾਂ ਲੱਗਣ ਨਾਲ ਸੁਰੱਖਿਆ ਵਿੱਚ ਵਾਧਾ ਹੋਵੇਗਾ। ਇਹਨਾਂ ਲਾਈਟਾਂ ਦੇ ਲੱਗਣ ਨਾਲ ਪੈਦਲ ਚੱਲਣ ਵਾਲੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਸੜਕ ਪਾਰ ਕਰਨ ਵਿੱਚ ਆਸਾਨੀ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਨਵੀਆਂ ਲਾਈਟਾਂ ਦੇ ਨਾਲ ਹਾਈ-ਡੈਫੀਨੇਸ਼ਨ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਜਾਣਗੇ ਤਾਂ ਜੋ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਆਨਲਾਈਨ ਚਲਾਨ ਕੀਤੇ ਜਾ ਸਕਣ।
ਚੇਅਰਮੈਨ ਰਾਜੀਵ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨਾ ਸਾਡੀ ਪਹਿਲ ਹੈ। ਨਵੀਆਂ ਲਾਈਟਾਂ ਲੱਗਣ ਨਾਲ ਨਾ ਸਿਰਫ਼ ਸਮੇਂ ਦੀ ਬਚਤ ਹੋਵੇਗੀ, ਸਗੋਂ ਸੜਕੀ ਹਾਦਸਿਆਂ ਵਿੱਚ ਵੀ ਕਮੀ ਆਵੇਗੀ।
ਇੰਪਰੂਵਮੈਟ ਟਰੱਸਟ ਗੁਰਦਾਸਪੁਰ ਦੇ ਇਸ ਉਪਰਾਲੇ ਦਾ ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੀਕ ਆਵਰਸ (ਸਵੇਰੇ ਅਤੇ ਸ਼ਾਮ) ਦੌਰਾਨ ਚੌਕਾਂ ਵਿੱਚ ਭਾਰੀ ਟ੍ਰੈਫਿਕ ਕਾਰਣ ਕਾਫੀ ਦਿੱਕਤ ਆਉਂਦੀ ਸੀ, ਜੋ ਹੁਣ ਸਿਸਟਮੈਟਿਕ ਤਰੀਕੇ ਨਾਲ ਹੱਲ ਹੋ ਜਾਵੇਗੀ।