ਬਾਦਲਾਂ ਦਾ ਅੱਤਵਾਦੀ ਘੋਸ਼ਿਤ ਕਰਨ ਦਾ ਬਿਆਨ 'ਸਿਆਸੀ ਡਰਾਮਾ', ਜਿਵੇਂ ਤਾਲਿਬਾਨ ਸ਼ਾਂਤੀ ਮਾਰਚ ਕੱਢੇ: ਬਲਤੇਜ ਪੰਨੂ
ਪੰਜਾਬ 'ਚ ਗੈਂਗਸਟਰ ਤੇ ਚਿੱਟਾ ਫੈਲਾਉਣ ਵਾਲੇ ਬਾਦਲ, ਹੁਣ ਅੱਤਵਾਦੀ ਘੋਸ਼ਿਤ ਕਰਨ ਦਾ ਨਾਟਕ ਕਰ ਰਹੇ ਹਨ- ਬਲਤੇਜ ਪੰਨੂ
ਨਸ਼ਿਆਂ ਖ਼ਿਲਾਫ਼ 'ਅਸਲੀ ਜੰਗ' ਲੜ ਰਹੀ ਹੈ ਭਗਵੰਤ ਮਾਨ ਸਰਕਾਰ, 2007 ਤੋਂ 2017 ਦਾ ਕਾਲਾ ਦੌਰ ਨਹੀਂ ਭੁੱਲੇ ਪੰਜਾਬੀ : ਬਲਤੇਜ ਪੰਨੂ"
ਜਿਵੇਂ ਤਾਲਿਬਾਨ ਮੋਮਬੱਤੀ ਮਾਰਚ ਕੱਢੇ, ਉਵੇਂ ਹੀ ਬਾਦਲ ਨੇ ਗੈਂਗਸਟਰਾਂ ਨੂੰ ਅੱਤਵਾਦੀ ਕਰਾਰ ਦੇਣ ਦਾ ਸਿਆਸੀ ਡਰਾਮਾ ਰਚਿਆ: ਪੰਨੂ
ਚੰਡੀਗੜ੍ਹ, 24 ਫਰਵਰੀ 2026- ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਅੱਤਵਾਦੀ ਘੋਸ਼ਿਤ ਕਰਨ ਦੇ ਦਿੱਤੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿਹੜੇ ਲੋਕਾਂ ਨੇ ਖ਼ੁਦ ਪੰਜਾਬ ਵਿੱਚ ਗੈਂਗਸਟਰਵਾਦ ਅਤੇ ਚਿੱਟੇ ਦਾ ਜ਼ਹਿਰ ਫੈਲਾਇਆ, ਉਹ ਹੁਣ ਸਫ਼ਾਈ ਮੁਹਿੰਮ ਦੀਆਂ ਗੱਲਾਂ ਕਰ ਰਹੇ ਹਨ। ਇਹ ਕਿਸੇ ਵੀ ਤਰ੍ਹਾਂ ਮਨਜ਼ੂਰ ਨਹੀਂ।
ਬਲਤੇਜ ਪੰਨੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅੱਜ ਐਲਾਨ ਕਰ ਰਹੇ ਹਨ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਪਹਿਲੀ ਕੈਬਨਿਟ ਵਿੱਚ ਹੀ ਗੈਂਗਸਟਰਾਂ ਤੇ ਚਿੱਟੇ ਦੇ ਸੌਦਾਗਰਾਂ ਵਿਰੁੱਧ ਸਖ਼ਤ ਕਾਨੂੰਨ ਲਿਆਉਣਗੇ ਅਤੇ ਉਨ੍ਹਾਂ ਨੂੰ ਅੱਤਵਾਦੀ ਡਿਕਲੇਅਰ ਕਰਨਗੇ। ਪੰਨੂ ਨੇ ਪਲਟਵਾਰ ਕਰਦਿਆਂ ਕਿਹਾ, "ਸੁਖਬੀਰ ਜੀ, ਪਹਿਲਾਂ ਇਹ ਦੱਸੋ ਕਿ ਗੈਂਗਸਟਰ ਕੌਣ ਲੈ ਕੇ ਆਇਆ, ਚਿੱਟਾ ਕੌਣ ਲੈ ਕੇ ਆਇਆ?"
ਆਪ ਆਗੂ ਨੇ ਯਾਦ ਕਰਾਉਂਦਿਆਂ ਕਿਹਾ ਕਿ 2007 ਵਿੱਚ ਅਕਾਲੀ-ਭਾਜਪਾ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਵਿੱਚ ਨਾ ਕੋਈ ਗੈਂਗਸਟਰ ਜਾਣਦਾ ਸੀ, ਨਾ ਚਿੱਟੇ ਦਾ ਕੋਈ ਨਾਮ ਸੁਣਦਾ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿੱਟੇ ਵਾਲਿਆਂ ਦੇ ਸੰਬੰਧ ਬਾਦਲ ਸਰਕਾਰ ਦੇ ਵੇਲੇ ਗੈਂਗਸਟਰਾਂ ਨਾਲ ਜੁੜੇ, ਕੀ ਸੁਖਬੀਰ ਬਾਦਲ ਉਨ੍ਹਾਂ ਨੂੰ ਵੀ ਅੱਤਵਾਦੀ ਗਰਦਾਨਣ ਦੀ ਹਿੰਮਤ ਰੱਖਦੇ ਹਨ?
ਪੰਨੂ ਨੇ ਤਿੱਖੇ ਵਿਅੰਗ ਨਾਲ ਕਿਹਾ, "ਸੁਖਬੀਰ ਬਾਦਲ ਦਾ ਇਹ ਬਿਆਨ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਤਾਲਿਬਾਨ ਕਹੇ ਕਿ ਚਲੋ ਮੋਮਬੱਤੀਆਂ ਲੈ ਕੇ ਸ਼ਾਂਤੀ ਮਾਰਚ ਕੱਢੀਏ।" ਉਨ੍ਹਾਂ ਕਿਹਾ ਕਿ 2007 ਤੋਂ 2017 ਤੱਕ ਦੇ ਦਸ ਸਾਲਾਂ ਵਿੱਚ ਬਾਦਲ ਸਰਕਾਰ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ ਅਤੇ ਗੈਂਗਸਟਰਵਾਦ ਨੂੰ ਸ਼ਹਿ ਦਿੱਤੀ। ਪੰਜਾਬੀ ਉਹ ਕਾਲਾ ਦੌਰ ਨਹੀਂ ਭੁੱਲੇ।
ਆਪ ਮੀਡੀਆ ਇੰਚਾਰਜ ਨੇ ਕਿਹਾ ਕਿ ਇਸ ਦੇ ਉਲਟ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਨਸ਼ਿਆਂ ਵਿਰੁੱਧ ਸੱਚਮੁੱਚ ਜੰਗ ਲੜ ਰਹੀ ਹੈ ਅਤੇ ਗੈਂਗਸਟਰਾਂ 'ਤੇ ਸ਼ਿਕੰਜਾ ਕੱਸ ਰਹੀ ਹੈ। ਪੰਨੂ ਨੇ ਕਿਹਾ, "ਇਸ ਤਰ੍ਹਾਂ ਦੀ ਜੰਗ ਲੜਨ ਲਈ ਵਿੱਲ ਪਾਵਰ ਚਾਹੀਦੀ ਹੈ। ਜੋ ਬਾਦਲ ਸਰਕਾਰ ਕੋਲ ਕਦੇ ਸੀ ਹੀ ਨਹੀਂ। ਇਸੇ ਲਈ ਉਨ੍ਹਾਂ ਨੇ ਪੰਜਾਬ ਨੂੰ ਤਬਾਹੀ ਦੇ ਮੂੰਹ ਵਿੱਚ ਪਾਇਆ।"
Click to Follow Babushahi Facebook page →