ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਰੋਸ ਰੈਲੀ ਦੌੌਰਾਨ ਕਾਮਿਆਂ ਵੱਲੋਂ ਬਿਜਲੀ ਐਕਟ 2025 ਦੀਆਂ ਕਾਪੀਆਂ ਫੂਕਦਿਆ ਰੋਸ ਪ੍ਰਦਰਸ਼ਨ ਕੀਤਾ
ਮਨਪ੍ਰੀਤ ਸਿੰਘ
ਰੂਪਨਗਰ 10 ਮਾਰਚ
ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ, ਆਰ ਟੀ ਪੀ ਇੰਪਲਾਈਜ ਫੈਡਰੇਸ਼ਨ ਅਤੇ ਏ ਆਈ ਟੀ ਯੂ ਸੀ ਵਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੇਨ ਗੇਟ ਤੇ ਇੱਕ ਰੋਸ ਰੈਲੀ ਕੀਤੀ ਗਈ। ਇਹ ਰੈਲੀ ਬਿਜਲੀ ਐਕਟ-2025 ਨੂੰ ਲਾਗੂ ਕਰਨ ਦੇ ਵਿਰੋਧ ਵਿੱਚ ਕੀਤੀ ਗਈ। ਇਸ ਰੈਲੀ ਵਿੱਚ ਥਰਮਲ ਪਲਾਂਟ ਦੇ ਸੈਂਕੜਿਆਂ ਕੱਚੇ ਮੁਲਾਜ਼ਮ ਅਤੇ ਰੈਗੂਲਰ ਮੁਲਾਜ਼ਮਾਂ ਨੇ ਐਕਟ ਵਿਰੁੱਧ ਪ੍ਰਦਰਸ਼ਨ ਕੀਤਾ। ਰੈਲੀ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਹਿੰਦੂਸਤਾਨ ਦੇ ਤਮਾਮ ਕਾਮੇ ਐਕਟ-2025 ਦਾ ਵਿਰੋਧ ਕਰ ਰਹੇ ਹਨ ਪਰ ਕੇਂਦਰ ਅਤੇ ਰਾਜ ਸਰਕਾਰਾਂ ਮੁਲਾਜ਼ਮ ਮਾਰੂ ਨੀਤੀਆਂ ਨੂੰ ਲਾਗੂ ਕਰਨ ਤੇ ਤੁਲੀ ਹੋਈ ਹੈ। ਇਹ ਐਕਟ ਨਾ ਸਿਰਫ਼ ਮੁਲਾਜ਼ਮਾਂ ਲਈ ਸਗੋਂ ਖਪਤਕਾਰਾਂ ਲਈ ਵੀ ਘਾਤਕ ਹੈ। ਹਿੰਦੁਸਤਾਨ ਦਾ ਕਿਸਾਨ ਵਰਗ, ਮਜ਼ਦੂਰ ਜਮਾਤ, ਸਰਕਾਰੀ/ਗੈਰਸਰਕਾਰੀ ਕਾਮੇ, ਵਪਾਰੀ ਵਰਗ ਅਤੇ ਆਮ ਨਾਗਰਿਕ ਉਕਤ ਐਕਟ ਦੇ ਖਿਲਾਫ ਆਪਣੇ ਆਪਣੇ ਤਰੀਕੇ ਨਾਲ ਵਿਰੋਧ ਕਰ ਰਹੇ ਹਨ। ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਬਜਟ ਦੌਰਾਨ ਕੋਈ ਸ਼ਬਦ ਸੁਣਨ ਨੂੰ ਨਹੀਂ ਮਿਲਿਆ। ਬਜਟ ਵਿੱਚ ਸਰਕਾਰ ਨੇ ਚੋਣਾਂ ਵੇਲੇ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੀ ਗੱਲ ਕੀਤੀ ਹੈ ਪਰੰਤੂ ਮਾਨ ਸਹਿਬ ਹਰੇ ਪੈਨ ਦੀ ਵਰਤੋਂ ਕਰਨ ਦਾ ਵਾਅਦਾ ਤਾਂ ਹੁਣ ਤੱਕ ਪੂਰਾ ਨਹੀਂ ਹੋਇਆ। ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਸਬੰਧਤ ਵਿਭਾਗਾਂ ਵਿੱਚ ਮਰਜ ਕਰਕੇ ਰੈਗੂਲਰ ਕਰਨ ਵਾਲਾ ਵਾਅਦਾ ਪੂਰਾ ਨਾ ਕੀਤਾ ਤਾਂ ਇਹ ਮਜ਼ਦੂਰ ਜਮਾਤ ਆਉਣ ਵਾਲੇ ਸਮੇਂ ਵਿੱਚ ਆਪ ਜੀ ਦੀ ਸਰਕਾਰ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਿੱਚ ਬੈਠਣ ਦਾ ਮੌਕਾ ਵੀ ਨਹੀਂ ਦੇਵੇਗੀ। ਸਾਂਝਾ ਮੰਚ ਦੇ ਬਲਵਿੰਦਰ ਸਸਕੌਰ, ਪਰਗਟ ਸਿੰਘ ਘਨੌਲੀ, ਸਾਹਿਲ, ਰਾਮਾਨੰਦ,ਬੀਕਰਮ ਸਿੰਘ, ਮਾਸਟਰ ਬਲਬੀਰ ਸਿੰਘ ਆਦਿ, ਆਰ ਟੀ ਪੀ ਇੰਪਲਾਈਜ ਫੈਡਰੇਸ਼ਨ ਦੇ ਪਵਨਪ੍ਰੀਤ ਸਿੰਘ, ਸਰਬਜੀਤ ਕੁਮਾਰ, ਬਲਵਿੰਦਰ ਸਿੰਘ, ਹਰਬੰਸ ਸਿੰਘ, ਨਿਖਿਲ ਮਲਹੋਤਰਾ ਆਦਿ ਅਤੇ ਏ ਆਈ ਟੀ ਯੂ ਸੀ ਦੇ ਆਰ ਕੇ ਤਿਵਾੜੀ, ਦਵਿੰਦਰ ਸਿੰਘ, ਰਾਮਾਨੰਦ ਗੋਲਸ ਕੁਮਾਰ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਅੰਤ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੂਬਾ ਸਕੱਤਰ ਸਸਕੌਰ ਜੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਦਿੜ੍ਹਬਾ ਵਿਖੇ ਮਾਰਚ ਦੇ ਅਖੀਰ ਵਿੱਚ ਲੜੀਵਾਰ ਪ੍ਰਦਰਸ਼ਨ ਕੀਤੇ ਜਾਣਗੇ ।