ਸੁਖਪਾਲ ਖਹਿਰਾ ਵਿਰੁੱਧ ਵਿਧਾਨ ਸਭਾ 'ਚ ਨਿੰਦਾ ਮਤਾ ਪਾਸ, ਵੂਮੈਨ ਕਮਿਸ਼ਨ ਵੱਲੋਂ ਰਿਪੋਰਟ ਤਲਬ
ਖਹਿਰਾ ਦੀਆਂ ਵਧੀਆਂ ਮੁਸ਼ਕਿਲਾਂ: ਮਹਿਲਾ ਕਮਿਸ਼ਨ ਨੇ ਲਿਆ 'ਸੋ ਮੋਟੋ' ਨੋਟਿਸ; ਐੱਸ.ਐੱਸ.ਪੀ. ਕਪੂਰਥਲਾ ਨੂੰ ਕਾਰਵਾਈ ਦੇ ਹੁਕਮ
ਰਾਜਾ ਵੜਿੰਗ ਦੀ ਸ਼ਹਿ 'ਤੇ ਟਿੱਪਣੀ ਕਰਨ ਦੇ ਲੱਗੇ ਇਲਜ਼ਾਮ; ਵਿਧਾਨ ਸਭਾ ਵਿੱਚ 'ਆਪ' ਵੱਲੋਂ ਨਿੰਦਾ ਮਤਾ ਪੇਸ਼
ਚੰਡੀਗੜ੍ਹ 10 ਮਾਰਚ 2026: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਔਰਤਾਂ ਅਤੇ ਖਾਸ ਕਰਕੇ ਦਲਿਤ ਮਹਿਲਾਵਾਂ ਬਾਰੇ ਕੀਤੀ ਗਈ ਕਥਿਤ ਟਿੱਪਣੀ ਦਾ ਮਾਮਲਾ ਹੁਣ ਪੁਲਿਸ ਚੌਖਟੇ ਤੱਕ ਪਹੁੰਚ ਗਿਆ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਖਹਿਰਾ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਇਸ ਤੋਂ ਪਹਿਲਾ ਵਿਧਾਨ ਸਭਾ ਵਿੱਚ ਖਹਿਰਾ ਵਿਰੁੱਧ ਨਿੰਦਾ ਮਤਾ ਪਾਸ ਕੀਤਾ ਗਿਆ।
ਮਹਿਲਾ ਕਮਿਸ਼ਨ ਨੇ ਸੁਖਪਾਲ ਖਹਿਰਾ ਦੀ ਸੋਸ਼ਲ ਮੀਡੀਆ ਪੋਸਟ ਦਾ 'ਸੋ ਮੋਟੋ' (Suo Motu) ਨੋਟਿਸ ਲਿਆ ਹੈ। ਕਮਿਸ਼ਨ ਨੇ ਇਸ ਸਬੰਧੀ ਐੱਸ.ਐੱਸ.ਪੀ. ਕਪੂਰਥਲਾ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਹਨ। ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਐੱਸ.ਪੀ. (SP) ਪੱਧਰ ਦਾ ਅਫ਼ਸਰ ਇਸ ਮਾਮਲੇ ਦੀ ਪੜਤਾਲ ਕਰੇ। ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਤੁਰੰਤ 'ਸਟੇਟਸ ਰਿਪੋਰਟ' ਕਮਿਸ਼ਨ ਅਤੇ ਅਦਾਲਤ ਨੂੰ ਸੌਂਪਣ ਲਈ ਕਿਹਾ ਗਿਆ ਹੈ।
ਵਿਧਾਨ ਸਭਾ ਵਿੱਚ ਨਿੰਦਾ ਮਤਾ
ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਸੁਖਪਾਲ ਖਹਿਰਾ ਵਿਰੁੱਧ ਨਿੰਦਾ ਮਤਾ ਪੇਸ਼ ਕੀਤਾ ਗਿਆ। 'ਆਪ' ਨੇ ਇਲਜ਼ਾਮ ਲਾਇਆ ਕਿ ਖਹਿਰਾ ਨੇ ਜਾਣਬੁੱਝ ਕੇ ਦਲਿਤ ਮਹਿਲਾਵਾਂ ਦਾ ਅਪਮਾਨ ਕੀਤਾ ਹੈ। ਇਹ ਸਭ ਕੁਝ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਹਿ 'ਤੇ ਕੀਤਾ ਗਿਆ ਹੈ। ਸਦਨ ਵਿੱਚ ਮਹਿਲਾ ਵਿਧਾਇਕਾਂ ਨੇ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਤੱਕ ਦੀ ਮੰਗ ਉਠਾਈ।
ਮਹਿਲਾ ਕਮਿਸ਼ਨ ਦਾ ਦੋਸ਼ ਹੈ ਕਿ ਖਹਿਰਾ ਦੇ ਸ਼ਬਦ ਨਾ ਸਿਰਫ਼ ਅਪਮਾਨਜਨਕ ਹਨ, ਸਗੋਂ ਸਮਾਜ ਵਿੱਚ ਔਰਤਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੇ ਹਨ। ਦੂਜੇ ਪਾਸੇ, ਵਿਰੋਧੀ ਧਿਰ ਇਸ ਨੂੰ ਸਿਆਸੀ ਬਦਲਾਖੋਰੀ ਦੱਸ ਰਹੀ ਹੈ, ਪਰ ਮਹਿਲਾ ਕਮਿਸ਼ਨ ਦੀ ਸਰਗਰਮੀ ਨੇ ਖਹਿਰਾ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ।
Click to Follow Babushahi Facebook page →