ਐੱਚ.ਐੱਮ.ਆਈ.ਐੱਸ. ਅਤੇ ਆਰ.ਸੀ.ਐੱਚ. ਪੋਰਟਲਾਂ 'ਤੇ ਡਾਟਾ ਅਪਲੋਡ ਕਰਨ ਸਬੰਧੀ ਟ੍ਰੇਨਿੰਗ ਸੈਸ਼ਨ ਆਯੋਜਿਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 18 ਮਾਰਚ 2026
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਐੱਚ.ਐੱਮ.ਆਈ.ਐੱਸ. ਅਤੇ ਆਰ.ਸੀ.ਐੱਚ. ਪੋਰਟਲਾਂ 'ਤੇ ਏ.ਐੱਨ.ਸੀ. ਜਾਂਚ, ਟੀਕਾਕਰਨ ਸਮੇਤ ਹੋਰ ਸਿਹਤ ਸੇਵਾਵਾਂ ਦਾ ਡਾਟਾ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਅਪਲੋਡ ਕਰਨ ਲਈ ਜ਼ਿਲ੍ਹੇ ਦੇ ਸਮੂਹ ਇਨਫਾਰਮੇਸ਼ਨ ਅਸਿਸਟੈਂਟਾਂ, ਬਲਾਕ ਅੰਕੜਾ ਸਹਾਇਕਾਂ ਅਤੇ ਕੰਪਿਊਟਰ ਆਪਰੇਟਰਾਂ ਨੂੰ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਤਾ ਅਤੇ ਬੱਚਾ ਸਿਹਤ ਸੇਵਾਵਾਂ ਦੀ ਨਿਗਰਾਨੀ ਲਈ ਐੱਚ.ਐੱਮ.ਆਈ.ਐੱਸ. ਅਤੇ ਆਰ.ਸੀ.ਐੱਚ. ਪੋਰਟਲ ਬਹੁਤ ਮਹੱਤਵਪੂਰਨ ਸਾਧਨ ਹਨ। ਉਨ੍ਹਾਂ ਨੇ ਕਿਹਾ ਕਿ ਜੇ ਡਾਟਾ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਅਪਲੋਡ ਕੀਤਾ ਜਾਵੇ, ਤਾਂ ਗਰਭਵਤੀ ਔਰਤਾਂ ਦੀ ਏ.ਐੱਨ.ਸੀ. ਜਾਂਚ, ਟੀਕਾਕਰਨ ਅਤੇ ਉੱਚ-ਖਤਰੇ ਵਾਲੇ ਕੇਸਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਉਚਿਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਹੋਰ ਵੀ ਜ਼ੋਰ ਦਿੱਤਾ ਕਿ ਡਾਟਾ ਦੀ ਗੁਣਵੱਤਾ ਅਤੇ ਸਮੇਂਬੱਧ ਰਿਪੋਰਟਿੰਗ ਨਾਲ ਹੀ ਸਰਕਾਰੀ ਯੋਜਨਾਵਾਂ ਦੇ ਨਤੀਜੇ ਸੁਧਾਰੇ ਜਾ ਸਕਦੇ ਹਨ।
ਇਸ ਮੌਕੇ ਐੱਚ.ਐੱਮ.ਆਈ.ਐੱਸ. ਡਿਵੀਜ਼ਨਲ ਕੋਆਰਡੀਨੇਟਰ ਸ੍ਰੀ ਮੋਹਿਤ ਗਰੋਵਰ ਨੇ ਆਮ ਲੋਕਾਂ ਅਤੇ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਡਾਟਾ ਐੱਚ.ਐੱਮ.ਆਈ.ਐੱਸ. ਅਤੇ ਆਰ.ਸੀ.ਐੱਚ. ਪੋਰਟਲਾਂ 'ਤੇ ਸਮੇਂ ਸਿਰ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਸ੍ਰੀ ਗਰੋਵਰ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਆਮ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਲਈ ਸਾਰੇ ਕਰਮਚਾਰੀ ਆਪਣੀ ਰਿਪੋਰਟਿੰਗ ਡਿਊਟੀ ਪੂਰੀ ਜਿੰਮੇਵਾਰੀ ਅਤੇ ਨਿਸ਼ਠਾ ਨਾਲ ਨਿਭਾਉਣ। ਉਨ੍ਹਾਂ ਨੇ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਦਲਜੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਜ਼ਿਲ੍ਹਾ ਨਿਗਰਾਨੀ ਅਤੇ ਮੁਲਾਂਕਣ ਅਫ਼ਸਰ ਗੁਰਪ੍ਰੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
Click to Follow Babushahi Facebook page →