ਸਬਰ , ਸੰਤੋਖ ਤੇ ਸਿੱਖੀ ਦਾ ਜਜ਼ਬਾ’
ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਐਤਵਾਰ 11 ਜਨਵਰੀ ਨੂੰ ਸਜਾਇਆ ਜਾਵੇਗਾ ਮਹਾਨ ਨਗਰ ਕੀਰਤਨ
-11 ਤੋਂ 2 ਵਜੇ ਤੱਕ ਧਾਰਮਿਕ ਪਹਿਚਾਣ, ਏਕਤਾ ਅਤੇ ਸਾਂਝੀਵਾਲਤਾ ਦਾ ਫੈਲੇਗਾ ਸ਼ੰਦੇਸ਼
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 29 ਦਸੰਬਰ 2025:-ਵਿਦੇਸ਼ਾਂ ਵਿੱਚ ਨਗਰ ਕੀਰਤਨ ਸਿਰਫ਼ ਇੱਕ ਧਾਰਮਿਕ ਜਲੂਸ ਨਹੀਂ ਹੈ, ਸਗੋਂ ਇਹ ਸਿੱਖ ਪਛਾਣ, ਭਾਈਚਾਰਕ ਸਾਂਝ ਅਤੇ ਸੱਭਿਆਚਾਰਕ ਮਾਣ ਦਾ ਪ੍ਰਤੀਕ ਬਣ ਚੁੱਕਾ ਹੈ। ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ (43 ਬੌਰੇਜ਼ ਸਟ੍ਰੀਟ) ਵਿਖੇ ਇਸ ਵਾਰ 12ਵਾਂ ਮਹਾਨ ਨਗਰ ਕੀਰਤਨ (ਸਿੱਖ ਪ੍ਰੇਡ) 11 ਜਨਵਰੀ 2026 ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ 2 ਵਜੇ ਤੱਕ ਸਜਾਇਆ ਜਾ ਰਿਹਾ ਹੈ। ਇਸ ਸਬੰਧੀ 9 ਜਨਵਰੀ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਠ ਪਾਠ ਸਾਹਿਬ ਆਰੰਭ ਹੋ ਰਹੇ ਹਨ ਜਿਨ੍ਹਾਂ ਦੇ ਭੋਗ 11 ਜਨਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ ਅਤੇ ਫਿਰ ਅਰਦਾਸ ਉਪਰੰਤ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। ਇਸ ਨਗਰ ਕੀਰਤਨ ਦੇ ਵਿਚ ਜਿੱਥੇ ਗੁਰਬਾਣੀ ਕੀਰਤਨ (ਭਾਈ ਕਰਮਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਕੇਸਗੜ੍ਹ ਸਾਹਿਬ) ਦਾ ਜੱਥਾ ਗੁਰਬਾਣੀ ਗਾਇਨ ਕਰੇਗਾ ਉਥੇ ਬੱਚੇ ਕਵੀਸ਼ਰੀ ਅਤੇ ਹੋਰ ਕਵਿਤਾਵਾਂ ਦੇ ਨਾਲ ਨਗਰ ਕੀਰਤਨ ਦੇ ਵਿਚ ਜੋਸ਼ ਭਰਨਗੇ। ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਵਿਚ ਪਹਿਲਾਂ ਤੋਂ ਚੱਲ ਰਹੇ ਨਗਰ ਕੀਰਤਨ ਰੂਟ ਉਤੇ ਚਾਲੇ ਪਾਵੇਗਾ। ਪਹਿਲਾ ਵੱਡਾ ਪੜਾਅ ‘ਟੋਰੰਗਾ ਬੁਆਏਜ਼ ਕਾਲਜ’ ਕੈਮਰਨ ਰੋਡ ਵਿਖੇ ਹੋਵੇਗਾ ਜਿੱਥੇ ਸੰਗਤ ਗਤਕੇ ਦੇ ਜੌਹਰ ਵੇਖੇਗੀ ਅਤੇ ਹੋਰ ਮਾਨ-ਸਨਮਾਨ ਦੀਆਂ ਰਸਮਾਂ ਹੋਣਗੀਆਂ। ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੇਅ ਆਫ ਪਲੈਂਟੀ ‘ਪਾਈਪ ਐਂਡ ਡਰੱਮ’ ਵਾਲਾ ਮਿਊਜ਼ਿਕ ਬੈਂਡ ਸੰਗੀਤਕ ਧੁਨਾਂ ਦਾ ਬਾਦਸ਼ਾਹੀ ਮਾਹੌਲ ਵੀ ਬਣਾਏਗਾ।
ਗੁਰੂ ਸਾਹਿਬ ਦਾ ਸਰੂਪ ਸੁੰਦਰ ਸਜੇ ਖੁੱਲ੍ਹੇ ਟਰੱਕ ਦੇ ਉਤੇ ਬਿਰਾਜਮਾਨ ਰਹੇਗਾ। ਇਸ ਤੋਂ ਇਲਾਵਾ ਹੋਰ ਟਰੱਕ ਵੀ ਸੰਗਤ ਅਤੇ ਗੁਰੂ ਜਸ ਸਰਵਣ ਕਰਵਾਉਣ ਵਾਸਤੇ ਹੋਣਗੇ। ਕੁਝ ਸੰਗਤ ਗੱਡੀਆਂ ਦੇ ਵਿਚ ਹੋਵੇਗੀ ਅਤੇ ਬਹੁਤਾਤ ਦੇ ਵਿਚ ਸੰਗਤ ਸਿਰਫ ਸੜਕ ਉਤੇ ਸਲੀਕੇ ਨਾਲ ਗੁਰੂ ਸਾਹਿਬਾਂ ਦੇ ਮਗਰ-ਮਗਰ ਇਸ ਨਗਰ ਕੀਰਤਨ ਦੇ ਵਿਚ ਅਨੁਸ਼ਾਸ਼ਨ ਦੇ ਨਾਲ ਚੱਲੇਗੀ। ਗੁਰਦੁਆਰਾ ਸਾਹਿਬ ਟੀਪੁੱਕੀ ਅਤੇ ਪਾਪਾਮੋਆ ਤੋਂ ਵੀ ਸਹਿਯੋਗ ਅਤੇ ਸੇਵਾਵਾਂ ਦੀ ਅਪੀਲ ਕੀਤੀ ਗਈ ਹੈ।
ਸੁਰੱਖਿਆ ਵਿੱਚ ਵਾਧਾ: ਪ੍ਰਬੰਧਕਾਂ ਅਤੇ ਸਥਾਨਕ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਜਾਣਗੇ। ਵਲੰਟੀਅਰਾਂ (ਸੇਵਾਦਾਰਾਂ) ਦੀ ਗਿਣਤੀ ਵਧਾਈ ਗਈ ਹੈ ਤਾਂ ਜੋ ਕਿਸੇ ਵੀ ਸ਼ਰਾਰਤੀ ਅਨਸਰ ’ਤੇ ਨਜ਼ਰ ਰੱਖੀ ਜਾ ਸਕੇ। ਸੁਰੱਖਿਆ ਦੇ ਲਈ ਜਿੱਥੇ ਪ੍ਰਾਈਵੇਟ ਪ੍ਰਬੰਧ ਹੋਣਗੇ ਉਥੇ ਪੁਲਿਸ ਦੀਆਂ ਵੀ ਜਿਆਦਾ ਸੇਵਾਵਾਂ ਵਰਤੀਆਂ ਜਾਣਗੀਆਂ।
ਫੁੱਟਪਾਥ ’ਤੇ ਨਾ ਚੱਲਣ ਦੀ ਬੇਨਤੀ: ਪ੍ਰਬੰਧਕਾਂ ਨੇ ਬੇਨਤੀ ਕੀਤੀ ਹੈ ਕਿ ਸੰਗਤ ਫੁੱਟਪਾਥ ਉਤੇ ਨਾ ਚੱਲੇ ਸਗੋਂ ਮੇਨ ਸੜਕ ਉਤੇ ਇਕ ਚਾਲ ਚੱਲਣ ਤਾਂ ਕਿ ਸਿੱਖੀ ਦਾ ਜ਼ਜਬਾ, ਧਾਰਮਿਕ ਪਹਿਚਾਣ, ਭਰਪੂਰ ਅਨੁਸ਼ਾਸ਼ਨ, ਏਕਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਫੈਲਾਅ ਕੇ ਸਥਾਨਿਕ ਭਾਈਚਾਰੇ ਦੇ ਵਿਚ ਆਪਣਾ ਕੱਦ ਉਚਾ ਕਰੀਏ।