ਬਿਰਤਾਂਤਕਾਰ ਦੀ ਮੁਨਸਿਫ਼ੀ ਸੋਚ ਦੇ ਸੰਕਟ ਨਾਲ਼ ਪੀੜਿਤ ਪੰਜਾਬੀ ਕਹਾਣੀ
ਡਾ. ਬਲਦੇਵ ਸਿੰਘ ਧਾਲੀਵਾਲ
ਸਾਲ 2024 ਦੀ ਪੰਜਾਬੀ ਕਹਾਣੀ ਬਾਰੇ ਵਿਚਾਰਦਿਆਂ ਜਿਹੜਾ ਨੁਕਤਾ ਸਭ ਤੋਂ ਉੱਭਰਵੇਂ ਰੂਪ ਵਿੱਚ ਧਿਆਨ ਖਿੱਚਦਾ ਹੈ ਉਸ ਦਾ ਸਬੰਧ ਕਹਾਣੀ ਵਿੱਚ ਬਿਰਤਾਂਤਕਾਰ ਦੀ ਦਖ਼ਲਅੰਦਾਜ਼ੀ ਦੇ ਸਮੱਸਿਆਮੂਲਕ (ਪ੍ਰਾਬਲੇਮੈਟਿਕ) ਸਰੂਪ ਨਾਲ਼ ਹੈ। ਕਹਾਣੀ ਵਿੱਚ ਦੋ ਪ੍ਰਮੁੱਖ ਤੱਤ ਹੁੰਦੇ ਹਨ: ਬਿਰਤਾਂਤਕਾਰ ਅਤੇ ਬਿਰਤਾਂਤ, ਅਰਥਾਤ ਕਹਾਣੀ ਸੁਣਾਉਣ ਜਾਂ ਕਹਿਣ ਵਾਲਾ ਅਤੇ ਕਹੀ ਜਾਣ ਵਾਲ਼ੀ ਗੱਲ–ਕੱਥ ਜਾਂ ਕਥਾ–ਵਾਰਤਾ। ਨਿਰਸੰਦੇਹ, ਬਿਰਤਾਂਤਕਾਰ ਗੁੱਝੇ ਰੂਪ ਵਿੱਚ ਲੇਖਕ ਜਾਂ ਕਹਾਣੀਕਾਰ ਤੋਂ ਪ੍ਰਭਾਵਿਤ ਜ਼ਰੂਰ ਹੁੰਦਾ ਹੈ ਕਿਉਂਕਿ ਉਹ ਲੇਖਕ ਦੀ ਸਿਰਜਣਾ ਹੁੰਦਾ ਹੈ ਪਰ ਅਸਲ ਵਿੱਚ ਉਸ ਦੀ ਹੋਂਦ ਅਤੇ ਹਸਤੀ ਕਹਾਣੀਕਾਰ ਤੋਂ ਸੁਤੰਤਰ ਜਾਂ ਖ਼ੁਦਮੁਖ਼ਤਾਰ ਹੁੰਦੀ ਹੈ, ਦੂਜੇ ਸ਼ਬਦਾਂ ਵਿੱਚ ਉਹ ਕਹਾਣੀਕਾਰ ਦਾ ਪ੍ਰਤੀਰੂਪ ਜਾਂ ਧੁਤੂ ਨਹੀਂ ਹੁੰਦਾ। ਮਿਸਾਲ ਵਜੋਂ ਹੋ ਸਕਦਾ ਹੈ ਕਹਾਣੀਕਾਰ ਕਿਸੇ ਵਿਚਾਰਧਾਰਾ–ਵਿਸ਼ੇਸ਼ ਵਾਲਾ ਪ੍ਰੋਫ਼ੈਸਰ ਹੋਵੇ ਪਰ ਉਸ ਦੀ ਕਹਾਣੀ ਨੂੰ ਕਿਸੇ ਹੋਰ ਵਿਚਾਰਧਾਰਕ ਨਜ਼ਰੀਏ ਰਾਹੀਂ ਵਕੀਲ–ਰੂਪੀ ਪਾਤਰ ਦੀ ਭੂਮਿਕਾ ਵਾਲਾ ਬਿਰਤਾਂਤਕਾਰ ਸੁਣਾ ਜਾਂ ਕਹਿ ਰਿਹਾ ਹੋਵੇ। ਇਹ ਵਖਰੇਵਾਂ ਉਸ ਵੇਲੇ ਤਾਂ ਬਿਲਕੁਲ ਸਪੱਸ਼ਟ ਹੁੰਦਾ ਹੈ ਜਦੋਂ ਔਰਤ ਕਹਾਣੀਕਾਰ ਦੀ ਕਹਾਣੀ ਦਾ ਬਿਰਤਾਂਤਕਾਰ ਮਰਦ ਹੁੰਦਾ ਹੈ, ਜਿਵੇਂ ਨਾਰੀ ਕਹਾਣੀਕਾਰ ਵਿਪਨ ਗਿੱਲ ਦੀ ਕਹਾਣੀ ‘ਮਿਰਗ ਛਲ’ (ਕਹਾਣੀ ਧਾਰਾ, ਅਪ੍ਰੈਲ–ਜੂਨ) ਦਾ ਬਿਰਤਾਂਤਕਾਰ ਮਰਦ ਹੈ। ਇਸੇ ਤਰ੍ਹਾਂ ਮਰਦ ਕਹਾਣੀਕਾਰ ਸੁਆਮੀ ਸਰਬਜੀਤ ਦੀ ਕਹਾਣੀ ‘ਖੱਲਾਸੀ’ (ਪ੍ਰਵਚਨ, ਅਪ੍ਰੈਲ–ਜੂਨ) ਦੀ ਬਿਰਤਾਂਤਕਾਰ ਔਰਤ ਹੈ।
ਕਹਾਣੀ ਵਿੱਚ ਬਿਰਤਾਂਤਕਾਰ ਦਾ ਭਾਵੇਂ ਕੋਈ ਵੀ ਰੂਪ ਹੋਵੇ ਪਰ ਉਸ ਦਾ ਮੁੱਖ ਮੰਤਵ ਜਾਂ ਪ੍ਰਕਾਰਜ ਆਪਣੀ ਮੁਨਸਿਫ਼ੀ (ਜੱਜਮੈਂਟਲ) ਉਲਾਰਤਾ ਤੋਂ ਮੁਕਤ ਰਹਿ ਕੇ ਘਟਨਾਵਾਂ, ਪਾਤਰਾਂ, ਗਲਪੀ–ਭਾਸ਼ਾ ਆਦਿ ਤੱਤਾਂ ਰਾਹੀਂ ਜੀਵੰਤ ਭਾਂਤ ਦਾ ਬਿਰਤਾਂਤ ਸਿਰਜਣਾ ਹੁੰਦਾ ਹੈ। ਬਿਰਤਾਂਤਕਾਰ ਨੂੰ ਅੰਨਯਪੁਰਖੀ ਸਰੂਪ ਦੇਣਾ ਹੈ ਜਾਂ ਉਤਪੁਰਖੀ ਚਰਿੱਤਰ–ਰੂਪ, ਕਿਸ ਘਟਨਾ ਨੂੰ ਕੇਂਦਰੀ ਸਥਾਨ ਦੇਣਾ ਹੈ ਜਾਂ ਗੌਣ ਰੱਖਣਾ ਹੈ, ਕਿਸ ਘਟਨਾ ਦਾ ਦੁਹਰਾਓ ਕਰਨਾ ਹੈ, ਕਿਸ ਨੂੰ ਇੱਕੋ ਵਾਰ ਸੰਕੇਤਕ ਰੂਪ ’ਚ ਦੱਸਣਾ ਹੈ, ਕਿਸ ਪਾਤਰ ਨੂੰ ਨਾਇਕਤਵ ਦੇ ਕੇ ਚਿਤਰਨਾ ਹੈ, ਕਿਸ ਨੂੰ ਖਲਨਾਇਕ, ਕਿਸ ਨੂੰ ਸਹਾਇਕ ਪਾਤਰ ਬਣਾਉਣਾ ਹੈ, ਕਿਸ ਨੂੰ ਮਿਸ਼ਰਤ ਰੂਪ ਦੇਣਾ ਹੈ। ਕਹਾਣੀ ਦਾ ਆਰੰਭ ਸੰਤੁਲਨ ਤੋਂ ਕਰਨਾ ਹੈ ਜਾਂ ਅਸੰਤੁਲਨ ਤੋਂ, ਅੰਤ ਬੰਦ ਰੱਖਣਾ ਹੈ ਜਾਂ ਖੁੱਲ੍ਹਾ। ਬਿਰਤਾਂਤਕ ਗਤੀ ਕਿੰਨੀ ਕੁ ਹੌਲੀ, ਮੱਧਮ ਜਾਂ ਤੇਜ ਰੱਖਣੀ ਹੈ। ਕਹਾਣੀ ਦੀ ਧੁਨੀ ਵਿੱਚੋਂ ਕਥਾ–ਵਿਵੇਕ ਕਿਵੇਂ ਉਜਾਗਰ ਕਰਨਾ ਹੈ। ਸਮੁੱਚੇ ਰੂਪ ਵਿੱਚ ਬਿਰਤਾਂਤ ਦੇ ਸਾਰੇ ਤੱਤਾਂ ਨੂੰ ਜੋੜ–ਬੀੜ ਕੇ ਢਾਂਚਾ ਕਿਵੇਂ ਉਸਾਰਨਾ ਹੈ ਅਤੇ ਬਿਰਤਾਂਤ ਨੂੰ ਕਿਵੇਂ ਦਿਸਦੇ ਯਥਾਰਥ ਤੋਂ ਅਗਾਂਹ ਸੰਭਾਵਤ ਦੀਆਂ ਹੱਦਾਂ ਤੱਕ ਲਿਜਾ ਕੇ ਵੀ ਮੰਨਣਯੋਗ ਬਣਾਈ ਰੱਖਣਾ ਹੈ, ਇਹ ਸਮੂਹ ਕਾਰਜ ਬਿਰਤਾਂਤਕਾਰ ਹੀ ਕਰਦਾ ਹੈ। ਇਸ ਤੋਂ ਵੀ ਅਗਾਂਹ ਬਿਰਤਾਂਤਕਾਰ ਨੇ ਸੁਣਾਈ ਜਾਣ ਵਾਲ਼ੀ ਗੱਲ ਅਨੁਕੂਲ ਆਪਣਾ ਰੂਪ ਵੀ ਆਪ ਹੀ ਚੁਣਨਾ ਹੁੰਦਾ ਹੈ। ਜੇ ਬਿਰਤਾਂਤਕਾਰ ਅੰਨਯਪੁਰਖੀ ਸਰਬਗਿਆਤਾ ਰੂਪ ਵਾਲਾ ਹੋਵੇਗਾ ਤਾਂ ਉਹ ਰੱਬ ਵਾਂਗ ਅੰਤਰਯਾਮੀ ਬਣ ਕੇ ਹਰੇਕ ਘਟਨਾ ਅਤੇ ਪਾਤਰ ਦਾ ਗਿਆਤਾ ਹੋ ਸਕਦਾ ਹੈ ਪਰ ਜੇ ਉਤਮਪੁਰਖੀ ਚਰਿੱਤਰ–ਰੂਪ ਹੋਵੇ ਤਾਂ ਉਹ ਸਿਰਫ਼ ਆਪਣੇ ਮਨ ਦੀ ਵਿਥਿਆ ਹੀ ਦੱਸ ਸਕਦਾ ਹੈ, ਦੂਜੇ ਦੇ ਹਾਵਾਂ–ਭਾਵਾਂ ਦਾ ਅਨੁਮਾਨ ਉਸ ਦੀਆਂ ਸਰੀਰਕ ਕਿਰਿਆਵਾਂ (ਜੈਸਚਰਜ) ਰਾਹੀਂ ਲਾ ਸਕਦਾ ਹੈ। ਕੋਈ ਵੀ ਕਹਾਣੀਕਾਰ ਪਹਿਲਾਂ ਸਿਧਾਂਤ ਸਿੱਖ ਕੇ ਕਹਾਣੀ ਲਿਖਣ ਦੇ ਰਾਹ ਨਹੀਂ ਪੈਂਦਾ ਸਗੋਂ ਉਸ ਨੂੰ ਵਿਧੀ–ਵਿਧਾਨ ਦਾ ਸਹਿਜ–ਬੋਧ ਹੁੰਦਾ ਹੈ। ਇਸੇ ਲਈ ਸਹਿਜ–ਰੂਪ ਵਿੱਚ ਇਉਂ ਹੀ ਉਹ ਪਹਿਲਾਂ ਬਿਰਤਾਂਤਕਾਰ ਦੀ ਸਿਰਜਣਾ ਕਰਦਾ ਹੈ ਅਤੇ ਫਿਰ ਬਿਰਤਾਂਤ ਦੀ। ਫਿਰ ਵੀ ਉਹ ਜੇ ਕਹਾਣੀ ਰੂਪਾਕਾਰ ਦੇ ਬੰਧੇਜਾਂ ਤੋਂ ਸੁਚੇਤ ਹੋਵੇ ਤਾਂ ਉਹ ਬਿਰਤਾਂਤਕਾਰ ਨੂੰ ਸੁਤੰਤਰ ਕਰਕੇ ਉਨ੍ਹਾਂ ਉਕਾਈਆਂ ਤੋਂ ਬਚ ਸਕਦਾ ਹੈ ਜਿਹੜੀਆਂ ਬਿਰਤਾਂਤ ਦੀ ਕਲਾਤਮਕਤਾ ਨੂੰ ਠੇਸ ਪਹੁੰਚਾਉਂਦੀਆਂ ਹਨ। ਇਸੇ ਕਰਕੇ ਅਜੋਕੀ ਪੰਜਾਬੀ ਕਹਾਣੀ ਵਿੱਚ ਬਿਰਤਾਂਤਕਾਰ ਦੇ ਆਪਹੁਦਰੇ ਵਿਵਹਾਰ ਕਾਰਣ ਕਹਾਣੀ–ਸੰਗਠਨ ਵਿੱਚ ਤਰੁਟੀਆਂ ਦੀ ਭਰਮਾਰ ਵੇਖਣ ਨੂੰ ਮਿਲਦੀ ਹੈ।
ਮੁਢਲੀ ਪੰਜਾਬੀ ਕਹਾਣੀ ਦਾ ਸਭ ਤੋਂ ਵੱਡਾ ਦੋਸ਼ ਇਹੀ ਮੰਨਿਆ ਜਾਂਦਾ ਰਿਹਾ ਹੈ ਕਿ ਉਸ ਦਾ ਰਚਨਾਕਾਰ ਆਪਣੀ ਕਹਾਣੀ ਵਿੱਚ ਪੈਗੰਬਰੀ ਰੂਪ ’ਚ ਹਾਜ਼ਰ ਹੋ ਜਾਂਦਾ ਸੀ ਅਤੇ ਕਾਰਜ ਵਾਪਰਦਾ ਵਿਖਾਉਣ (ਸ਼ੋਇੰਗ) ਦੀ ਥਾਂ ਸਿੱਧੇ ਕਥਨਾਂ ਅਤੇ ਵਰਨਣ ਰਾਹੀਂ ਆਪ ਹੀ ਕਹਾਣੀ ਬਿਆਨ (ਟੈਲਿੰਗ) ਕਰ ਦਿੰਦਾ ਸੀ। ਫਿਰ ਹੁਨਰੀ ਪੰਜਾਬੀ ਕਹਾਣੀ, ਜਿਸਦਾ ਸਿਖਰ ਕੁਲਵੰਤ ਸਿੰਘ ਵਿਰਕ ਨਾਲ਼ ਹੁੰਦਾ ਹੈ, ਵਿੱਚ ਬਿਰਤਾਂਤਕਾਰ ਓਹਲੇ ਰਹਿਕੇ ਕਹਾਣੀ ਕਹਿਣ ਲੱਗਾ ਸੀ, ਪਰ ਅਜੋਕੀ ਕਹਾਣੀ ਵਿੱਚ ਉਤਮਪੁਰਖੀ ਬਿਰਤਾਂਤਕਾਰ ਫਿਰ ਤੋਂ ਬੜਬੋਲੇ ਰੂਪ ਵਿੱਚ ਬਿਰਤਾਂਤ ’ਚ ਮੌਜੂਦ ਰਹਿਣ ਲੱਗ ਪਿਆ ਹੈ।
ਉਪਰੋਕਤ ਧਾਰਨਾ ਨੂੰ ਵਧੇਰੇ ਸਪੱਸ਼ਟ ਕਰਨ ਲਈ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਨੂੰ ਨਵੀਆਂ ਸਿਖਰਾਂ ਉੱਤੇ ਲੈ ਕੇ ਜਾਣ ਵਾਲ਼ੇ ‘ਮਾਸਟਰ’ ਬਿਰਤਾਂਤਕਾਰ ਸੁਖਜੀਤ ਦੀ ਕਹਾਣੀ ‘ਬਾਜ਼ੀ’(ਸੁਰਤਿ, ਅੰਕ ਦੂਜਾ) ਦੀ ਮਿਸਾਲ ਲੈਂਦੇ ਹਾਂ। ਕਹਾਣੀ ਉਤਮਪੁਰਖੀ ਬਿਰਤਾਂਤਕਾਰ ਰਾਹੀਂ ਇਕ ਮਰੀਜ਼ ਅਤੇ ਬਲਹੀਣ ਹੋ ਚੁੱਕੇ ਬਜੁਰਗ ਵਿਅਕਤੀ ਦੁਆਰਾ, ਆਪਣੀ ਇੱਛਾ–ਸ਼ਕਤੀ (ਵਿੱਲ ਪਾਵਰ) ਅਤੇ ਪੁਰਖਿਆਂ ਦੀ ਪ੍ਰੇਰਣਾ ਸਦਕਾ, ਸਰੀਰਕ ਬਲ ਦੇ ਵਿਖਾਏ ਕ੍ਰਿਸ਼ਮੇ ਦਾ ਬਿਰਤਾਂਤ ਪੇਸ਼ ਕਰਦੀ ਹੈ। ਮੰਜੇ ਨਾਲ਼ ਮੰਜਾ ਹੋਇਆ ਪਿਆ 63–64 ਸਾਲ ਦਾ ਬਜ਼ੁਰਗ ਮਰੀਜ਼ ਜੋਸ਼ ਵਿੱਚ ਆ ਕੇ ਕੁਅੰਟਲ ਦੀ ਬੋਰੀ ਦੀਆਂ ਬਾਜ਼ੀਆਂ ਪੁਆ ਦਿੰਦਾ ਹੈ। ਨਿਰਸੰਦੇਹ ਬਿਰਤਾਂਤਕਾਰ, ਆਪਣੀ ਮੰਤਵ–ਸਿੱਧੀ ਲਈ, ਇਸ ਦ੍ਰਿਸ਼ਟਾਂਤ ਰਾਹੀਂ ਪੰਜਾਬ ਦੀ ਕਿਸਾਨੀ ਦੇ ਸਿਰੜ, ਬਲ, ਸੂਰਬੀਰਤਾ, ਹੌਸਲੇ, ਸੰਘਰਸ਼ ਦੀ ਮਹਿਮਾ ਵਾਲਾ ਕਥਾ–ਵਿਵੇਕ ਸਿਰਜਣ ਦੀ ਲੋਚਾ ਕਰਦਾ ਹੈ ਪਰ ਇਸ ਅਤਿਕਥਨੀ ਭਰੇ ਵਰਨਣ ਨਾਲ਼ ਬਿਰਤਾਂਤ ਮੰਨਣਯੋਗਤਾ ਦੀ ਸ਼ਰਤ ਪੂਰੀ ਕਰਨ ਤੋਂ ਥਿੜ੍ਹਕਦਾ ਜਾਪਦਾ ਹੈ। ਪਾਠਕ ਦੇ ਮਨ ਵਿੱਚ ਸ਼ੰਕਾ ਦਾ ਬੀਜ ਬੋਇਆ ਜਾਂਦਾ ਹੈ ਕਿ ਬਿਰਤਾਂਤਕਾਰ ਨੇ ਜਾਣ–ਬੁੱਝ ਕੇ ਅਜਿਹਾ ਕਿਉਂ ਕਰਵਾਇਆ ਹੈ। ਇਸ ਕਹਾਣੀ ਵਿੱਚ ਉਹ ਸਭ ਕੁਝ ਹੈ ਜਿਹੜਾ ਇਸ ਨੂੰ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬੌਲਦ’ ਵਾਂਗ ਕਲਾਤਮਕ ਅਤੇ ਕਲਾਸਕੀ ਮਹੱਤਤਾ ਵਾਲ਼ੀ ਬਣਾ ਸਕਦਾ ਸੀ ਪਰ ਬਿਰਤਾਂਤਕਾਰ ਨੇ ਸੰਭਾਵਤ ਯਥਾਰਥ ਦੀ ਹੱਦ ਪਾਰ ਕਰਕੇ ਖ਼ੁਦ ਹੀ ਉਹ ਸੰਭਾਵਨਾ ਮੱਧਮ ਕਰ ਦਿੱਤੀ ਹੈ।
ਅਜਮੇਰ ਸਿੱਧੂ ਦੀ ਕਹਾਣੀ ‘ਬਰਫ਼ ਦੀ ਬੁਲਬੁਲ’ (ਸੁਰਤਿ–2) ਉਤਮਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਬਜ਼ੁਰਗ ਡਾਕਟਰ ਦੇ ਇਕਲਾਪੇ ਅਤੇ ‘ਸਾਵੀ’ ਨਾਂ ਦੀ ਰੋਬੋਟ ਔਰਤ ਰਾਹੀਂ ਉਸ ਇਕਲਾਪੇ ਤੋਂ ਮੁਕਤ ਹੋਣ ਦੇ ਯਤਨਾਂ ਦਾ ਬਿਰਤਾਂਤ ਸਿਰਜਦੀ ਹੈ। ਅਜਮੇਰ ਵੀ ਚੌਥੇ ਪੜਾਅ ਦਾ ਸੁਜੱਗ ਅਤੇ ਨਿਪੁੰਨ ਕਹਾਣੀਕਾਰ ਹੈ ਜਿਸਦੀ ਵਿਗਿਆਨ ਗਲਪ ਵਿੱਚ ਵਿਸ਼ੇਸ਼ ਰੁਚੀ ਰਹੀ ਹੈ। ਇਸ ਕਹਾਣੀ ਵਿੱਚ ਵੀ ਉਸ ਨੇ ਮਸਨੂਈ ਬੁੱਧੀਮਾਨਤਾ (ਆਰਟੀਫਿਸ਼ੀਅਲ ਇੰਟੈਲੀਜੰਸੀ) ਦੀਆਂ ਮਨੁੱਖ ਪੱਖੀ ਬਰਕਤਾਂ ਨੂੰ ਆਪਣਾ ਕਥਾ–ਵਸਤੂ ਬਣਾਇਆ ਹੈ। ਵਿਸ਼ੇ–ਵਸਤੂ ਅਨੁਕੂਲ ਉਸ ਕੋਲ ਲੋੜੀਂਦੇ ਵਸਤੂ–ਵੇਰਵੇ ਵੀ ਪ੍ਰਾਪਤ ਹਨ ਅਤੇ ਕਹਾਣੀ ਕਹਿਣ ਦੇ ਹੁਨਰ ਵਿੱਚ ਵੀ ਉਹ ਮਾਹਿਰ ਮੰਨਿਆ ਜਾਂਦਾ ਹੈ, ਪਰ ਰੋਬੋਟ ਔਰਤ ‘ਸਾਵੀ’ ਦੀ ਕਾਰਗੁਜ਼ਾਰੀ ਦਾ ਅਤਿਕਥਨੀ ਭਰਿਆ ਮਾਨਵੀਕਰਨ ਅਤੇ ਡਾਕਟਰ ਬਜ਼ੁਰਗ ਦੇ ਪੜ੍ਹੇ–ਲਿਖੇ ਪਰਿਵਾਰ ਦੇ ਤੀਜੇ ਦਰਜੇ ਦੇ ਕਲੇਸ਼ ਦਾ, ਸੰਭਾਵਨਾ ਦੀਆਂ ਹੱਦਾਂ ਪਾਰ ਕਰਦਾ, ਵਰਨਣ ਮੰਨਣਯੋਗਤਾ ਦੇ ਪੱਖੋਂ ਬਿਰਤਾਂਤ ਵਿੱਚ ਪੇਤਲਾਪਣ ਪੈਦਾ ਕਰ ਦਿੰਦਾ ਹੈ।
ਤੇਜੀ ਨਾਲ਼ ਉੱਭਰ ਰਹੀ ਕਹਾਣੀਕਾਰ ਸਰਬਜੀਤ ਕੌਰ ਸੋਹਲ ਦੀ ਕਹਾਣੀ ‘ਬੁਰਜ ਖ਼ਲੀਫ਼ਾ’ (ਕਹਾਣੀ ਧਾਰਾ, ਜਨਵਰੀ–ਮਾਰਚ) ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਕੋਝੀ ਸੂਰਤ ਵਾਲ਼ੀ ਕੁੜੀ ਸੰਜੂ ਦੇ ਆਤਮ–ਵਿਸ਼ਵਾਸ ਡੋਲਣ ਅਤੇ ਫਿਰ ਖੇਡਾਂ ਵਿੱਚ ਮੱਲਾਂ ਮਾਰ ਕੇ ਗੁਆਚਿਆ ਆਤਮ–ਵਿਸ਼ਵਾਸ ਬਹਾਲ ਕਰਨ ਦਾ ਬਿਰਤਾਂਤ ਪੇਸ਼ ਕਰਨਾ ਚਾਹੁੰਦੀ ਹੈ। ਪਛਾਣ–ਬਹਾਲੀ ਉਪਰੰਤ ਸੰਜੂ ਪਹਿਲਾਂ ਆਪਣੇ ਸਾਥੀ ਖਿਡਾਰੀ (ਬਾਸਕਟਬਾਲ ਦੀ ਟੀਮ ਦੇ ਕੈਪਟਨ ਮੁੰਡੇ) ਅਤੇ ਫੇਰ ਆਪਣੇ ਪ੍ਰੋਫ਼ੈਸਰ ਨੂੰ ਸੈਕਸ ਦੀ ਜੁਗਤ ਰਾਹੀਂ ਚਿੱਤ ਕਰਕੇ ‘ਲੱਤ ਹੇਠੋਂ ਲੰਘਾਉਂਦੀ’ ਹੈ ਅਰਥਾਤ ਵੱਡੇ ਖ਼ਲੀਫ਼ਿਆਂ ਨੂੰ ਮਿੱਟੀ ’ਚ ਰੋਲ਼ ਕੇ ਮਾਰੇ ਗਏ ਤਾਅਨਿਆਂ ਦਾ ਬਦਲਾ ਲੈਂਦੀ ਹੈ। ਆਪਣੇ ਉਲਾਰ ਨਾਰੀਵਾਦੀ ਪੈਂਤੜੇ ਅਨੁਕੂਲ ਮਨ–ਇੱਛਿਤ ਕਥਾ–ਵਿਵੇਕ ਤੱਕ ਪਹੁੰਚਣ ਲਈ ਬਿਰਤਾਂਤਕਾਰ ਵਸਤੂ–ਸਥਿਤੀ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਕੇ ਘਟਨਾਵਾਂ ਦੀ ਮਨ–ਇੱਛਿਤ ਘਾੜਤ ਘੜਦੀ ਹੈ ਅਤੇ ਪਾਤਰਾਂ ਨੂੰ ਵੀ ਕਾਲੇ–ਚਿੱਟੇ ਦੀ ਰੂੜ੍ਹੀਵਾਦੀ ਕੋਟੀ ਅਨੁਸਾਰ ਚਿਤਰਨ ਦਾ ਯਤਨ ਕਰਦੀ ਹੈ। ਸਿੱਟੇ ਵਜੋਂ ਕਹਾਣੀ ਕਲਾਤਮਕ ਮਿਆਰਾਂ ਤੋਂ ਬਹੁਤ ਹੇਠਾਂ ਦਰਮਿਆਨੇ ਦਰਜੇ ਦੀ ਰਚਨਾ ਬਣ ਕੇ ਰਹਿ ਜਾਂਦੀ ਹੈ।
ਕਹਾਣੀ ਵਿੱਚ ਬਿਰਤਾਂਤਕਾਰ ਦੀ ਸੰਤੁਲਤ, ਸਹਿਜ ਅਤੇ ਸੁਜੱਗ ਭੂਮਿਕਾ ਵੱਲੋਂ ਅਵੇਸਲੇ ਹੋਣ ਕਾਰਣ ਇਸ ਵਰ੍ਹੇ ਸਥਾਪਤ ਅਤੇ ਨਵੇਂ ਬਹੁਤ ਸਾਰੇ ਕਹਾਣੀਕਾਰਾਂ ਦੀਆਂ ਕਹਾਣੀਆਂ ਦਰਮਿਆਨੇ ਪੱਧਰ ਦਾ ਬਿਰਤਾਂਤ ਬਣ ਗਈਆਂ ਹਨ, ਜਿਵੇਂ: ਸਾਹਿਬਜ਼ਾਦੇ (ਹਰਪ੍ਰੀਤ ਸਿੰਘ ਚੰਨੂ, ਸ਼ਬਦ, ਅਪ੍ਰੈਲ–ਸਤੰਬਰ), ਮੁੱਠੀ ਵਿੱਚੋਂ ਕਿਰਦੀ ਰੇਤ (ਭਗਵੰਤ ਰਸੂਲਪੁਰੀ, ਸ਼ਬਦ, ਅਪ੍ਰੈਲ–ਸਤੰਬਰ), ਲਤੀਫ਼ੇ ਤੋਂ ਬਾਅਦ ਡਿੱਗਿਆ ਹੰਝੂ (ਜਸਵੀਰ ਰਾਣਾ, ਸ਼ਬਦ, ਅਪ੍ਰੈਲ–ਸਤੰਬਰ), ਇੱਕ ਦਸਤਾਰ ਰੱਤ ਲਿੱਬੜੀ (ਜਸਵੀਰ ਰਾਣਾ, ਹੁਣ, ਜੂਨ–ਸਤੰਬਰ), ਤਹਿਸੀਲਦਾਰ ਦਾ ਪੋਤਾ (ਸਾਂਵਲ ਧਾਮੀ, ਤਾਸਮਨ, ਜਨਵਰੀ–ਮਾਰਚ), ਇੱਕ ਕਿਲ਼ੇ ਦਾ ਇਤਿਹਾਸ (ਜਗਜੀਤ ਬਰਾੜ, ਅੱਖਰ, ਸਤੰਬਰ–ਦਸੰਬਰ), ਡੂੰਮਣੇ ਦਾ ਡੰਗ (ਬਲਵਿੰਦਰ ਸਿੰਘ ਗਰੇਵਾਲ, ਸਿਰਜਣਾ, ਜੁਲਾਈ–ਸਤੰਬਰ), ਬੇੜੀ ਦਾ ਮੇਲਾ (ਹਰਕੀਰਤ ਕੌਰ ਚਹਿਲ, ਕਹਾਣੀ ਧਾਰਾ, ਅਕਤੂਬਰ–ਦਸੰਬਰ), ਫਲੈਟ ਨੰਬਰ 13 (ਸਿਮਰਨ ਧਾਲੀਵਾਲ, ਸਿਰਜਣਾ, ਅਪ੍ਰੈਲ–ਜੂਨ), ਪਿਆਰ ਦੀ ਕਹਾਣੀ (ਅਰਵਿੰਦਰ ਕੌਰ ਧਾਲੀਵਾਲ, ਸ਼ਬਦ, ਅਪ੍ਰੈਲ–ਸਤੰਬਰ), ਕਸਵੱਟੀ (ਸਵਾਮੀ ਸਰਬਜੀਤ, ਸ਼ਬਦ, ਅਕਤੂਬਰ–ਦਸੰਬਰ), ਬੰਦੇ ਬਿਨਾਂ (ਜਿੰਦਰ, ਹੁਣ, ਜਨਵਰੀ–ਅਪ੍ਰੈਲ), ਸਭ ਤੋਂ ਉਦਾਸ ਇਬਾਰਤ (ਬਲਬੀਰ ਪਰਵਾਨਾ, ਸਿਰਜਣਾ, ਅਕਤੂਬਰ–ਦਸੰਬਰ), ਕੁਛ ਨਵਾਂ ਹੋ ਜਾਏ (ਸੁਖਪਾਲ ਸਿੰਘ ਥਿੰਦ, ਹੁਣ, ਜਨਵਰੀ–ਅਪ੍ਰੈਲ), ਸ਼ੂਗਰ ਡੈਡੀ (ਸੁਰਿੰਦਰ ਨੀਰ, ਰਾਗ, ਜਨਵਰੀ–ਅਪ੍ਰੈਲ), ਜਾਂਦੀ ਗੱਡੀ ਦੀਆਂ ਕੂਕਾਂ ! (ਦੀਪਤੀ ਬਬੂਟਾ, ਰਾਗ, ਮਈ–ਅਗਸਤ), ਪਰਛਾਵਾਂ (ਮੁਖ਼ਤਿਆਰ ਸਿੰਘ, ਸਿਰਜਣਾ, ਅਕਤੂਬਰ–ਦਸੰਬਰ), ਲਾਂਬੂ (ਜਸਬੀਰ ਭੁੱਲਰ, ਏਕਮ, ਜਨਵਰੀ–ਮਾਰਚ), ਮੱਛੀਆਂ ਜਾਲ਼ੇ ਫਸੀਆਂ (ਖ਼ਾਲਿਦ ਹੁਸੈਨ, ਸੁਰਤਿ–2), ਮਾਂ ਵਰਗੀ (ਜਤਿੰਦਰ ਹਾਂਸ, ਸੁਰਤਿ–1), ਪੌਣਾ ਕੁ ਚੰਨ (ਦੀਪ ਦੇਵਿੰਦਰ ਸਿੰਘ, ਹੁਣ, ਜਨਵਰੀ–ਅਪ੍ਰੈਲ), ਪੌਣੀ ਸਦੀ ਦਾ ਹਾਉਕਾ (ਤ੍ਰਿਪਤਾ ਕੇ ਸਿੰਘ, ਚਿਰਾਗ, ਜਨਵਰੀ–ਮਾਰਚ), ਨੁਤਫ਼ਾ (ਬਲੀਜੀਤ, ਸੁਰਤਿ–2), ਟੁਕੜੇ (ਪਰਵੇਜ਼ ਸੰਧੂ, ਚਿਰਾਗ, ਅਪ੍ਰੈਲ–ਜੂਨ), ਜਾਹ–ਜਾਂਦੀ (ਹਰਪ੍ਰੀਤ ਸਿੰਘ ਚੰਨੂ, ਸਿਰਜਣਾ, ਜਨਵਰੀ–ਮਾਰਚ), ਮੁਕਤੀ (ਅਮਰਜੀਤ ਸਿੰਘ ਮਾਨ, ਪ੍ਰਵਚਨ, ਜਨਵਰੀ–ਮਾਰਚ), ਪੀਲੀ ਰੌਸ਼ਨੀ ਦਾ ਸੱਚ (ਜਸਪਾਲ ਕੌਰ, ਸਮਕਾਲੀ ਸਾਹਿਤ, ਜਨਵਰੀ–ਮਾਰਚ), ਜੋ ਕਦੇ ਹਾਰ ਨਹੀਂ ਮੰਨਦੇ (ਬਿੰਦਰ ਬਸਰਾ, ਸੁਰਤਿ–2), ਮਿੱਟੀ (ਪਰਗਟ ਸਤੌਜ, ਸਿਰਜਣਾ, ਅਕਤੂਬਰ–ਦਸੰਬਰ) ਆਦਿ।
ਇਨ੍ਹਾਂ ਕਹਾਣੀਆਂ ਵਿੱਚ ਬਿਰਤਾਂਤਕਾਰ ਆਪਣੇ ਮਨ–ਇੱਛਿਤ ਕਥਾ–ਵਿਵੇਕ ਤੱਕ ਪਹੁੰਚਣ ਲਈ ਘਟਨਾ–ਪ੍ਰਬੰਧ ਅਤੇ ਚਰਿੱਤਰ ਉਸਾਰੀ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕਰਦਾ ਹੈ, ਇਸ ਲਈ ਕਥਾ–ਵਿਵੇਕ ਵਸਤੂ–ਸਥਿਤੀ ਦੀ ਅੰਤਰਧੁਨੀ ਬਣਾ ਕੇ ਸਹਿਜ ਰੂਪ ’ਚ ਨਹੀਂ ਉੱਭਰਦਾ, ਦੂਜੇ ਸ਼ਬਦਾਂ ਵਿੱਚ ਪਾਤਰ–ਕਾਰਜ ਦੇ ਸਹਿਜ ਵਿਕਾਸ ਨਾਲ਼ ਮੇਲ ਨਹੀਂ ਖਾਂਦਾ ਸਗੋਂ ਪਾਠਕ ਉੱਤੇ ਥੋਪਿਆ ਜਾਪਦਾ ਹੈ। ਬਿਰਤਾਂਤਕਾਰ ਕਿਸੇ ਘਟਨਾ ਪ੍ਰਤੀ ਪਾਤਰ ਦੀ ਕ੍ਰਿਆ–ਪ੍ਰਤਿਕਿਰਿਆ ਨੂੰ ਆਪਣੇ ਕਾਬੂ ਵਿੱਚ ਰੱਖਣ ਦਾ ਯਤਨ ਕਰਦਾ ਹੈ। ਸਿੱਟੇ ਵਜੋਂ ਬਿਰਤਾਂਤਕਾਰ ਦਾ ਆਪਹੁਦਰਾ ਦਖ਼ਲ ਬਿਰਤਾਂਤ ਵਿੱਚ ਕਿਸੇ ਨਾ ਕਿਸੇ ਪੱਖੋਂ ਝੋਲ ਪਾ ਦਿੰਦਾ ਹੈ।
ਚੌਥੇ ਪੜਾਅ ਦੇ ਉਤਰ–ਅੱਧ ਦੀ ਪੰਜਾਬੀ ਕਹਾਣੀ ਅਰਥਾਤ ਨਵੇਂ ਪੋਸ਼ ਦੀ ਅਜੋਕੀ ਕਹਾਣੀ ਵਿੱਚ ਤਾਂ ਮੁਨਸਿਫ਼ੀ ਬੜਬੋਲੇ ਬਿਰਤਾਂਤਕਾਰ ਦੀ ਦਖ਼ਲਅੰਦਾਜ਼ੀ ਸਗੋਂ ਹੋਰ ਵਧ ਗਈ ਹੈ। ਉਤਮਪੁਰਖੀ ‘ਮੈਂ’ – ਰੂਪੀ ਬਿਰਤਾਂਤਕਾਰ ਬਹੁਤੀ ਵਾਰੀ, ਬਿਨਾਂ ਚਰਿਤਰ–ਵਿਸ਼ੇਸ਼ ਦਾ ਰੂਪ ਧਾਰੇ, ਆਪਣੇ ਸਿੱਧੇ ਕਥਨਾਂ ਰਾਹੀਂ, ਸੂਤਰਧਾਰੀ ਵਿਧੀ ਨਾਲ਼, ਹੀ ਕਹਾਣੀ ਸੁਣਾ ਦਿੰਦਾ ਹੈ। ਸਿੱਟੇ ਵਜੋਂ ਕਹਾਣੀ ਦਾ ਬਿਰਤਾਂਤ ਇੱਕ–ਆਵਾਜ਼ੀ ਮਨਬਚਨੀ (ਮੋਨੋਲਾਗ) ਹੋ ਕੇ ਰਹਿ ਜਾਂਦਾ ਹੈ, ਦੂਜੇ ਪਾਤਰਾਂ ਦੀ ਆਵਾਜ਼ ਜਾਂ ਨਜ਼ਰੀਆ ਸਹੀ ਅਰਥਾਂ ਵਿੱਚ ਬਿਰਤਾਂਤ ਦਾ ਅੰਗ ਹੀ ਨਹੀਂ ਬਣਦਾ। ਉਨ੍ਹਾਂ ਬਾਕੀ ਪਾਤਰਾਂ ਦੀ ਕ੍ਰਿਆ–ਪ੍ਰਤਿਕਿਰਿਆ ਬਿਨਾਂ ਬਿਰਤਾਂਤ ਇਕਹਿਰਾ ਅਤੇ ਸਿੱਧੜ ਭਾਂਤ ਦਾ (ਫਲੈਟ) ਬਣ ਜਾਂਦਾ ਹੈ।
ਮਿਸਾਲ ਵਜੋਂ ਦਰਸ਼ਨ ਜੋਗਾ ਦੀ ਕਹਾਣੀ ‘ਲਕੀਰ’ (ਰਾਗ, ਮਈ–ਅਗਸਤ) ਵਿੱਚ ਪੇਂਡੂ ਪਿਉ–ਰੂਪੀ ਉਤਮਪੁਰਖੀ ਬਿਰਤਾਂਤਕਾਰ ਸ਼ਿਵਇੰਦਰ ਆਪਣੀ ‘ਚੰਡੀਗੜ੍ਹ ਪੜ੍ਹੀ’ ਨੂੰਹ ਨਾਲ਼ ਚੱਲ ਰਹੀ ਸਿਰਵੱਢਵੀਂ ਖਿੱਚੋਤਾਣ ਦਾ ਵਰਨਣ ਹੈ। ਪਿੰਡ ਵਿੱਚ ‘ਐਡਜਸਟਮੈਂਟ’ ਨਾ ਹੋਣ ਕਰਕੇ ਨੂੰਹ ਆਪਣੇ ਪਤੀ ਅਤੇ ਬੱਚੇ ਨੂੰ ਲੈ ਕੇ ਸ਼ਹਿਰ ਜਾ ਵਸਦੀ ਹੈ। ਇਸ ਤੋਂ ਵੀ ਅਗਾਂਹ ਆਈਲੈਟਸ ਕਰਕੇ ‘ਬਾਹਰ’ ਜਾਣ ਦੀ ਇੱਛਾ ਰਖਦੀ ਹੈ। ਉਸ ਦੀਆਂ ਮਨਮਰਜ਼ੀਆਂ ਤੋਂ ਤੰਗ ਆ ਕੇ ਅੰਤ ਪਤੀ ਵੀ ਖੁਦਕੁਸ਼ੀ ਕਰ ਲੈਂਦਾ ਹੈ। ਅੰਤ ਪੋਤਰੇ ਨੂੰ ਗਵਾ ਲੈਣ ਦਾ ਡਰ ਸ਼ਿਵਇੰਦਰ ਨੂੰ ਨੂੰਹ ਖ਼ਿਲਾਫ਼ ਕੀਤੇ ਕਤਲ ਕੇਸ ਦਾ ‘ਇਸਤਗਾਸਾ’ ਵਾਪਸ ਲੈਣ ਲਈ ਮਜਬੂਰ ਕਰਦਾ ਹੈ। ਬਿਰਤਾਂਤਕਾਰ ਦਾ ਸਾਰਾ ਬਲ ਆਪਣੇ ਆਕ੍ਰੋਸ਼ ਨੂੰ ਦਰਸਾਉਣ ਅਤੇ ਨੂੰਹ ਨੂੰ ਖਲਨਾਇਕੀ ਰੂਪ ’ਚ ਚਿਤਰਨ ਉੱਤੇ ਰਹਿੰਦਾ ਹੈ। ਸਿੱਟੇ ਵਜੋਂ ਪਤਨੀ, ਪੁੱਤ, ਨੂੰਹ ਅਤੇ ਪੋਤਰੇ ਦੀਆਂ ਆਵਾਜ਼ਾਂ ਅਤੀ ਮੱਧਮ ਰੂਪ ’ਚ ਹੀ ਬਿਰਤਾਂਤ ਦਾ ਅੰਗ ਬਣ ਸਕਦੀਆਂ ਹਨ। ਆਪਣੇ ਏਕਾਲਾਪੀ ਬੋਲਾਂ ਦੇ ਸ਼ੋਰ ਵਿੱਚ ਗਵਾਚੇ ਬਜੁਰਗ ਸ਼ਿਵਇੰਦਰ ਕੋਲ ਆਪਣੇ ਇੱਕਲੌਤੇ ਪੁੱਤ ਦੀ ਮੌਤ ਨਾਲ਼ ਪੈਦਾ ਹੋਣ ਵਾਲ਼ੇ ਅਸਤਿੱਤਵੀ ਪ੍ਰਸ਼ਨਾਂ ਨਾਲ਼ ਸੰਵਾਦ ਕਰਨ ਦਾ ਮੌਕਾ ਹੀ ਨਹੀਂ ਬਚਦਾ। ਸਿੱਟੇ ਵਜੋਂ ਬਿਰਤਾਂਤ ਦਾ ਦਾਰਸ਼ਨਿਕ ਪੱਖ ਉਜਾਗਰ ਹੀ ਨਹੀਂ ਹੁੰਦਾ ਅਤੇ ਬਿਰਤਾਂਤ, ਪਾਤਰ–ਰੂਪੀ ਬਿਰਤਾਂਤਕਾਰ ਦੀ ਉੱਚੀ–ਸੁਰ ਦਾ ਸ਼ਿਕਾਰ ਬਣ ਕੇ ਰਹਿ ਜਾਂਦਾ ਹੈ।
ਨਵੇਂ ਪੋਸ਼ ਦੀਆਂ ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਪੇਸ਼ ਕੀਤੀਆਂ ਜਾਣ ਵਾਲ਼ੀਆਂ ਕਹਾਣੀਆਂ ਵਿੱਚ ਵੀ ਸਥਿਤੀ ਇਸ ਤੋਂ ਬਹੁਤੀ ਵੱਖਰੀ ਨਹੀਂ ਜਾਪਦੀ। ਸੋਸ਼ਲ–ਮੀਡੀਆ ਦੇ ਦੌਰ ਦੇ ਵਸਤੂ–ਯਥਾਰਥ ਨੂੰ ਪ੍ਰਮਾਣਿਕ ਢੰਗ ਨਾਲ਼ ਗ੍ਰਹਿਣ ਕਰਕੇ ਆਪਣੀ ਮੜਕਵੀਂ ਬਿਰਤਾਂਤਕਾਰੀ ਵੱਲ ਉਚੇਚਾ ਧਿਆਨ ਖਿੱਚਣ ਵਾਲ਼ੇ ਉੱਭਰਦੇ ਕਹਾਣੀਕਾਰ ਅਲਫ਼ਾਜ਼ ਦੀ ਕਹਾਣੀ ‘ਡੋਪਾਮਾਈਨ’ (ਪ੍ਰਵਚਨ, ਅਕਤੂਬਰ–ਦਸੰਬਰ) ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਸੋਸ਼ਲ–ਮੀਡੀਆ ਦੇ ‘ਨਸ਼ੇ’ ਦੀ ਭੇਟ ਚੜ੍ਹੇ ਅੱਲ੍ਹੜ ਉਮਰ ਦੇ ਸਿਮਰ ਦੀ, ਇੰਟਰਨੈੱਟ ਬਿਨਾਂ ਪੈਦਾ ਹੋਈ ਜਾਨ–ਕੱਢਵੀਂ, ਤਿਲ਼ਮਿਲਾਹਟ ਦਾ ਬਿਰਤਾਂਤ ਸਿਰਜਦੀ ਹੈ। ਬਿਰਤਾਂਤਕਾਰ ਕੋਲ ਆਪਣੇ ਵਿਸ਼ੇ ਨਾਲ਼ ਸਬੰਧਿਤ ਢੁੱਕਵੇਂ ਕਥਾ–ਵੇਰਵਿਆਂ ਦਾ ਲੋੜੀਂਦਾ ਭੰਡਾਰ ਹੈ ਅਤੇ ਵਿਸ਼ੇ ਦੇ ਬਿਰਤਾਂਤਕ ਰੂਪਾਂਤਰਨ ਲਈ ਨਵਾਂ ਗਲਪੀ ਮੁਹਾਵਰਾ ਵੀ ਹੈ। ਇਸ ਲਈ ਉਹ ਚੁਸਤ ਵਾਰਤਾਲਾਪੀ ਸ਼ੈਲੀ ਰਾਹੀਂ ਨਾਟਕੀ ਭਾਂਤ ਦਾ ਤੇਜ ਗਤੀ ਬਿਰਤਾਂਤ ਸਿਰਜਕੇ ਪਾਠਕ ਨੂੰ ਚਕਾਚੂੰਧ ਕਰਨ ਦੇ ਯਤਨ ਵਿੱਚ ਸਫਲਤਾ ਹਾਸਿਲ ਕਰਦਾ ਹੈ। ਪਰ ਨੀਝ ਨਾਲ਼ ਵਿਚਾਰੀਏ ਤਾਂ ਪਤਾ ਲਗਦਾ ਹੈ ਕਿ ਅਤਿਕਥਨੀ ਭਰੇ ਬਿਆਨ ਕਾਰਣ ਕਹਾਣੀ ਦਰਮਿਆਨੇ ਦਰਜੇ ਤੋਂ ਉੱਪਰ ਉੱਠ ਕੇ ਕਲਾਸਕੀ ਮਹੱਤਤਾ ਗ੍ਰਹਿਣ ਕਰਨ ਵਿੱਚ ਸਫਲ ਨਹੀਂ ਹੁੰਦੀ। ਕਾਰਣ ਸਪੱਸ਼ਟ ਹੈ ਕਿ ਬਿਰਤਾਂਤਕਾਰ ਕੋਲ ਬਿਰਤਾਂਤ ਨੂੰ ਸਹਿਜ ਅਤੇ ਸੰਤੁਲਤ ਰੱਖਣ ਵਾਲ਼ੀ ਅਤੇ ਦੁਖ਼ਦ ਵਰਤਾਰੇ ਦੇ ਦਾਰਸ਼ਨਿਕ ਪਾਸਾਰ ਉਜਾਗਰ ਕਰ ਸਕਣ ਵਾਲ਼ੀ ਪ੍ਰੋਢ ਸੂਝ ਦੀ ਅਜੇ ਘਾਟ ਹੈ। ਕਾਹਲੀ ਵਿੱਚ ਕਈ ਥਾਈਂ ਉਹ ਅੰਨਯਪੁਰਖੀ ਅਤੇ ਉਤਮਪੁਰਖੀ ਬਿਰਤਾਂਤਕਾਰ ਨੂੰ ਰਲ਼ਗਡ ਵੀ ਕਰ ਬੈਠਦਾ ਹੈ। ਸਿਮਰ ਦੀ ਤਿਲ਼ਮਿਲਾਹਟ ਦਾ ਅਤਿਕਥਨੀ ਭਰਿਆ ਚਿਤਰਨ ਕਰ ਜਾਂਦਾ ਹੈ। ‘ਚਿੱਟੇ’ ਅਤੇ ਇੰਟਰਨੈੱਟ ਦੇ ‘ਨਸ਼ੇ’ ਨੂੰ ਜ਼ਾਹਰਾ ਤੌਰ ’ਤੇ ਤੁਲਨਾਉਂਦਿਆਂ ਬਿਰਤਾਂਤ ਨੂੰ ਦ੍ਰਿਸ਼ਟਾਂਤਕ ਵੰਨਗੀ ਦਾ ਬਣਾ ਦਿੰਦਾ ਹੈ, ਪ੍ਰਤਿਰੂਪਕ ਨਹੀਂ ਬਣਨ ਦਿੰਦਾ। ਉਲਾਰ ਹੋ ਚੁੱਕੇ ਪਾਤਰ ਦੇ ਬੋਲਾਂ ਵਿੱਚ ਸੂਤਰਧਾਰੀ ਬਿਰਤਾਂਤਕਾਰ ਦੇ ਸਿਆਣਪਵਾਦੀ ਬੋਲਾਂ ਦੀ ਮਿੱਸ ਕਹਾਣੀ ਨੂੰ ਉੱਚੀ ਸੁਰ ਵਾਲ਼ੀ ਬਣਾ ਕੇ ਕਲਾਤਮਕਤਾ ਨੂੰ ਠੇਸ ਪਹੁੰਚਾਉਂਦੀ ਹੈ।
ਨਵੇਂ ਪੋਸ਼ ਦੀਆਂ ਬਿਰਤਾਂਤਕਾਰੀ ਦੀ ਅਜਿਹੀ ਦੋਸ਼ਪੂਰਨ ਵੰਨਗੀ ਵਾਲ਼ੀਆਂ ਕਹਾਣੀਆਂ ਦੀ ਵੀ ਇਸ ਸਾਲ ਬਹੁਤਾਤ ਵੇਖਣ ਨੂੰ ਮਿਲਦੀ ਹੈ, ਜਿਵੇਂ: ਪਾਸਕੂ (ਆਗਾਜ਼ਬੀਰ, ਤਾਸਮਨ, ਅਪ੍ਰੈਲ–ਜੂਨ), ਅਹਿਮਦਸ਼ਾਹੇ (ਗੁਰਮੀਤ ਆਰਿਫ਼, ਸ਼ਬਦ, ਅਕਤੂਬਰ–ਦਸੰਬਰ), ਆਇਤ (ਗੁਰਪ੍ਰੀਤ ਡੈਨੀ, ਕਹਾਣੀ ਧਾਰਾ, ਅਪ੍ਰੈਲ–ਜੂਨ), ਮੈਂ ਵਰਜਿਨ ਨਹੀਂ (ਗੁਰਪ੍ਰੀਤ ਡੈਨੀ, ਰਾਗ, ਮਈ–ਅਗਸਤ), ਕੰਬਖ਼ਤ ਸੇਠੀ (ਸਰਬਜੀਤ ਸੋਹਲ), ਪ੍ਰਤਿਮਾਨ, ਜਨਵਰੀ–ਮਾਰਚ), ਬੁੱਚੜ (ਜਸਪਾਲ ਕੌਰ, ਏਕਮ, ਜਨਵਰੀ–ਮਾਰਚ), ਚਿੜੀ ਚੁੜੇਲ ਤੇ ਮਾਇਆ (ਰਵੀ ਸ਼ੇਰਗਿੱਲ, ਹੁਣ, ਜਨਵਰੀ–ਅਪ੍ਰੈਲ), ਵਿਚਾਰੀ (ਅੰਬਰ ਹੁਸੈਨੀ, ਸਿਰਜਣਾ, ਜੁਲਾਈ–ਸਤੰਬਰ) ਆਦਿ ਕਹਾਣੀਆਂ ਨਮੂਨੇ ਵਜੋਂ ਪੇਸ਼ ਹਨ।
ਇਸ ਸਾਲ ਦੀਆਂ ਜਿਨ੍ਹਾਂ ਕਹਾਣੀਆਂ ਵਿੱਚ ਬਿਰਤਾਂਤਕਾਰ ਦੀ ਭੂਮਿਕਾ ਮੁਕਾਬਲਤਨ ਵਧੇਰੇ ਸਹਿਜ, ਸੰਤੁਲਿਤ ਅਤੇ ਪ੍ਰੋਢ ਰਹੀ ਹੈ ਉਨ੍ਹਾਂ ਨੂੰ ਮੈਂ ਵਰ੍ਹੇ ਦੀਆਂ ਹਾਸਿਲ ਮੰਨ ਕੇ ਸਰਵੋਤਮ ਕਹਾਣੀਆਂ ਵਜੋਂ ਵਿਚਾਰਨਾ ਚਾਹੁੰਦਾ ਹਾਂ।
ਹਰਪ੍ਰੀਤ ਸੇਖਾ ਦੀ ਕਹਾਣੀ ‘ਖੜੋਤ’ (ਸ਼ਬਦ, ਅਪ੍ਰੈਲ–ਸਤੰਬਰ) ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਅਜੋਕੀ ਨਾਰੀ ਦੇ ਆਤਮ–ਵਿਸ਼ਵਾਸ ਅਤੇ ਨਵੀਂ ਪਛਾਣ ਨਾਲ਼ ਜੀਣ–ਥੀਣ ਦੀ ਲੋਚਾ ਦਾ ਬਿਰਤਾਂਤ ਪੇਸ਼ ਕਰਦੀ ਹੈ। ਇੱਕ ਕਨੇਡੀਅਨ ਪੰਜਾਬੀ ਮੁੰਡੇ ਵੱਲੋਂ ‘ਰਿਜੈਕਟ’ ਹੋਈ ਪੰਜਾਬੀ ਕੁੜੀ ਬਾਅਦ ’ਚ ਕਿਸੇ ਹੋਰ ਨਾਲ਼ ਵਿਆਹ ਕਰਵਾ ਕੇ ਕਨੇਡਾ ਪਹੁੰਚਦੀ ਹੈ, ਸਖ਼ਤ ਮਿਹਨਤ ਨਾਲ਼ ਬਿਜਨੈੱਸ ਸਥਾਪਤ ਕਰਦੀ ਹੈ ਅਤੇ ਫਿਰ ਇੰਸਟਾਗ੍ਰਾਮ ਰਾਹੀਂ ਭਾਲ ਕੇ ਉਸੇ ਮੁੰਡੇ ਨੂੰ ਮਿਲਨ ਟੋਰਾਂਟੋ ਤੋਂ ਵੈਨਕੂਵਰ ਆਉਂਦੀ ਹੈ ਤਾਂ ਕਿ ਉਸ ਮੁੰਡੇ ਦੀਆਂ “ਅੱਖਾਂ ਵਿੱਚ ਪਛਤਾਵਾ” ਵੇਖ ਸਕੇ। ਕਹਾਣੀ ਦੀ ਸਮਰੱਥਾ ਜਿੱਥੇ ਇਸ ਦੇ ਨਵ–ਨਾਰੀਵਾਦੀ ਨਜ਼ਰੀਏ ਵਿੱਚ ਹੈ ਉੱਥੇ ਸੋਸ਼ਲ–ਮੀਡੀਆ ਦੇ ਨਵੇਂ ਵੇਰਵਿਆਂ ਅਤੇ ਚਿੰਨ੍ਹਾਂ, ਪ੍ਰਤੀਕਾਂ ਨੂੰ ਪ੍ਰਕਾਰਜੀ ਢੰਗ ਨਾਲ਼ ਇਸਤੇਮਾਲ ਕਰਨ ਵਿੱਚ ਵੀ ਹੈ। ਸਹਿਜ ਅਤੇ ਸੁਭਾਵਕ ਵਰਨਣ ਵੀ ਇਸ ਕਹਾਣੀ ਦੇ ਬਿਰਤਾਂਤ ਦੀ ਕਲਾਤਮਕਤਾ ਨੂੰ ਵਧਾਉਣ ਅਤੇ ਵਧੇਰੇ ਮੰਨਣਯੋਗ ਬਣਾਉਣ ਵਾਲਾ ਅਹਿਮ ਲੱਛਣ ਹੈ।
ਵਿਪਨ ਗਿੱਲ ਦੀ ਕਹਾਣੀ ‘ਮਿਰਗ ਛਲ’ (ਕਹਾਣੀ ਧਾਰਾ, ਅਪ੍ਰੈਲ–ਜੂਨ) ਉਤਮਪੁਰਖੀ ਮਰਦ ਬਿਰਤਾਂਤਕਾਰ ਰਾਹੀਂ, ਅਮਰੀਕਾ ਰਹਿਣ ਦੇ ਸੁਪਨਿਆਂ ਕਾਰਣ ਭਟਕਣ ਅਤੇ ਖ਼ੁਆਰੀ ਦਾ ਸ਼ਿਕਾਰ ਹੋਈ ਮੁਟਿਆਰ ਦਾ ਬਿਰਤਾਂਤ ਸਿਰਜਦੀ ਹੈ। ਗੋਰੀ ਇੱਕ ਖਿਡਾਰਨ ਅਤੇ ‘ਧਾਕੜ’ ਜੱਟ ਕੁੜੀ ਸੀ। ਕਾਲਜ ਪੜ੍ਹਦਿਆਂ ਉਹ ਪਿਆਰ ਤਾਂ ਆਪਣੇ ਜਮਾਤੀ ਪੰਡਿਤਾਂ ਦੇ ਮੁੰਡੇ ਨੂੰ ਕਰਦੀ ਸੀ ਪਰ ਅਮਰੀਕਾ ਜਾਣ ਦੀ ਮੂੰਹਜ਼ੋਰ ਚਾਹਤ ਕਰਕੇ, ਆਪਣਾ ਪਿਆਰ ਕੁਰਬਾਨ ਕਰਦਿਆਂ ਵਿਆਹ ਇੱਕ ਅਧਖੜ੍ਹ ਉਮਰ ਦੇ ਬੰਦੇ ਨਾਲ਼ ਕਰਵਾ ਬੈਠਦੀ ਹੈ। ਉਸ ਦਾ ਪਤੀ ਪਹਿਲਾਂ ਹੀ ਮੇਮ ਨਾਲ਼ ਵਿਆਹਿਆ ਹੋਣ ਕਰਕੇ ਉਸ ਨੂੰ ਅਮਰੀਕਾ ਨਹੀਂ ਲਿਜਾਂਦਾ; ਇਸ ਲਈ ਸਾਰੀ ਉਮਰ ਉਹ ਪੰਜਾਬ ਰਹਿ ਕੇ ਹੀ ਸਹੁਰੇ ਪਰਿਵਾਰ ਦੀ ਸੇਵਾ ਕਰਦੀ ਹੈ ਅਤੇ ਆਪਣੀਆਂ ਧੀਆਂ ਪਾਲ਼ਦੀ ਹੈ। ਸਥਿਤੀ ਦਾ ਵਿਅੰਗ ਇਹ ਹੈ ਕਿ ਫਿਰ ਉਹ ਧੀਆਂ ਰਾਹੀਂ ਕਨੇਡਾ ਜਾਣ ਦੇ ਸੁਪਨੇ ਲੈਣ ਲਗਦੀ ਹੈ। ਕਹਾਣੀ ਦੀ ਸਮਰੱਥਾ ਪੰਜਾਬੀ ਬੰਦੇ ਦੇ ਪਰਵਾਸ ਲਈ ਤਾਂਘਦੇ ਅਵਚੇਤਨ ਨੂੰ ਡੂੰਘਾਈ ਵਿੱਚ ਪਕੜਨ ਵਿੱਚ ਵੀ ਹੈ ਅਤੇ ਜਗਿਆਸਾਮੂਲਕ, ਤੇਜ ਗਤੀ ਅਤੇ ਨਾਟਕੀ ਜੁਗਤ ਵਾਲ਼ੀ ਬਿਰਤਾਂਤਕਾਰੀ ਕਰਕੇ ਵੀ ਹੈ। ਔਰਤ ਕਹਾਣੀਕਾਰ ਨੇ ਮਰਦ ਬਿਰਤਾਂਤਕਾਰ ਰਾਹੀਂ ਬਿਰਤਾਂਤ ਪੇਸ਼ ਕਰਕੇ ਔਰਤ–ਮਰਦ ਦੇ ਨਜ਼ਰੀਏ ਨੂੰ ਸੰਤੁਲਿਤ ਢੰਗ ਨਾਲ਼ ਉਭਾਰਨ ਦਾ ਸਫਲ ਯਤਨ ਕੀਤਾ ਹੈ।
ਪਾਕਿਸਤਾਨੀ ਕਹਾਣੀਕਾਰ ਜ਼ੁਬੈਰ ਅਹਿਮਦ ਦੀ ਕਹਾਣੀ ‘ਕਹਾਣੀ ਜੋ ਮੁਕਦੀ ਨਹੀਂ’ (ਸੁਰਤਿ–2) ਇੱਕ ਮੁਟਿਆਰ–ਰੂਪੀ ਬਿਰਤਾਂਤਕਾਰ ਰਾਹੀਂ ਔਰਤ–ਮਰਦ ਦੀ ਪ੍ਰਸਪਰ ਨਿਰਭਰਤਾ ਵਾਲ਼ੇ ਅਤੀ ਸੂਖ਼ਮ ਰਿਸ਼ਤੇ ਦਾ ਬਿਰਤਾਂਤ ਪੇਸ਼ ਕਰਦੀ ਹੈ। ਭਰ ਜਵਾਨ ਕੰਵਾਰੀ ਕੁੜੀ ਆਪਣੇ ਅਧਿਆਪਕ ਰਹੇ ਵੱਡੀ ਉਮਰ ਦੇ ਵਿਅਕਤੀ ਨਾਲ਼ ਵੱਖਰੀ ਜਿਹੀ ਭਾਂਤ ਦੀ ਮੁਹੱਬਤੀ ਸਾਂਝ ਮਹਿਸੂਸ ਕਰਦੀ ਹੈ। ਉਹ ਹਰ ਪਲ਼ ਉਸ ਦਾ ਸੰਗ ਕਰਨਾ ਲੋਚਦੀ ਹੈ ਪਰ ਜਦ ਮਰਦ ਕਦੇ ਸਰੀਰਕ ਸਾਂਝ ਲਈ ਇਸ਼ਾਰਾ ਕਰਦਾ ਹੈ ਤਾਂ ਕੁੜੀ ਨੂੰ ਇਹ ਚੰਗਾ ਨਹੀਂ ਲਗਦਾ। ਉਹ ਆਖਦੀ ਹੈ, “ਮੈਂ ਪੂਰਾ ਪਿਆਰ ਉਸ ਨਾਲ਼ ਕਰਾਂਗੀ ਜਿਸ ਨਾਲ਼ ਵਿਆਹ ਕਰਾਂਗੀ।” ਕਹਾਣੀ ਦੀ ਸਮਰੱਥਾ ਜਿੱਥੇ ਨਾਰੀ–ਮਨ ਦੀਆਂ ਬਹੁਤ ਡੂੰਘੀਆਂ ਅਤੇ ਅਛੋਹ ਤੈਹਾਂ ਤੱਕ ਪਹੁੰਚਣ ਕਰਕੇ ਹੈ ਉੱਥੇ ਨਾਟਕੀ ਭਾਂਤ ਦੀ ਚੁਸਤ ਅਤੇ ਤਣਾਅ ਭਰਪੂਰ ਬਿਰਤਾਂਤਕਾਰੀ ਕਾਰਣ ਵੀ ਹੈ। ਇਸ ਕਹਾਣੀ ਵਿੱਚ ਬਿਰਤਾਂਤਕਾਰ ਅਲੋਪ ਹੋਣ ਦੀ ਹੱਦ ਤੱਕ ਓਹਲੇ ਰਹਿ ਕੇ ਬਿਰਤਾਂਤ ਸਿਰਜਦਾ ਹੈ, ਜੋ ਇੱਕ ਵਿਲੱਖਣ ਅਤੇ ਹੁਨਰੀ ਤਜਰਬਾ ਹੈ।
ਸੁਖਪਾਲ ਸਿੰਘ ਥਿੰਦ ਦੀ ਕਹਾਣੀ ‘ਦੇਸੀ ਡਰੀਮਜ਼’ ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਪੰਜਾਬੀਆਂ ਦੇ ਪਰਵਾਸ ਦੇ ਸੁਪਨੇ ਅਤੇ ਪਰਵਾਸ ਕਾਰਣ ਗੁੰਮ–ਗੁਆਚ ਰਹੀਆਂ ਮੂਲ ਪਰਿਵਾਰਕ ਧਰੋਹਰਾਂ ਦਾ ਬਿਰਤਾਂਤ ਪੇਸ਼ ਕਰਦੀ ਹੈ। ਚੰਗਾ ਮੱਧਵਰਗੀ ਜੀਵਨ ਜਿਉਂ ਰਹੇ ਅਰਮਾਨ ਅਤੇ ਉਸ ਦੀ ਪਤਨੀ ਨਵਜੋਤ ਆਪਣੇ ਨੇੜਲੇ ਪਰਵਾਸੀ ਰਿਸ਼ਤੇਦਾਰਾਂ ਦੀਆਂ ਚਮਕ–ਦਮਕ ਭਰੀਆਂ ਗੱਲਾਂ ਸੁਣ ਕੇ ਕਨੇਡਾ ਜਾਣ ਦਾ ਫੈਸਲਾ ਕਰਦੇ ਹਨ। ਪਰਵਾਸ ਦੀਆਂ ਮਜ਼ਬੂਰੀਆਂ ਕਾਰਣ ਜਦੋਂ ਮਾਪਿਆਂ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਿਲ ਹੋਣ ਤੋਂ ਵੀ ਅਸਮਰੱਥ ਮਹਿਸੂਸ ਕਰਦੇ ਹਨ ਅਤੇ ਕਨੇਡਾ ’ਚ ਰਹਿ ਕੇ ਮੁਟਿਆਰ ਹੋਈ ਧੀ ਵੀ ਹੱਥੋਂ ਖਿਸਕਦੀ ਜਾਪਦੀ ਹੈ ਤਾਂ ਸੁਪਨਿਆਂ ਅਤੇ ਹਕੀਕਤ ਦੀ ਵਿਡੰਬਨਾ ਸਮਝ ਆਉਂਦੀ ਹੈ। ਭਾਵੇਂ ਬਿਰਤਾਂਤ ਵਿੱਚ ਰਚਨਾਤਮਕਤਾ ਦੀ ਥਾਂ ਕਿਤੇ ਕਿਤੇ ਘਾੜਤ ਦੇ ਅੰਸ਼ ਵੀ ਹਨ ਪਰ ਕਹਾਣੀ ਬਹੁਤੀ ਝੋਲ ਨਹੀਂ ਮਾਰਦੀ। ਕਹਾਣੀ ਦੀ ਸਮਰੱਥਾ ਜਿੱਥੇ ਪਰਵਾਸ ਦੇ ਅਜੋਕੇ ਭਖਦੇ ਮਸਲੇ ਨੂੰ ਕਥਾ–ਵਸਤੂ ਬਣਾਉਣ ਵਿੱਚ ਹੈ ਉੱਥੇ ਸੰਤੁਲਿਤ ਬਿਰਤਾਂਤਕਾਰ ਰਾਹੀਂ ਪਾਤਰਾਂ ਦੀ ਕਿਰਿਆ–ਪ੍ਰਤਿਕਿਰਿਆ ਨੂੰ ਸੰਵਾਦੀ ਰੂਪ ਵਿੱਚ ਬਿਰਤਾਂਤਕਾਰੀ ਦਾ ਅੰਗ ਬਣਾ ਸਕਣ ਦੀ ਯੋਗਤਾ ਵਿੱਚ ਵੀ ਹੈ।
ਸਰਘੀ ਦੀ ਕਹਾਣੀ ‘ਬਲਾਈਂਡ ਡੇਟ’ (ਤਾਸਮਨ, ਜਨਵਰੀ–ਮਾਰਚ) ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਵਿਆਹ ਦੀ ਥਾਂ ‘ਲਿਵ–ਇਨ ਰਿਲੇਸ਼ਨ’ ਵਿੱਚ ਰਹਿਣ ਦਾ ਤਜਰਬਾ ਕਰਨ ਵਾਲ਼ੇ ਪਾਤਰਾਂ ਅਹਿਮ ਗੁਪਤਾ ਅਤੇ ਰੀਵਾ ਹੁਸੈਨ ਦੀ ਵਿੱਥ–ਭਰੀ ਸਾਂਝ ਦਾ ਬਿਰਤਾਂਤ ਸਿਰਜਦੀ ਹੈ। ਅੰਤ ਉੱਤੇ ਨਾ ਉਹ ‘ਸ਼ਾਦੀ’ ਲਈ ਸਹਿਮਤ ਲਗਦੇ ਹਨ ਅਤੇ ਨਾ ਵਿੱਛੜ ਜਾਣ ਵਾਸਤੇ ਤਿਆਰ ਹੋ ਸਕੇ ਹਨ, ਸਗੋਂ ਉਹ ‘ਏਕ ਔਰ ਬਲਾਈਂਡ ਡੇਟ’ ਦੀ ਲੋਚਾ ਕਰਦੇ ਪ੍ਰਤੀਤ ਹੁੰਦੇ ਹਨ। ਕਹਾਣੀ ਵਿਆਹ ਦੀ ਸੰਸਥਾ ਦੇ ਪਤਨ ਤੋਂ ਬਾਅਦ ਦੀ ਭਿਅੰਕਰ ਸਥਿਤੀ ਵਿੱਚ ਕਿਸੇ ਨਵੇਂ ਬਦਲ ਦੀ ਤਲਾਸ਼ ਦਾ ਕਥਾ–ਵਿਵੇਕ ਸਿਰਜਦੀ ਹੈ। ਕਹਾਣੀ ਵਿਚਲੀ ਮੁਸਲਿਮ ਲੜਕੀ ਰੀਵਾ ਹੁਸੈਨ ਦੀ ਯਥਾਰਥਕ ਪਾਤਰ–ਉਸਾਰੀ ਦੀ ਮਜਬੂਰੀ ਦੇ ਬਾਵਜੂਦ ਉਰਦੂਨੁਮਾ ਹਿੰਦੀ ਭਾਸ਼ਾ ਦੀ ਵਰਤੋਂ ਲੋੜ ਤੋਂ ਵੱਧ ਜਾਪਦੀ ਹੈ। ਫਿਰ ਵੀ ਕਹਾਣੀ ਦੀ ਸਮਰੱਥਾ ਕਾਰਪੋਰੇਟ ਜਗਤ ਦੇ ਪ੍ਰਸੰਗ ਵਿੱਚ ਨਵੀਂ ਪੀੜ੍ਹੀ ਦੀਆਂ ਖੁਦਗਰਜ਼ੀਆਂ, ਬੇਬਸੀਆਂ ਅਤੇ ਚਾਹਤਾਂ ਨੂੰ ਨਵੀਂ ਸੰਵੇਦਨਾ ਵਾਲ਼ੀ ਢੁੱਕਵੀਂ ਮਿਸ਼ਰਤ ਗਲਪੀ ਭਾਸ਼ਾ ਰਾਹੀਂ ਉਜਾਗਰ ਕਰਨ ਵਿੱਚ ਹੈ।
ਰੇਮਨ ਦੀ ਕਹਾਣੀ ‘ਆਓਗੇ ਜਬ ਤੁਮ...’ (ਪ੍ਰਵਚਨ, ਅਪ੍ਰੈਲ–ਜੂਨ) ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਮਰਦ–ਔਰਤ ਦੀ ਨਿਰੋਲ ਕਾਮ–ਖਿੱਚ ਤੋਂ ਅਗਾਂਹ ਦੀ ਪ੍ਰਸਪਰ ਬਹੁਪੱਖੀ ਮਾਨਵੀ ਨਿਰਭਰਤਾ ਦਾ ਬਿਰਤਾਂਤ ਪੇਸ਼ ਕਰਦੀ ਹੈ। ਇਕਹਿਰੀ ਅਤੇ ਖੜੋਤਮੁਖੀ ਜ਼ਿੰਦਗੀ ਬਸਰ ਕਰ ਰਹੇ ਵਕੀਲ ਬਾਬੂ ਰਮੇਸ਼ ਦੇ ਜੀਵਣ ਦੀ ਲੈਅ ਉਸ ਸਮੇਂ ਬਦਲਣ ਲਗਦੀ ਹੈ ਜਦੋਂ ਉਸ ਦੇ ਗਵਾਂਢ ਵਿੱਚ ਇੱਕ ਕਲਾਤਮਕ ਸੁਭਾਵ ਵਾਲ਼ੀ ਸਭਿਅਕ ਔਰਤ ਕਿਰਾਏਦਾਰ ਬਣ ਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ। ਕਹਾਣੀ ਦੀ ਸਮਰੱਥਾ ਇਸ ਦੇ ਪ੍ਰੋਢ ਬਿਰਤਾਂਤਕਾਰ ਦੀ ਸੂਝ ਅਤੇ ਸੂਖ਼ਮਤਾ ਵਿੱਚ ਹੈ, ਜਿਸ ਨਾਲ਼ ਉਹ ਢੁੱਕਵੇਂ ਚਿਨ੍ਹਾਂ–ਪ੍ਰਤੀਕਾਂ ਦੁਆਰਾ ਪ੍ਰਗੀਤਕ ਬਿਰਤਾਂਤਕਾਰੀ ਦਾ ਹੁਨਰ ਵਿਖਾਉਂਦਾ ਹੈ। ਕਹਾਣੀ ਵਿੱਚ ਸੂਤਰਧਾਰੀ ਕਥਨਾਂ ਦੀ ਥਾਂ ਪਾਤਰ–ਕਾਰਜ ਦੇ ਵਰਨਣ ਰਾਹੀਂ ਬਿਰਤਾਂਤ ਸਿਰਜਣ ਦੀ ਕਥਾ–ਜੁਗਤ ਦਾ ਬਹੁਤ ਆਹਲਾ ਪ੍ਰਦਰਸ਼ਨ ਕੀਤਾ ਗਿਆ ਹੈ।
ਬੂਟਾ ਸਿੰਘ ਚੌਹਾਨ ਦੀ ਕਹਾਣੀ ‘ਮੈਂ ਕੈਦ ਨੀ ਕੱਟਣੀ’ (ਸਿਰਜਣਾ, ਜਨਵਰੀ–ਮਾਰਚ) ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਵਿਆਹੁਤਾ ਦਲਿਤ ਲੜਕੀ ਦੇ ਜੀਣ–ਥੀਣ ਦੀ ਆਜ਼ਾਦੀ ਲਈ ਕੀਤੇ ਸੰਘਰਸ਼ ਦਾ ਬਿਰਤਾਂਤ ਪੇਸ਼ ਕਰਦੀ ਹੈ। ਲੜਕੀ ਦੇ ਪੇਕੇ–ਸਹੁਰੇ ਪਰਿਵਾਰ ਸੰਪੰਨ ਧਿਰਾਂ ਹੱਥੋਂ ਸ਼ੋਸ਼ਿਤ ਹੁੰਦੇ ਉਵੇਂ ਹੀ ਰਵਾਂ–ਰਵੀਂ ਤੁਰੇ ਜਾਣ ਨੂੰ ਆਪਣੀ ਹੋਣੀ ਮੰਨੀ ਬੈਠੇ ਹਨ ਪਰ ਉਹ ਲੜਕੀ ਦਲਿਤ ਚੇਤਨਾ ਰਾਹੀਂ ਉਸ ਹੋਣੀ ਅੱਗੇ ਨਵੇਂ ਪ੍ਰਸ਼ਨ ਖੜ੍ਹੇ ਕਰਦੀ ਹੈ। ਕਹਾਣੀ ਦੀ ਸਮਰੱਥਾ ਤੇਜੀ ਨਾਲ਼ ਰੂਪਾਂਤਰਿਤ ਹੋ ਰਹੇ ਪੇਂਡੂ ਜਨ–ਜੀਵਨ ਦੇ ਨਿੱਤਰਵੇਂ ਸੱਚਾਂ ਨੂੰ ਜੀਵੰਤ ਵੇਰਵਿਆਂ ਵਾਲ਼ੀ ਗਲਪੀ–ਭਾਸ਼ਾ ਅਤੇ ਉਤਰ–ਮਾਨਵਵਾਦੀ ਨਜ਼ਰੀਏ ਰਾਹੀਂ ਪੇਸ਼ ਕਰਨ ਵਿੱਚ ਹੈ।
ਸਵਾਮੀ ਸਰਬਜੀਤ ਦੀ ਕਹਾਣੀ ‘ਖੱਲਾਸੀ’ (ਪ੍ਰਵਚਨ, ਅਪ੍ਰੈਲ–ਜੂਨ) ਉਤਮ–ਪੁਰਖੀ ਨਾਰੀ ਬਿਰਤਾਂਤਕਾਰ ਰਾਹੀਂ ਪਿਤਰਕੀ ਕਦਰਾਂ–ਕੀਮਤਾਂ ਦੀ ਚੜ੍ਹਤ ਵਾਲ਼ੇ ਪੰਜਾਬੀ ਸਮਾਜ ਵਿੱਚ ਹਰ ਹੀਲੇ ਮੁੰਡਾ (ਵਾਰਸ) ਪੈਦਾ ਕਰਨ ਦੀ ਭੜਕੀ ਹੋਈ ਬੇਮੁਹਾਰ ਕਾਮਨਾ ਦਾ ਬਿਰਤਾਂਤ ਪੇਸ਼ ਕਰਦੀ ਹੈ। ‘ਮੈਂ’ ਪਾਤਰ ਖੁਸ਼ ਹੈ ਕਿ ਉਹ ਪਹਿਲੀ ਵਾਰੀ ਮਾਂ ਬਣਨ ਦਾ ਸੁਭਾਗ ਪ੍ਰਾਪਤ ਕਰਨ ਵਾਲ਼ੀ ਹੈ, ਪਰ ਪੇਕਿਆਂ–ਸੌਹਰਿਆਂ ਦੀਆਂ ਮੁੰਡਾ–ਮੁਖੀ ਪਿਤਰਕੀ ਚਾਹਤਾਂ ਉਸ ਦੀ ਖੁਸ਼ੀ ਨੂੰ ਤਣਾਅ ਵਿੱਚ ਬਦਲ ਦਿੰਦੀਆਂ ਹਨ। ਕਹਾਣੀ ਦਾ ਵਿਸ਼ਾ–ਵਸਤੂ ਭਾਵੇਂ ਥੋੜ੍ਹਾ ਰਵਾਇਤੀ ਜਿਹਾ ਜਾਪਦਾ ਹੈ ਪਰ ਜਨ–ਜੀਵਣ ਦੇ ਪ੍ਰਮਾਣਿਕ ਵੇਰਵਿਆਂ ਵਾਲ਼ੀ ਗਲਪੀ ਭਾਸ਼ਾ ਅਤੇ ਨਾਟਕੀ ਸਰੂਪ ਵਾਲ਼ੀ ਬਿਰਤਾਂਤਕਾਰੀ, ਅਤੇ ਨਵ–ਨਾਰੀਵਾਦੀ ਨਜ਼ਰੀਆ ਕਹਾਣੀ ਨੂੰ ਮੁੱਲਵਾਨ ਬਣਾਉਂਦੇ ਹਨ।
ਜਿੰਦਰ ਦੀ ਕਹਾਣੀ ‘ਘੇਰਾਬੰਦੀ’ (ਤਾਸਮਨ, ਜਨਵਰੀ–ਮਾਰਚ) ਉਤਮਪੁਰਖੀ ਬਿਰਤਾਂਤਕਾਰ ਰਾਹੀਂ, ਵਿਆਹ–ਸੰਸਥਾ ਦੇ ਪ੍ਰਸੰਗ ਵਿੱਚ, ਦੋ ਪੀੜ੍ਹੀਆਂ ਦੇ ਟਕਰਾਵੇਂ ਵਿਚਾਰਾਂ ਦਾ ਬਿਰਤਾਂਤ ਪੇਸ਼ ਕਰਦੀ ਹੈ। ‘ਮੈਂ’ ਪਾਤਰ ਦੀ ਪਤਨੀ ਆਪਣੇ ਆਲ਼ੇ–ਦੁਆਲ਼ੇ ਦੇ ਬਦਲੇ ਮਾਹੌਲ ਨੂੰ ਵੇਖਦਿਆਂ ਇਸ ਗੱਲੋਂ ਚਿੰਤਤ ਹੈ ਕਿ ਉਸ ਦਾ ਜਵਾਨ ਪੁੱਤ ਪ੍ਰਤੀਕ ਕਿਤੇ ਉਨ੍ਹਾਂ ਦੀ ਜਾਤ–ਬਰਾਦਰੀ ਤੋਂ ਬਾਹਰ, ਮਨਮਰਜ਼ੀ ਨਾਲ਼ ਵਿਆਹ ਨਾ ਕਰਵਾ ਲਵੇ। ਕਹਾਣੀ ਦੀ ਸਮਰੱਥਾ ਇਸ ਗੱਲ ਵਿੱਚ ਹੈ ਕਿ ਬਿਰਤਾਂਤਕਾਰ ਨਵੀਂ ਪੀੜ੍ਹੀ ਦੁਆਰਾ ਵਿਆਹ ਕਰਾਉਣ ਦੇ ਭਾਂਤ–ਸੁਭਾਂਤੇ ਤਜਰਬਿਆਂ ਨੂੰ ਦਰਸਾਉਂਦੇ ਉਪ–ਕਥਾਨਕਾਂ ਰਾਹੀਂ ਬਿਰਤਾਂਤ ਨੂੰ ਬਹੁ–ਆਵਾਜ਼ੀ ਬਣਾਉਣ ਦਾ ਸਫਲ ਯਤਨ ਕਰਦਾ ਹੈ। ਬਿਰਤਾਂਤਕਾਰ ਦਾ ਕਥਨਮਈ ਅਤੇ ਵਿਸ਼ਲੇਸ਼ਣੀ ਅੰਦਾਜ਼ ਕਿਤੇ ਕਿਤੇ ਗਲਪ ਸੰਵੇਦਨਾ ਨੂੰ ਠੇਸ ਪਹੁੰਚਾਉਂਦਾ ਹੈ ਪਰ ਸਮੁੱਚੇ ਰੂਪ ’ਚ ਇਸ ਨਾਲ਼ ਬਿਰਤਾਂਤ ਨੂੰ ਤਰਕਮਈ ਸੁਰ ਮਿਲੀ ਹੈ ਅਤੇ ਨਵੀਂ ਪੀੜ੍ਹੀ ਦੇ ਤਰਕਮਈ ਨਜ਼ਰੀਏ ਨੂੰ ਉਭਾਰਨ ਵਾਲਾ ਕਥਾ–ਵਿਵੇਕ ਵੀ ਸਿਰਜਿਆ ਜਾ ਸਕਿਆ ਹੈ।
ਰਮਨਦੀਪ ਵਿਰਕ ਦੀ ਕਹਾਣੀ ‘ਚਲੋ ਛੱਡੋ’ (ਸਿਰਜਣਾ, ਅਪ੍ਰੈਲ–ਜੂਨ) ਉਤਮਪੁਰਖੀ ਬਿਰਤਾਂਤਕਾਰ ਰਾਹੀਂ ਉੱਚ ਮੱਧਵਰਗੀ ਔਰਤ ਦੇ ਭਾਵਨਾਤਮਕ ਵਿਗੋਚਿਆਂ ਦਾ ਬਿਰਤਾਂਤ ਪੇਸ਼ ਕਰਦੀ ਹੈ। ਕੇਂਦਰੀ ਔਰਤ ਪਾਤਰ ਨੂੰ “ਵੱਡਾ ਖ਼ਾਨਦਾਨ, ਵੱਡੀ ਜਾਇਦਾਤ ਵਾਲਾ ਘਰ” ਮਿਲਿਆ ਹੈ। ਮੁੰਡਾ ਵੀ “ਲੰਮ ਸਲੰਮਾ, ਸੋਹਣਾ, ਚੰਗੀ ਡੀਲ ਡੌਲ ਵਾਲਾ” ਪੂਰਨ ਮਰਦ ਹੈ, ਜੋ “ਪਿਆਰ ਵੀ ਬਹੁਤ ਜਤਾਉਂਦਾ ਹੈ।” ਫਿਰ ਵੀ ਉਸ ਔਰਤ ਨੂੰ ਗੁੱਝੀ ਜਿਹੀ ਕਿਸੇ ਹੋਰ “...ਦਾ ਰੀਅਲ ਹੀਰੋ” ਦੀ ਕਲਪਨਾ ਕਰਕੇ ਤ੍ਰਿਪਤੀ ਮਿਲਦੀ ਹੈ, ਜਿਹੜਾ ਆਦਰਸ਼ਕ ਪਤੀ ਵਜੋਂ ਬਿਨਾਂ ਦੱਸਿਆਂ ਸਭ ਕੁਝ ਸਮਝਦਾ ਹੋਵੇ, ਪਤਨੀ ਦੇ ਅਹਿਸਾਸਾਂ ਦਾ ਹਾਣੀ ਬਣ ਸਕਦਾ ਹੋਵੇ। ਕਹਾਣੀ ਦੀ ਸਮਰੱਥਾ ਜਿੱਥੇ ਔਰਤ ਦੇ ਸੂਖ਼ਮ ਅਤੇ ਗੁੰਝਲਦਾਰ ਅੰਦਰਲੇ ਸੰਸਾਰ ਨੂੰ ਕਥਾ–ਵਸਤੂ ਬਣਾਉਣ ਵਿੱਚ ਹੈ, ਉੱਥੇ ਨਿਰਉਚੇਚ, ਸਜੀਵ ਅਤੇ ਪ੍ਰਗੀਤਕ ਗਲਪੀ ਭਾਸ਼ਾ ਦੀ ਸਿਰਜਣਾ ਕਰਕੇ ਵੀ ਹੈ।
ਇਨ੍ਹਾਂ ਮੁਕਾਬਲਤਨ ਸਰਵੋਤਮ ਕਹਾਣੀਆਂ ਉੱਤੇ ਸਰਸਰੀ ਝਾਤ ਪਾਇਆਂ ਵੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪੰਜਾਬੀ ਬੰਦੇ ਦਾ ਅਜੋਕਾ ਪਰਵਾਸ, ਪੰਜਾਬੀ ਨਾਰੀ ਦੀ ਨਵੀਂ ਸਵੈ–ਪਛਾਣ, ਵਿਆਹ ਸੰਸਥਾ ਦਾ ਪਤਨ, ਔਰਤ–ਮਰਦ ਦੇ ਰਿਸ਼ਤਿਆਂ ਦੀ ਨਵੀਂ ਵਿਆਕਰਨ, ਦਲਿਤ ਚੇਤਨਾ ਦੇ ਨਵੇਂ ਸਰੋਕਾਰ, ਕਾਰੋਬਾਰੀ ਮੱਧਵਰਗ ਦੀਆਂ ਨਵੀਆਂ ਚਾਹਤਾਂ, ਸੋਸ਼ਲ ਮੀਡੀਆ ਦੇ ਬਹੁਪੱਖੀ ਪ੍ਰਭਾਵ ਆਦਿ ਵਿਸ਼ੇ ਇਸ ਵਰ੍ਹੇ ਦੀ ਪੰਜਾਬੀ ਕਹਾਣੀ ਦੇ ਕੇਂਦਰ ਵਿੱਚ ਰਹੇ ਹਨ। ਨਵੀਂ ਟੈਕਨਾਲੋਜੀ, ਸੋਸ਼ਲ ਮੀਡੀਆ, ਓ.ਟੀ.ਟੀ. ਪਲੇਟਫਾਰਮ ਆਦਿ ਦੇ ਵਧਦੇ ਪ੍ਰਭਾਵਾਂ ਨੇ ਪੰਜਾਬੀ ਕਹਾਣੀਕਾਰ ਨੂੰ ਜਿਥੇ ਨਵੀਂ ਵਸਤੂ–ਸਮੱਗਰੀ ਦਿੱਤੀ ਹੈ ਉਥੇ ਨਵਾਂ ਗਲਪੀ ਮੁਹਾਵਰਾ ਵੀ ਦਿੱਤਾ ਹੈ। ਵਿਚਾਰਧਾਰਾ–ਵਿਸ਼ੇਸ਼ ਤੋਂ ਮੁਕਤ ਹੋ ਕੇ ਖੁਲ੍ਹੇ ਮਨ ਨਾਲ਼ ਸੋਚਣ ਕਰਕੇ ਬਿਰਤਾਂਤਕਾਰ ਨੂੰ ਉਤਰ–ਮਾਨਵਵਾਦੀ ਨਜ਼ਰੀਆ ਮਿਲਿਆ ਹੈ ਜਿਸ ਨਾਲ਼ ਉਸ ਨੂੰ ਮਨੁੱਖ ਤੋਂ ਬਾਹਰ ਸਮੁੱਚੀ ਕਾਇਨਾਤ ਬਾਰੇ ਵੀ ਹਾਂ–ਪੱਖੀ ਢੰਗ ਨਾਲ਼ ਸੋਚਣ ਲਈ ਉਤਸ਼ਾਹ ਮਿਲਿਆ ਹੈ।
ਵਰ੍ਹੇ ਦੀ ਪੰਜਾਬੀ ਕਹਾਣੀ ਦੇ ਸਮੁੱਚੇ ਮਹਾਂਦ੍ਰਿਸ਼ ਉੱਤੇ ਝਾਤ ਪਾਉਂਦਿਆਂ ਜਿਹੜੇ ਕੁਝ ਵਿਸ਼ੇਸ਼ ਨੁਕਤੇ ਉੱਭਰਦੇ ਹਨ, ਉਨ੍ਹਾਂ ਬਾਰੇ ਟਿੱਪਣੀ ਰੂਪ ਵਿਚਾਰ ਦੇਣ ਦਾ ਯਤਨ ਕਰਦੇ ਹਾਂ:
- ਇਸ ਸਾਲ ਛਪੇ ਕੁਝ ਕਹਾਣੀ–ਸੰਗ੍ਰਹਿ ਪੰਜਾਬੀ ਕਹਾਣੀ ਦਾ ਹਾਸਿਲ ਬਣਦੇ ਹਨ, ਜਿਵੇਂ ਖੋਪੜੀ ਦਾ ਤਮਗ਼ਾ (ਸਾਂਵਲ ਧਾਮੀ), ਡਲਿਵਰੀਮੈਨ (ਭਗਵੰਤ ਰਸੂਲਪੁਰੀ), ਮੈਂ ਕੈਦ ਨਹੀਂ ਕੱਟਣੀ (ਬੂਟਾ ਸਿੰਘ ਚੌਹਾਨ), ਛਲਾਵਿਆਂ ਦੀ ਰੁੱਤ (ਅਲਫ਼ਾਜ਼), ਧੋਬੀ ਪਟਕਾ (ਅਮਰਜੀਤ ਸਿੰਘ ਮਾਨ), ਰੌਂਗ ਨੰਬਰ (ਪਵਿੱਤਰ ਕੌਰ ਮਾਟੀ), ਜੰਗਲ ਉੱਗੀ ਚੁੱਪ (ਰਾਸ਼ਿਦ ਜਾਵੇਦ ਅਹਿਮਦ) ਆਦਿ।
- ਕੁਝ ਹੋਰ ਵੀ ਉੇਲੇਖਯੋਗ ਕਹਾਣੀ–ਸੰਗ੍ਰਹਿ ਛਪੇ ਹਨ, ਜਿਵੇਂ: ਜੇ ਤੂੰ ਨਾ ਮੰਨਦੀ (ਭੁਪਿੰਦਰ ਫੌਜੀ), ਫਨੀਅਰ (ਦਰਸ਼ਨ ਜੋਗਾ), ਨਗੰਦੇ (ਸਿਮਰਨ ਧਾਲੀਵਾਲ), ਬੰਦਾ ਮੈਨੂੰ ਪਸੰਦ ਏ (ਸਰਬਜੀਤ ਕੌਰ ਸੋਹਲ), ਅੱਖ ’ਚ ਅਟਕਿਆ ਗਲੇਡੂ (ਬਲਜੀਤ ਸਿੰਘ ਢਿੱਲੋਂ), ਤਮ੍ਹਾ (ਸਵਾਮੀ ਸਰਬਜੀਤ), ਅੱਖੋਂ ਤਿਲ੍ਹਕੀ ਰੋਸ਼ਨੀ (ਬੂਟਾ ਸਿੰਘ ਚੌਹਾਨ), ਰੰਗ ਜੋ ਸੂਹਾ ਨਹੀਂ ਸੀ (ਲਖਵਿੰਦਰ ਵਿਰਕ), ਆਪਣਾ ਘਰ (ਗੋਵਰਧਨ ਗੱਬੀ), ਪਰਛਾਵੇਂ ਨਹੀਂ ਮਰਦੇ (ਆਰ.ਐਸ.ਰਾਜਨ), ਜੁਮੈਟੋ ਗਰਲ (ਅੰਮ੍ਰਿਤਪਾਲ ਕਲੇਰ), ਸ਼ਾਇਦ... ਮੈਨੂੰ ਪਛਾਣ ਲੈਣ (ਰਵਿੰਦਰ ਰੁਪਾਲ ਕੌਲਗੜ੍ਹ), ਦੋ ਗਿੱਠ ਜ਼ਮੀਨ (ਕਰਮਜੀਤ ਸਕਰੁੱਲਾਂਪੁਰੀ), ਮੋਈ ਮਾਂ ਦਾ ਦੁੱਧ (ਮਨਮੋਹਨ ਸਿੰਘ ਦਾਊਂ), ਹੱਥਾਂ ’ਚੋਂ ਕਿਰਦੀ ਰੇਤ (ਰਵਿੰਦਰ ਸਿੰਘ ਸੋਢੀ), ਪਰਦੇ ਓਹਲੇ (ਹਰਪ੍ਰੀਤ ਜਟਾਣਾ), ਉਸ ਰਾਤ ਕੀ ਹੋਇਆ (ਬਿੰਦਰ ਕੋਲੀਆ ਵਾਲ), ਸ਼ਮਸ਼ਾਨਘਾਟ ਸੌਂ ਗਿਆ (ਹਰਦੀਪ ਕੌਰ), ਆਖਰੀ ਕਤਾਰ ਦੇ ਯੋਧੇ (ਤੇਲੂ ਰਾਮ ਕੁਹਾੜਾ), ਰੱਬ ਖੈਰ ਕਰੇ (ਜ਼ੋਰਾਵਰ ਬਾਂਸਲ), ਡੁੱਬਦੇ ਸੂਰਜ ਦਾ ਅਕਸ (ਹਰਭਜਨ ਸਿੰਘ ਕਠਾਰਵੀ), ਕਰਿਸ਼ਮਾ (ਰਵਿੰਦਰ ਕੌਰ ਭਾਟੀਆ), ਦਹਿਸ਼ਤ ਦੇ ਪਰਛਾਵੇਂ (ਜਗਤਾਰ ਸਿੰਘ ਭੁੱਲਰ), ਟੁੱਟੀਆਂ ਤਕਦੀਰਾਂ (ਬਰਾੜ ਜੈਸੀ), ਕੋਰਾ ਕਾਗਜ਼ (ਯੁੱਧਵੀਰ ਔਲਖ) ਆਦਿ।
- ਪਰਵਾਸੀ ਪੰਜਾਬੀ ਕਹਾਣੀਕਾਰਾਂ ਦੇ ਇਸ ਵਾਰ ਅੱਧੀ ਦਰਜਨ ਦੇ ਕਰੀਬ ਕਹਾਣੀ–ਸੰਗ੍ਰਹਿ ਛਪੇ ਹਨ, ਜਿਵੇਂ: ਬਲੈਕ ਆਈਸ (ਮੇਜਰ ਮਾਂਗਟ), ਰੌਂਗ ਨੰਬਰ (ਪਵਿੱਤਰ ਕੌਰ ਮਾਟੀ), ਫੇਰ ਮਿਲਾਂਗੇ (ਹਰਕੀਰਤ ਕੌਰ ਚਾਹਿਲ), ਧੁੰਦ ਵਿੱਚ ਜਗਦੀ ਬੱਤੀ (ਮਹਿੰਦਰਪਾਲ ਸਿੰਘ), ਮੈਮੋਰੀ ਲੇਨ (ਕਰਨੈਲ ਸਿੰਘ ਸ਼ੇਰਗਿੱਲ), ਸੂਰਜ ਹਾਰ ਗਿਆ (ਹਰਪ੍ਰੀਤ ਕੌਰ ਧੂਤ) ਆਦਿ।
- ‘ਤਾਸਮਨ’ (ਜੁਲਾਈ–ਦਸੰਬਰ) ਅੰਕ ਵੀ ਪਰਵਾਸੀ ਪੰਜਾਬੀ ਵਿਸ਼ੇਸ਼ ਅੰਕ ਸੀ ਜਿਸ ਵਿੱਚ ਦਸ ਸੱਜਰੀਆਂ ਕਹਾਣੀਆਂ ਛਾਪੀਆਂ ਗਈਆਂ।
- ਪਰਵਾਸੀ ਪੰਜਾਬੀ ਕਹਾਣੀ ਗਿਣਤੀ ਵਿੱਚ ਤਾਂ ਅਜੇ ਵੀ ਕਾਫੀ ਛਪ ਰਹੀ ਹੈ ਪਰ ਨਵੇਂ ਅਨੁਭਵਾਂ ਵਾਲ਼ੀ ਕਲਾਤਮਕ ਕਹਾਣੀ ਮੁਸ਼ਕਲ ਨਾਲ਼ ਇੱਕਾ–ਦੁੱਕਾ ਹੀ ਸਾਹਮਣੇ ਆਉਂਦੀ ਹੈ। ਸੰਜੀਦਾ ਯਤਨ ਕਰੇ ਤਾਂ ਹਰਪ੍ਰੀਤ ਸੇਖਾ ਅਤੇ ਪਰਵੇਜ਼ ਸੰਧੂ ਤੋਂ ਬਾਅਦ ਪਵਿੱਤਰ ਕੌਰ ਮਾਟੀ ਪਰਵਾਸੀ ਪੰਜਾਬੀ ਕਹਾਣੀ ਦੇ ਭਵਿੱਖ ਦੀ ਨਵੀਂ ਸੰਭਾਵਨਾ ਬਣ ਸਕਦੀ ਹੈ। ਉਸ ਕੋਲ ਨਵੇਂ ਅਨੁਭਵਾਂ ਨੂੰ ਗ੍ਰਹਿਣ ਕਰਨ ਦੀ ਸ਼ਿੱਦਤ ਭਰੀ ਚਾਹਤ ਵੀ ਹੈ ਅਤੇ ਬਿਰਤਾਂਤਕ ਪ੍ਰਗਟਾਵੇ ਦਾ ਹੁਨਰ ਵੀ, ਪਰ ਅਜੇ ਬਿਰਤਾਂਤਕਾਰ ਦੀ ਭੂਮਿਕਾ ਨੂੰ ਠੀਕ ਸਮਝਣ ਅਤੇ ਕਹਾਣੀ ਦੇ ਦਾਰਸ਼ਨਿਕ ਪਰਿਪੇਖ ਪ੍ਰਤੀ ਸੁਚੇਤ ਹੋਣ ਲਈ ਸਖ਼ਤ ਮਿਹਨਤ ਦੀ ਲੋੜ ਹੈ।
- ਪਾਕਿਸਤਾਨੀ ਪੰਜਾਬੀ ਕਹਾਣੀ ਦੀ ਸਰਗਰਮੀ ਹਰੇਕ ਵਰ੍ਹੇ ਵਧਣ ਲੱਗੀ ਹੈ। ਪ੍ਰਸਿੱਧ ਕਹਾਣੀਕਾਰ ਅਤੇ ਸੁਚੇਤ ਚਿੰਤਕ ਕਰਾਮਤ ਅਲੀ ਮੁਗਲ ਦੁਆਰਾ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਵੀਹ ਦਸੰਬਰ ਤੱਕ ਅੱਧੀ ਦਰਜਨ ਦੇ ਕਰੀਬ ਕਹਾਣੀ–ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ, ਜਿਵੇਂ ਮੁੱਖ ਚਿੱਤਰ (ਨਈਮ ਯਾਦ), ਨਿੱਕੇ ਵੱਡੇ ਦੁੱਖ (ਮੁਲਕ ਸ਼ਾਹ ਸਵਾਰ ਨਾਸਿਰ), ਇਸ਼ਕ ਦੇ ਦਰਸ਼ਨ (ਅਫ਼ਜ਼ਲ ਪਾਰਸ), ਇਸ਼ਕ ਦੀ ਨਵੀਓਂ ਨਵੀਂ ਬਹਾਰ (ਖ਼ਲੀਲ ਅਹਿਮਦ), ਬਤਰੀ ਧਾਰਾਂ (ਮਹਸਨ ਮਘਿਆਣਾ), ਜੰਗਲ ਉੱਗੀ ਚੁੱਪ (ਰਾਸ਼ਿਦ ਜਾਵੇਦ ਅਹਿਮਦ) ਆਦਿ।
- ਦਸ ਕਰੋੜ ਪੰਜਾਬੀਆਂ ਦੀ ਵਸੋਂ ਦੇ ਹਿਸਾਬ ਨਾਲ਼ ਇੰਨੀ ਕੁ ਕਹਾਣੀ ਸਿਰਜਣਾ ਭਾਵੇਂ ਬਹੁਤ ਘੱਟ ਜਾਪਦੀ ਹੈ ਪਰ ਢਾਹਾਂ ਪੁਰਸਕਾਰ ਨਾਲ਼ ਪਾਕਿਸਤਾਨੀ ਪੰਜਾਬੀ ਕਹਾਣੀਕਾਰ ਨੂੰ ਨਵਾਂ ਹੁਲਾਰਾ ਜ਼ਰੂਰ ਮਿਲ਼ਿਆ ਹੈ। ਇਸ ਲਈ ਹੁਣ ਵਿਧੀ–ਵੱਤ ਢੰਗ ਨਾਲ਼ ਕਹਾਣੀ–ਸੰਗ੍ਰਹਿ ਵੀ ਪ੍ਰਕਾਸ਼ਿਤ ਕਰਵਾਏ ਜਾ ਰਹੇ ਹਨ ਅਤੇ ਉਨ੍ਹਾਂ ਬਾਰੇ ਚਰਚਾ ਵੀ ਉਚੇਚ ਨਾਲ਼ ਕਰਵਾਈ ਜਾਂਦੀ ਹੈ। ਆਪਣੀ ਪਛਾਣ ਨੂੰ ਵਸੀਹ ਕਰਨ ਹਿਤ ਗੁਰਮੁਖੀ ਵਿੱਚ ਛਪਣ ਲਈ ਵੀ ਵਾਹਵਾ ਤਰੱਦਦ ਕੀਤਾ ਜਾਂਦਾ ਹੈ। ਵੱਖ–ਵੱਖ ਰਿਸਾਲਿਆਂ ਵਿੱਚ ਛਪੀਆਂ ਦਰਜਨਾਂ ਕਹਾਣੀਆਂ ਤੋਂ ਇਲਾਵਾ ਇਸ ਵਾਰ ਸ਼ਬਦ (ਅਪ੍ਰੈਲ–ਸਤੰਬਰ) ਰਿਸਾਲੇ ਦੇ ਕਹਾਣੀ ਵਿਸ਼ੇਸ਼ ਅੰਕ ਵਿੱਚ ਹੀ ਤੇਰ੍ਹਾਂ ਕਹਾਣੀਆਂ ਛਪੀਆਂ ਹਨ। ਕਹਾਣੀਕਾਰ ਖ਼ਾਲਿਦ ਫ਼ਰਹਾਦ ਧਾਰੀਵਾਲ ਦੋਹਾਂ ਲਿੱਪੀਆਂ ਦੇ ਵਟਾਂਦਰੇ ਲਈ ਮੁੱਲਵਾਨ ਕਾਰਜ ਕਰ ਰਿਹਾ ਹੈ।
- ਸਥਾਪਿਤ ਪਾਕਿਸਤਾਨੀ ਪੰਜਾਬੀ ਕਹਾਣੀਕਾਰਾਂ ਦੇ ਨਾਲ਼ ਨਾਲ਼ ਇਸ ਵਰ੍ਹੇ ਰਾਸ਼ਿਦ ਜਾਵੇਦ ਅਹਿਮਦ, ਰਖ਼ਸਿੰਦਾ ਨਵੀਦ ਅਤੇ ਅੰਬਰ ਹੁਸੈਨੀ ਦੀਆਂ ਕਹਾਣੀਆਂ ਨੇ ਪਾਠਕਾਂ ਦਾ ਉਚੇਚਾ ਧਿਆਨ ਖਿੱਚਿਆ ਹੈ।
- ਇਸ ਸਾਲ ਢਾਹਾਂ ਪੁਰਸਕਾਰ ਫੇਰ ਤਿੰਨ ਕਹਾਣੀਕਾਰਾਂ – ਜਿੰਦਰ (ਸੇਫ਼ਟੀ ਕਿੱਟ), ਸੁਰਿੰਦਰ ਨੀਰ (ਟੈਬੂ) ਅਤੇ ਸ਼ਹਿਜ਼ਾਦ ਅਸਲਮ (ਜੰਗਲ ਰਾਖੇ ਜੱਗ ਦੇ) – ਦੇ ਹਿੱਸੇ ਆਇਆ। ਇਹ ਤੱਥ ਤਿੰਨਾਂ ਪੰਜਾਬਾਂ ਵਿੱਚ ਨਾਵਲ ਦੇ ਮੁਕਾਬਲਤਨ ਕਹਾਣੀ ਦੇ ਵਧੇਰੇ ਚੰਗੀ ਹਾਲਤ ਵਿੱਚ ਹੋਣ ਦੀ ਗਵਾਹੀ ਭਰਨ ਵਾਲਾ ਹੈ।
- ਮੈਲਾਨਿਨ (ਜਸਵਿੰਦਰ ਧਰਮਕੋਟ) ਅਤੇ ਝਾਂਜਰਾਂ ਵਾਲ਼ੇ ਪੈਰ (ਅਰਵਿੰਦਰ ਕੌਰ ਧਾਲੀਵਾਲ) ਕਹਾਣੀ–ਸੰਗ੍ਰਿਹਾਂ ਨੂੰ ਵੀ ਸਰਵੋਤਮ ਪੁਸਤਕਾਂ ਵਜੋਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ ਹੈ।
- ਮੌਲਿਕ ਅਤੇ ਮਿਆਰੀ ਕਹਾਣੀਆਂ ਛਾਪਣ ਵਾਲ਼ੇ ਰਿਸਾਲਿਆਂ ਵਿੱਚ ਹੁਣ ਨਵੇਂ ਵੱਡ–ਆਕਾਰੀ ਰਿਸਾਲੇ ‘ਸੁਰਤਿ’ ਦਾ ਨਾਂ ਵੀ ਸ਼ਾਮਿਲ ਹੋ ਗਿਆ ਹੈ।
- ਹਰੇਕ ਵਰ੍ਹੇ ਦੀ ਤਰ੍ਹਾਂ ‘ਪ੍ਰਵਚਨ’ ਨੇ ਕਹਾਣੀ ਗੋਸਟੀ ਅੰਕ (ਜਨਵਰੀ–ਮਾਰਚ) ਅਤੇ ‘ਸ਼ਬਦ’ (ਅਕਤੂਬਰ–ਦਸੰਬਰ) ਨੇ ਸੱਤਵੀਂ ਕੇਸਰ ਸਿੰਘ ਵਾਲਾ ਗੋਸ਼ਟੀ ਦੀ ਸਮੱਗਰੀ ਛਾਪ ਕੇ ਕਹਾਣੀ ਸਬੰਧੀ ਗੰਭੀਰ ਵਿਚਾਰ–ਚਰਚਾ ਲਈ ਮਾਹੌਲ ਪੈਦਾ ਕੀਤਾ।
- ਕਹਾਣੀਆਂ ਦੇ ਸੰਗ੍ਰਹਿ ਗ਼ੈਰ–ਸੰਜੀਦਾ ਢੰਗ ਨਾਲ਼ ਸੰਪਾਦਤ ਕਰਨ ਦਾ ਰੁਝਾਣ ਭਾਵੇਂ ਪਿਛਲੇ ਕੁਝ ਸਾਲਾਂ ਤੋਂ ਕਾਫ਼ੀ ਪ੍ਰਚਲਿਤ ਹੈ ਪਰ ਵਿੱਚ ਵਿੱਚ ਕੋਈ ਗੰਭੀਰ ਕਾਰਜ ਵੀ ਵੇਖਣ ਨੂੰ ਮਿਲ ਜਾਂਦਾ ਹੈ। ਜਸਵੀਰ ਸਿੰਘ ਰਾਣਾ ਵੱਲੋਂ ਸੰਪਾਦਤ ਕਹਾਣੀ–ਸੰਗ੍ਰਹਿ ‘ਕਫ਼ਨ ਦੀ ਜੇਭ ਨਹੀਂ ਹੁੰਦੀ’ (ਲੁੰਪਨ ਸ਼੍ਰੇਣੀ ਨਾਲ਼ ਸਬੰਧਿਤ ਪਾਤਰਾਂ ਦੀਆਂ ਕਹਾਣੀਆਂ), ਨਿਰੰਜਨ ਬੋਹਾ ਤੇ ਮੇਘ ਰਾਜ ਮਿੱਤਰ ਵੱਲੋਂ ਸੰਪਾਦਤ ਕਹਾਣੀ–ਸੰਗ੍ਰਹਿ ‘... ਦੂਰ ਤੱਕ’ (ਜੀਵਨ ਦੇ ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ ਕਰਦੀਆਂ ਕਹਾਣੀਆਂ) ਧਿਆਨ ਖਿੱਚਣ ਵਾਲ਼ੇ ਹਨ। ਵਿਸਤਾਰਪੂਰਵਕ ਤੇ ਤਰਕਪੂਰਨ ਭੂਮਿਕਾ ਸਮੇਤ ਅਜਿਹੇ ਵਿਸ਼ੇ–ਵਾਰ ਕਹਾਣੀ–ਸੰਗ੍ਰਹਿ ਸੰਪਾਦਤ ਕਰਨ ਦੀ ਬਹੁਤ ਜ਼ਰੂਰਤ ਹੈ।
- ਇਸ ਸਾਲ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਦੇ ਥੰਮ੍ਹ ਅਤੇ ਕਹਾਣੀ ਕਹਿਣ ਦੇ ਹੁਨਰ ਵਿੱਚ ਨਿਪੁੰਨ ਕਹਾਣੀਕਾਰ ਸੁਖਜੀਤ ਦੇ ਸਦੀਵੀ ਵਿਛੋੜੇ ਨਾਲ਼ ਵੱਡਾ ਵਿਗੋਚਾ ਮਹਿਸੂਸ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ ਪਰਵਾਸੀ ਕਹਾਣੀਕਾਰ ਰਬਿੰਦਰ ਸਿੰਘ ਅਟਵਾਲ, ਬਲਬੀਰ ਸਿੰਘ ਮੋਮੀ ਅਤੇ ਬਜ਼ੁਰਗ ਕਥਾਕਾਰ ਮੇਵਾ ਸਿੰਘ ਤੁੰਗ ਤੇ ਅਸ਼ੋਕ ਚਰਨ ਆਲਮਗੀਰ ਵੀ ਅਕਾਲ ਚਲਾਣਾ ਕਰ ਗਏ ਹਨ।
ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਇਸ ਵਰ੍ਹੇ ਵੀ ਅਖ਼ਬਾਰਾਂ, ਰਿਸਾਲਿਆਂ, ਪੁਸਤਕਾਂ ਅਤੇ ਸੋਸ਼ਲ ਮੀਡੀਆ ਰਾਹੀਂ ਵੱਡੀ ਮਾਤਰਾ ਵਿੱਚ ਮੌਲਿਕ ਪੰਜਾਬੀ ਕਹਾਣੀ ਪ੍ਰਕਾਸ਼ਿਤ ਹੋਈ ਹੈ ਪਰ ਗੁਣਾਤਮਕ ਪੱਖੋਂ ਕਲਾਸਕੀ ਮਹੱਤਤਾ ਵਾਲ਼ੀਆਂ ਪੰਜ ਕਹਾਣੀਆਂ ਗਿਣਾ ਸਕਣਾ ਵੀ ਔਖਾ ਜਾਪਦਾ ਹੈ। ਇਸ ਦਾ ਅੰਦਾਜ਼ਾ ਇਸ ਤੱਥ ਨਾਲ਼ ਵੀ ਹੋ ਜਾਂਦਾ ਹੈ ਕਿ ਢਾਹਾਂ ਪੁਰਸਕਾਰ ਲਈ ਪਹਿਲੇ ਇਨਾਮ ਵਾਸਤੇ ਵੀ ਬਹੁਤੀ ਵਾਰੀ ਦਰਮਿਆਨੇ ਦਰਜੇ ਦੇ ਕਹਾਣੀ–ਸੰਗ੍ਰਹਿ ਨੂੰ ਪਹਿਲੇ ਦਰਜੇ ਦਾ ਮੰਨਣ ਦੀ ਮਜਬੂਰੀ ਬਣ ਜਾਂਦੀ ਹੈ। ਅਧ–ਪੱਕੀਆਂ ਕਹਾਣੀਆਂ ਦੇ ਪੂ
-
ਡਾ. ਬਲਦੇਵ ਸਿੰਘ ਧਾਲੀਵਾਲ, writer
: dhaliwal_baldev@hotmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.