ਫ਼ਿਰੋਜ਼ਪੁਰ, 4 ਮਾਰਚ, 2017 : ਕਾਰਗੀਲ ਦੇ ਸ਼ਹੀਦ ਦੀ ਧੀ ਤੇ ਦਿੱਲੀ ਯੂਨਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਵੱਲੋਂ ਯੁੱਧ ਸਬੰਧੀ ਛਿੜੀ ਜੰਗ ਬਹਿਸ 'ਤੇ ਭਾਜਪਾ ਦੇ ਸਾਬਕਾ ਪੰਜਾਬ ਪ੍ਰਦੇਸ਼ ਪ੍ਰਧਾਨ ਤੇ ਕੌਮੀ ਕਾਰਜਕਾਰਣੀ ਦੇ ਮੈਂਬਰ ਕਮਲ ਸ਼ਰਮਾ ਨੇ ਆਪਣਾ ਵੀਡੀਓ ਜਾਰੀ ਕਰਦਿਆਂ ਉਨ੍ਹਾਂ ਨੂੰ ਇਹ ਗੱਲ ਪੱਲੇ ਬੰਨ੍ਹ ਲੈਣ ਲਈ ਕਿਹਾ ਹੈ ਕਿ ਤੁਸੀਂ ਦੇਸ਼ ਦੀ ਧੀ ਹੋ ਪਰ ਦੇਸ਼ ਦਾ ਨੌਜਵਾਨ ਦੇਸ਼ ਵਿਰੋਧੀ ਤਾਕਤਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਗੁਰਮੇਹਰ ਕੌਰ ਦੇਸ਼ ਸਾਹਮਣੇ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਅੱਗੇ ਆਉਣ।
ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਸ਼ਹੀਦੀ ਸਮਾਰਕ 'ਤੇ ਫਿਲਮਾਏ ਵੀਡੀਓ 'ਚ ਕਮਲ ਸ਼ਰਮਾ ਨੇ ਕਿਹਾ ਕਿ ਇਹ ਸਥਾਨ ਸ਼ਹੀਦ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਦੀ ਸਮਾਧ ਹੈ ਜਦਕਿ ਇਸ ਤੋਂ ਵੱਧ ਕੇ ਇਹ ਸਥਾਨ ਪਾਕਿਸਤਾਨ ਨਾਲ ਹੋਈਆਂ ਦੋ ਜੰਗਾਂ ਦੀ ਗਵਾਹ ਹਨ। 1971 ਦੀ ਜੰਗ ਇਸਦੀ ਪਹਿਲੀ ਉਧਾਰਨ ਹੈ। ਇਸ ਦੌਰਾਨ ਕਾਰਗਿਲ ਦੀ ਜੰਗ 'ਚ ਤੁਹਾਡੇ ਪਿਤਾ ਜੀ ਨੇ ਵੀ ਦੇਸ਼ ਲਈ ਸ਼ਹੀਦੀ ਪ੍ਰਾਪਤ ਕੀਤੀ। ਕਮਲ ਸ਼ਰਮਾ ਨੇ ਗੁਰਮੇਹਰ ਕੌਰ ਨੂੰ ਕਿਹਾ ਕਿ ਜੋ ਵੀ ਜਵਾਨ ਦੇਸ਼ ਤੇ ਮਿੱਟੀ ਦੀ ਰੱਖਿਆ ਲਈ ਸ਼ਹੀਦ ਹੁੰਦਾ ਹੈ ਉਹ ਪੂਰੇ ਦੇਸ਼ ਦਾ ਸ਼ਹੀਦ, ਉਸਦਾ ਪਰਿਵਾਰ ਪੂਰੇ ਦੇਸ਼ ਦਾ ਪਰਿਵਾਰ ਹੈ ਤੇ ਤੁਸੀਂ ਪੂਰੇ ਦੇਸ਼ ਦੀ ਧੀ ਹੋ।
ਉਨ੍ਹਾਂ ਕਿਹਾ ਕਿ ਹਰੇਕ ਕੋਈ ਜੀਵਨ 'ਚ ਸ਼ਾਂਤੀ ਦੀ ਗੱਲ ਕਰਨਾ ਚੰਗੀ ਗੱਲ ਹੈ ਪਰ ਜੀਵਨ 'ਚ ਕੁੱਝ ਕੌੜੀ ਸਚਾਈਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕਮਲ ਸ਼ਰਮਾ ਨੇ ਅੱਗੇ ਕਿਹਾ ਕਿ ਜਦੋਂ ਕਿਸੇ ਦੇਸ਼ 'ਤੇ ਜੰਗ ਥੋਪੀ ਜਾਂਦੀ ਹੈ ਤਾਂ ਆਪਣੇ ਦੇਸ਼ ਤੇ ਸਮਾਜ ਦੀ ਰੱਖਿਆ ਕਰਨ ਲਈ ਹਥਿਆਰ ਚੁੱਕਣੇ ਹੀ ਪੈਂਦੇ ਹਨ।