ਜਲੰਧਰ, 1 ਮਾਰਚ, 2017 : ਇਸਤਰੀ ਜਾਗਰਿਤੀ ਮੰਚ ਨੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਦੇ ਹੱਕ 'ਚ ਅਤੇ ਏ.ਬੀ.ਵੀ.ਪੀ. ਦੇ ਫਾਸ਼ੀਵਾਦੀ ਰੁਝਾਨ ਖ਼ਿਲਾਫ਼ ਅੱਜ ਸਥਾਨਕ ਕੰਪਨੀ ਬਾਗ਼ ਚੌਕ 'ਚ ਰੋਸ ਪ੍ਰਦਰਸ਼ਨ ਕੀਤਾ।
ਇਸ ਸਮੇਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਇਸਤਰੀ ਜਾਗਰਿਤੀ ਮੰਚ ਦੇ ਪ੍ਰੈਸ ਸਕੱਤਰ ਜਸਵੀਰ ਕੌਰ ਨੇ ਕਿਹਾ ਕਿ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲੇ ਸਾਡੇ ਮੁਲਕ ਅੰਦਰ ਫਾਸ਼ੀਵਾਦੀ ਰੁਝਾਨ ਤਹਿਤ ਮਨੁੱਖ ਦੇ ਬੋਲਣ ਦੀ ਆਜ਼ਾਦੀ ਉੱਪਰ ਲਗਾਤਾਰ ਹਮਲੇ ਹੋ ਰਹੇ ਹਨ, ਜਿਸ ਦੀ ਤਾਜਾ ਉਦਾਹਰਨ ਗੁਰਮੇਹਰ ਕੌਰ ਹੈ। ਇਸ ਫਾਸ਼ੀਵਾਦੀ ਰੁਝਾਨ ਦਾ ਸ਼ਿਕਾਰ ਔਰਤਾਂ ਵੱਡੀ ਗਿਣਤੀ ਵਿੱਚ ਹੋ ਰਹੀਆਂ ਹਨ। ਜਿਸਦੀਆਂ ਉਦਾਹਰਨਾਂ ਰਾਮਜਸ ਕਾਲਜ ਤੋਂ ਬਿਨਾਂ ਵੱਖ-ਵੱਖ ਬੁੱਧੀਜੀਵੀ ਜਿਵੇਂ ਨੰਦਨੀ ਸੁੰਦਰ, ਸ਼ਵੇਤਾ ਮੈਨਨ ਉੱਪਰ ਝੂਠੇ ਕੇਸ ਪਾ ਕੇ ਸ਼ਹਿਰੀ ਆਜ਼ਾਦੀ ਦਾ ਗਲਾ ਘੁੱਟਿਆ ਜਾ ਰਿਹਾ ਹੈ। ਇਨ੍ਹਾਂ ਘਟਨਾਵਾਂ ਨੇ ਮੋਦੀ ਸਰਕਾਰ ਦਾ ਔਰਤ ਵਿਰੋਧੀ ਅਤੇ ਫਾਸ਼ੀਵਾਦੀ ਚਿਹਰਾ ਨੰਗਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਫੌਜੀ ਦੀ ਧੀ ਗੁਰਮੇਹਰ ਕੌਰ ਨੇ ਫਾਸ਼ੀਵਾਦੀ ਰੁਝਾਨ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਏ.ਬੀ.ਵੀ.ਪੀ. ਦੇ ਖ਼ਿਲਾਫ਼ ਮੋਰਚਾ ਖੋਲਿਆ ਹੈ ਤਾਂ ਉਸ ਨੂੰ ਬਲਾਤਕਾਰ ਦੀਆਂ ਧਮਕੀਆਂ ਦੇਣ ਦੇ ਮਾਮਲੇ ਨੇ ਹਿੰਦੂ ਕੱਟੜ ਜੱਥੇਬੰਦੀ ਦੇ ਅਖੌਤੀ ਦੇਸ਼ਭਗਤੀ ਦੇ ਅਸਲ ਚਿਹਰੇ ਨੂੰ ਨੰਗਾ ਕੀਤਾ ਹੈ। ਇਸ ਘਟਨਾ ਨੇ ਹਿੰਦੂ ਜੱਥੇਬੰਦੀਆਂ ਦਾ ਭਾਰਤ ਮਾਤਾ ਪ੍ਰਤੀ ਪਿਆਰ ਅਤੇ ਔਰਤਾਂ ਨੂੰ ਦੇਵੀ (ਕੰਜਕਾਂ) ਦਾ ਰੂਪ ਮੰਨਣ ਦਾ ਭਾਂਡਾ ਭੰਨਿਆ ਹੈ।
ਆਗੂਆਂ ਨੇ ਕਿਹਾ ਕਿ ਇਸਤਰੀ ਜਾਗਰਿਤੀ ਮੰਚ ਗੁਰਮੇਹਰ ਕੌਰ ਦੇ ਨਾਲ ਹੈ। ਮੰਚ ਨੇ ਮੰਗ ਕੀਤੀ ਕਿ ਫਿਰਕੂ ਮਾਹੌਲ ਪੈਦਾ ਕਰਨ ਵਾਲੇ ਏ.ਬੀ.ਵੀ.ਪੀ. ਕਾਰਕੁੰਨਾਂ ਅਤੇ ਸੋਸ਼ਲ ਮੀਡੀਆ ਉੱਪਰ ਗੁਰਮੇਹਰ ਅਤੇ ਹੋਰ ਲੜਕੀਆਂ ਨੂੰ ਰੇਪ ਦੀਆਂ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜਾਰੀ ਕਰਤਾ, ਜਸਵੀਰ ਕੌਰ ਜੱਸੀ, 82848-51754