ਚੇਨਈ, 3 ਮਾਰਚ, 2017 : ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਭਾਰਤ ਨੂੰ ਬਹੁ-ਧਰੁਵੀ ਅਤੇ ਬਹੁ-ਪੱਖੀ ਦੁਨੀਆ 'ਚ ਇਕ ਜ਼ਿੰਮੇਵਾਰ ਤੇ ਉਭਰਦੀ ਸ਼ਕਤੀ ਕਰਾਰ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਵਿਰੁੱਧ ਨਾਪਾਕ ਮਨਸੂਬੇ ਰੱਖਣ ਵਾਲਿਆਂ ਵਿਰੁੱਧ ਸਖਤੀ ਨਾਲ ਨਜਿੱਠਣਾ ਬਦਲਦੇ ਸਮੇਂ ਦੀ ਮੰਗ ਹੈ। ਸ਼੍ਰੀ ਪ੍ਰਣਬ ਨੇ ਇਥੇ ਤਾਮਬਰਮ ਸਥਿਤ ਏਅਰਫੋਰਸ ਸਟੇਸ਼ਨ 'ਚ 125 ਹੈਲੀਕਾਪਰਟ ਸਕੁਐਡ੍ਰਨ ਨੂੰ 'ਸਟੈਂਡਰਡ ਅਤੇ ਮਕੈਨੀਕਲ ਟ੍ਰੇਨਿੰਗ ਇੰਸਟੀਚਿਊਟ' (ਐੱਮ. ਟੀ. ਆਈ.) ਨੂੰ 'ਕਲਰਜ਼' ਮੁਹੱਈਆ ਕਰਾਉਣ ਮਗਰੋਂ ਇਕ ਪ੍ਰੋਗਰਾਮ 'ਚ ਕਿਹਾ ਕਿ ਦੁਸ਼ਮਣਾਂ ਵਿਰੁੱਧ ਕਰਾਰਾ ਜਵਾਬ ਦੇਣ ਦੇ ਇਲਾਵਾ ਅੰਦਰੂਨੀ ਤੇ ਬਹੁਪੱਖੀ ਚੁਣੌਤੀਆਂ ਨਾਲ ਵੀ ਸਖਤੀ ਨਾਲ ਨਜਿੱਠਿਆ ਜਾਵੇ। ਭਾਰਤ ਦੇ ਹਥਿਆਰਬੰਦ ਬਲਾਂ ਨੇ ਕੁਦਰਤੀ ਆਫਤਾਵਾਂ ਦੌਰਾਨ ਲੋਕਾਂ ਦੀ ਸਹਾਇਤਾ ਸਭ ਤੋਂ ਅੱਗੇ ਆ ਕੇ ਕੀਤੀ ਹੈ।
ਉਨ੍ਹਾਂ ਕਿਹਾ ਕਿ ਉਤਰਾਖੰਡ, ਜੰਮੂ-ਕਸ਼ਮੀਰ ਅਤੇ ਤਾਮਿਲਨਾਡੂ 'ਚ ਆਏ ਹੜ੍ਹ ਦੌਰਾਨ ਭਾਰਤੀ ਹਵਾਈ ਫੌਜ (ਆਈ. ਏ. ਐੈੱਫ.) ਦੀ ਬਚਾਅ ਮੁਹਿੰਮ ਵਿਸ਼ੇਸ਼ ਵਰਣਨਯੋਗ ਰਹੀ ਹੈ ਅਤੇ ਦੇਸ਼ ਇਸ ਨੂੰ ਯਾਦ ਰੱਖੇਗਾ। ਆਈ. ਏ. ਐੱਫ. ਦੇ ਜਵਾਨਾਂ ਦੀ ਨਿਰਸਵਾਰਥ ਅਤੇ ਲੋੜੀਂਦੀ ਮੁਹਿੰਮ 'ਚ ਉਨ੍ਹਾਂ ਦੇ ਹੌਸਲੇ ਬਹਾਦਰੀ ਅਤੇ ਸੰਕਲਪ ਨੂੰ ਪਰਿਭਾਸ਼ਿਤ ਕੀਤਾ ਹੈ। ਉਨ੍ਹਾਂ ਕਿਹਾ ਕਿ 125 ਹੈਲੀਕਾਪਟਰ ਸਕੁਐਡਰਾਂ ਦਾ ਗਠਨ ਨਵੰਬਰ 1983 'ਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਸ ਦੀ ਮੁਹਿੰਮ ਲਗਾਤਾਰ ਵਧੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਹਵਾਈ ਫੌਜ ਦੇ ਟਿਕਾਣੇ 'ਤੇ ਅੱਤਵਾਦੀ ਹਮਲੇ ਦੌਰਾਨ ਸਕੁਐਡਰਾਂ ਨੇ ਅੱਤਵਾਦੀਆਂ ਨੂੰ ਪਾਬੰਦੀਸ਼ੁਦਾ ਇਲਾਕੇ 'ਚ ਸੀਮਤ ਕਰ ਦਿੱਤਾ ਸੀ। ਇਸੇ ਕਾਰਨ ਜ਼ਿਆਦਾ ਲੋਕ ਨਹੀਂ ਮਾਰੇ ਗਏ। ਉਨ੍ਹਾਂ ਕਿਹਾ ਕਿ ਸਕੁਐਡਰਨ ਦੇ ਲੜਾਕਿਆਂ ਨੇ ਹਮਲੇ ਨੂੰ ਚੁਣੌਤੀਪੂਰਨ ਢੰਗ ਨਾਲ ਲੈਂਦੇ ਹੋਏ ਸਮੇਂ ਤੇ ਲੋੜ ਦੇ ਮੱਦੇਨਜ਼ਰ ਕਾਰਵਾਈ ਕੀਤੀ। ਸ਼੍ਰੀ ਪ੍ਰਣਬ ਨੇ ਕਿਹਾ ਕਿ ਸਕੁਐਡਰਨ ਦਾ ਸਿਧਾਂਤ 'ਬਲੀਦਾਨਮ ਵੀਰਸਯ ਭੂਸ਼ਣਮ' ਹੈ ਜਿਸ ਦਾ ਅਰਥ 'ਕੁਰਬਾਨੀ ਹੀ ਵੀਰ-ਬਹਾਦਰਾਂ ਦਾ ਗਹਿਣਾ' ਹੈ। ਉਨ੍ਹਾਂ ਕਿਹਾ ਕਿ ਸਕੁਐਡਰ ਦੇ ਲੜਾਕਿਆਂ ਨੇ ਸਿਯੇਰਾ ਲਿਓਨ 'ਚ ਆਪਣੀ ਤਾਇਨਾਤੀ ਦੌਰਾਨ 232 ਭਾਰਤੀ ਫੌਜੀਆਂ ਦੀ ਰਿਹਾਈ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਰਾਸ਼ਟਰਪਤੀ ਨੇ ਐੱਮ.ਟੀ.ਆਈ. ਬਾਰੇ ਕਿਹਾ ਕਿ ਏਅਰਫੋਰਸ ਸਟੇਸ਼ਨ ਦੀ ਇਸ ਇਕਾਈ ਦਾ ਮਕਸਦ ਏਅਰਕਰਾਫਟ ਦੇ ਰੱਖ-ਰਖਾਅ ਅਤੇ ਟ੍ਰੇਨੀਆਂ ਨੂੰ ਮਕੈਨੀਕਲ ਟ੍ਰੇਡ ਦੀ ਟ੍ਰੇਨਿੰਗ ਦੇਣਾ ਹੈ।