ਅੰਮ੍ਰਿਤਸਰ, 2 ਮਾਰਚ, 2017 : "ਤੁਸੀਂ ਵਿਸ਼ਵੀ ਭਾਈਚਾਰੇ ਦੇ ਭਵਿੱਖ ਦੇ ਨੇਤਾ ਹੋ ਅਤੇ ਅਜੋਕੇ ਦੌਰ ਵਿਚ ਨਿਰੰਤਰ ਵਿਸਥਾਰਤ ਹੋ ਰਹੀਆਂ ਮਨੁੱਖੀ ਜ਼ਰੂਰਤਾਂ ਪ੍ਰਤੀ ਤੁਸੀਂ ਸੰਵਦੇਨਸ਼ੀਲ ਹੋਣ ਦੇ ਨਾਲ-ਨਾਲ ਆਪਣੇ ਫਰਜ਼ ਨੂੰ ਪਛਾਣਦੇ ਹੋਏ ਇਸ ਪ੍ਰਤੀ ਨਿਰੰਤਰ ਉਪਰਾਲੇ ਕਰੋ। ਅੱਜ ਇਥੇ ਇਕੱਤਰ ਹੋਏ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵਿਸ਼ਵ ਦੀਆਂ ਚੁਣੌਤੀਆਂ ਨੂੰ ਸਵਿਕਾਰਦੇ ਹੋਏ ਰਾਸ਼ਟਰ ਨਿਰਮਾਣ ਵਿਚ ਆਪਣਾ ਬਣਦਾ ਵਡਮੁੱਲਾ ਯੋਗਦਾਨ ਪਾਉਣ ਅਤੇ ਦੇਸ਼ ਦੇ ਹਰ ਨਾਗਰਿਕ ਨੂੰ ਵਿਸ਼ਵ ਪੱੱਧਰ 'ਤੇ ਆ ਰਹੀਆਂ ਤਬਦੀਲੀਆਂ ਅਤੇ ਵਿਕਾਸ ਦੇ ਹਾਣ ਦਾ ਬਣਾਉਣ ਲਈ ਢੁਕਵੇਂ ਉਪਰਾਲੇ ਕਰਨ। ਮੈਨੂੰ ਆਸ ਹੈ ਕਿ ਤੁਸੀਂ ਸਮਾਜ ਪ੍ਰਤੀ ਆਪਣੇ ਫਰਜ ਨੂੰ ਪਛਾਣਦੇ ਹੋਏ ਇਸ ਕਾਰਜ ਪ੍ਰਤੀ ਸੰਜੀਦਾ ਹੋਵੋਗੇ ਅਤੇ ਆਪਣਾ ਤੇ ਯੂਨੀਵਰਸਿਟੀ ਦਾ ਨਾਂ ਹੋਰ ਵੀ ਰੌਸ਼ਨ ਕਰੋਗੇ।"
ਇਹ ਵਿਚਾਰ ਅੱਜ ਇਥੇ ਪੰਜਾਬ ਦੇ ਗਵਰਨਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਇਥੇ ਹੋਈ ਯੂਨੀਵਰਸਿਟੀ ਦੀ ੪੩ਵੀਂ ਸਾਲਾਨਾ ਕਨਵੋਕੇਸ਼ਨ ਦੀ ਪ੍ਰਧਾਨਗੀ ਕਰਦਿਆਂ ਪੇਸ਼ ਕੀਤੇ। ਇਹ ਕਨਵੋਕੇਸ਼ਨ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਕਰਵਾਈ ਗਈ ਜਿਸ ਵਿਚ ਵੱਖ-ਵੱਖ ਫੈਕਲਕਟੀਆਂ ਦੇ ਵਿਦਿਆਰਥੀਆਂ ਨੂੰ ੧੫੪ ਮੈਡਲ ਅਤੇ ੬੬੬ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਸ਼੍ਰੀ ਬਦਨੌਰ ਨੇ ਕਨਵੋਕੇਸ਼ਨ ਵਿਚ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿਖ ਦੀ ਕਾਮਨਾ ਕੀਤੀ।
ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਮਾਨਯੋਗ ਗਵਰਨਰ ਅਤੇ ਕਨਵੋਕੇਸ਼ਨ ਵਿੱਚ ਭਾਗ ਲੈਣ ਵਾਲੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਜੀ ਆਇਆਂ ਆਖਿਆ। ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਇਸ ਮੌਕੇ ਤੇ ਮੰਚ ਦਾ ਸੰਚਾਲਣ ਕੀਤਾ ਜਦੋਂਕਿ ਡੀਨ, ਅਕਾਦਮਿਕ ਮਾਮਲੇ, ਪ੍ਰੋ. ਨਵਦੀਪ ਸਿੰਘ ਤੁੰਗ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਮਾਨਯੋਗ ਚਾਂਸਲਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਤੁਸੀਂ ਜ਼ਿੰਦਗੀ ਦੇ ਨਵੇਂ ਮੋੜ 'ਤੇ ਖੜ੍ਹੇ ਹੋ ਅਤੇ ਤੁਹਾਨੂੰ ਆਪਣੇ ਅਧਿਆਪਕਾਂ ਅਤੇ ਸਿਖਿਆ ਅਦਾਰੇ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਤੁਹਾਨੂੰ ਉਚੇਰੀ ਸਿਖਿਆ ਵਾਸਤੇ ਸੁਖਾਵਾਂ ਮਾਹੌਲ ਅਤੇ ਗਿਆਨ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਸ ਗੌਰਵਮਈ ਸਿਖਿਆ ਅਦਾਰੇ ਵੱਲੋਂ ਸਵੈ-ਅਨੁਸ਼ਾਸਨ, ਸਹਿਜ, ਇਕਾਗਰਤਾ ਤੇ ਇਨਸਾਨੀਅਤ ਜਿਹੇ ਨੈਤਿਕ ਮੁੱਲਾਂ ਨਾਲ ਸੰਪੂਰਨ ਮਿਆਰੀ ਸਿਖਿਆ ਮੁਹਈਆ ਕਰਨ ਸਦਕਾ ਇਹ ਵਿਦਿਆਰਥੀ ਆਪਣੀ ਕਿੱਤਾਮੁਖੀ ਅਤੇ ਨਿੱਜੀ ਜ਼ਿੰਦਗੀ ਵਿਚ ਕਾਮਯਾਬ ਹੋਣਗੇ ਅਤੇ ਵੱਡੀਆਂ ਮੱਲ੍ਹਾਂ ਮਾਰਨਗੇ।
ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਨੌਜੂਆਨ ਆਪਣੀ ਕਰਨੀ ਅਤੇ ਕਥਨੀ ਨਾਲ ਸਖਤ ਮਿਹਨਤ ਕਰਕੇ ਆਪਣੇ ਟੀਚੇ ਹਾਸਲ ਕਰਨਗੇ ਅਤੇ ਆਪਣੇ ਅਦਾਰੇ ਦੇ ਮਾਣ ਵਿਚ ਹੋਰ ਵਾਧਾ ਕਰਨਗੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਅਧਿਆਪਕ ਅਤੇ ਹੋਰ ਅਮਲਾ ਵੀ ਵਧਾਈ ਦਾ ਹੱਕਦਾਰ ਹੈ ਜਿਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਕਾਬਲ ਬਣਾਇਆ ਕਿ ਉਹ ਆਪਣਾ ਮੁਕਾਮ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਬੀਤੇ ਸਮੇਂ ਦੌਰਾਨ ਨਾ ਸਿਰਫ ਬੁਨਿਆਦੀ ਢਾਂਚਾ ਹੀ ਆਹਲਾ ਦਰਜੇ ਦਾ ਬਣਾਇਆ ਹੈ ਸਗੋਂ ਆਪਣਾ ਰੁਤਬਾ ਅਤੇ ਸਥਾਨ ਦੇਸ਼ ਵਿਦੇਸ਼ ਦੀਆਂ ਮੋਢੀ ਯੂਨੀਵਰਸਿਟੀਆਂ ਵਿਚ ਵੀ ਬਣਾਇਆ ਹੈ।
ਮਾਣਯੋਗ ਗਵਰਨਰ ਨੇ ਕਿਹਾ ਕਿ ਕਨਵੋਕੇਸ਼ਨ ਦਾ ਦਿਹਾੜਾ ਵਿਦਿਆਰਥੀਆਂ ਦੇ ਜੀਵਨ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੁੰਦਾ ਹੈ। ਬਹੁਤ ਸਾਰੇ ਵਿਦਿਆਰਥੀਆਂ ਲਈ ਇਹ ਰਸਮੀ ਪੜ੍ਹਾਈ ਖਤਮ ਹੋਣ ਦੇ ਬਾਅਦ ਕੰਮਕਾਜੀ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਹੁੰਦਾ ਹੈ ਅਤੇ ਕੁੱਝ ਲਈ ਹੋਰ ਉਚੇਰੀ ਸਿਖਿਆ ਹਾਸਲ ਕਰਨ ਲਈ ਇਕ ਪੜਾਅ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਆਪਣੇ ਆਪਣੇ ਚੁਣੇ ਰਸਤਿਆਂ ਵਿਚ ਕਾਮਯਾਬੀ ਹਾਸਲ ਕਰਨ ਲਈ ਸ਼ੁਭ ਇਛਾਵਾਂ ਦਿੰਦਾ ਹਾਂ।
ਭਾਸ਼ਣ ਦੀ ਸਮਾਪਤੀ ਕਰਦਿਆਂ ਸ੍ਰੀ ਬਦਨੌਰ ਨੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਆਪਣੇ ਸਿਖਿਆ ਅਦਾਰੇ ਦੇ ਵਿਕਾਸ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਕਿਉਂ ਜੋ ਉਹ ਜੋ ਕੁੱਝ ਵੀ ਅੱਜ ਹਨ ਉਸ ਵਿਚ ਉਨ੍ਹਾਂ ਦੇ ਅਦਾਰੇ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਵਿਦਿਅਕ ਪਿਛੋਕੜ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਸਮੇਂ ਸਮੇਂ ਸਿਰ ਉਸ ਆਦਾਰੇ ਦੇ ਅਕਾਦਮਿਕ ਅਤੇ ਹੋਰ ਵਿਕਾਸ ਵਿਚ ਆਪਣਾ ਸਹਿਯੋਗ ਦਿੰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਪ੍ਰੋ. ਬਰਾੜ ਅਤੇ ਯੂਨੀਵਰਸਿਟੀ ਭਾਈਚਾਰੇ ਨੂੰ ਯੂਨੀਵਰਸਿਟੀਆਂ ਦੀਆਂ ਸਰਵਪਖੀ ਪ੍ਰਾਪਤੀਆਂ 'ਤੇ ਵਧਾਈ ਵੀ ਦਿੱਤੀ।
ਆਪਣੇ ਸਵਾਗਤੀ ਭਾਸ਼ਣ ਵਿਚ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਸ ਸਿੰਘ ਬਰਾੜ ਨੇ ਯੂਨੀਵਰਸਿਟੀ ਦੀਆਂ ਉਪਲੱਬਦੀਆਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤਕ ਸਿਖਿਆ, ਖੋਜ, ਖੇਡਾਂ ਅਤੇ ਸਭਿਆਚਾਰਕ ਗਤਿਵਿਧੀਆਂ ਦੇ ਖੇਤਰ ਵਿਚ ਪੂਰੀ ਲਗਨ ਅਤੇ ਮਿਹਨਤ ਨਾਲ ਕਾਰਜ ਕਰਦੇ ਹੋਏ ਵਡਮੁੱਲੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਬੀਤੇ ਸਮੇਂ ਦੌਰਾਨ ਖੇਤਰ ਅਤੇ ਅਕਾਦਮਿਕਤਾ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਨਵੇਂ ਕੋਰਸ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਕੀਤਾ ਗਿਆ ਹੈ ਅਤੇ ਲੋੜ ਅਨੁਸਾਰ ਭਵਿੱਖ ਵਿਚ ਅਜਿਹੇ ਕਾਰਜ ਨਿਰੰਤਰ ਹੁੰਦੇ ਰਹਿਣਗੇ।
ਇਸ ਮੌਕੇ 'ਤੇ ਪੰਜਾਬ ਦੇ ਰਾਜਪਾਲ ਅਤੇ ਵਾਈਸ-ਚਾਂਸਲਰ ਨੇ ਸਕਾਲਰਜ਼ ਅਤੇ ਵਿਦਿਆਰਥੀਆਂ ਨੂੰ ਪੀ.ਐਚ.ਡੀ., ਐਮ.ਫਿਲ., ਐਮ.ਟੈਕ., ਐਲ.ਐਲ.ਐਮ., ਐਮ.ਐਸ.ਸੀ., ਐਮ.ਬੀ.ਏ., ਐਮ.ਬੀ.ਈ., ਐਮ.ਕਾਮ., ਐਮ.ਏ., ਬੀ.ਟੈਕ., ਬੀ.ਐਸ.ਸੀ., ਐਲ.ਐਲ.ਬੀ., ਬੀ.ਸੀ.ਏ., ਬੀ.ਬੀ.ਏ., ਬੀ.ਕਾਮ ਅਤੇ ਬੀ.ਏ. ਆਦਿ ਕੋਰਸਾਂ ਦੀਆਂ ਡਿਗਰੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ।