ਲੁਧਿਆਣਾ ਵਿੱਚ ਕਬਾੜ ਕਾਰੋਬਾਰ 'ਤੇ ਸਖ਼ਤੀ: ਹੁਣ ਬਿਨਾਂ ਰਜਿਸਟਰ, NOC ਅਤੇ ਰਿਕਾਰਡ ਦੇ ਨਹੀਂ ਚੱਲੇਗੀ ਕੋਈ ਵੀ ਕਬਾੜ ਦੀ ਦੁਕਾਨ
ਸੁਖਮਿੰਦਰ ਭੰਗੂ/ ਬਾਬੂਸ਼ਾਹੀ ਬਿਊਰੋ
ਲੁਧਿਆਣਾ, 17 ਜੂਨ 2026
ਸ਼ਹਿਰ ਵਿੱਚ ਚੋਰੀਸ਼ੁਦਾ ਸਮਾਨ ਦੀ ਖਰੀਦ-ਫਰੋਖ਼ਤ, ਵਾਤਾਵਰਣ ਪ੍ਰਦੂਸ਼ਣ, ਬਿਜਲੀ ਦੀ ਦੁਰਵਰਤੋਂ ਅਤੇ ਟ੍ਰੈਫਿਕ ਵਿੱਚ ਰੁਕਾਵਟਾਂ ਨੂੰ ਰੋਕਣ ਲਈ ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ਕਬਾੜ ਦੇ ਕਾਰੋਬਾਰ ਉੱਤੇ ਵੱਡੀ ਕਾਰਵਾਈ ਕਰਦਿਆਂ ਨਵੇਂ ਸਖ਼ਤ ਹੁਕਮ ਜਾਰੀ ਕੀਤੇ ਹਨ।
ਐਡੀਸ਼ਨਲ ਕਮਿਸ਼ਨਰ ਪੁਲਿਸ ਰੁਪਿੰਦਰ ਸਿੰਘ, IPS ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿਤਾ (BNSS) 2023 ਦੀ ਧਾਰਾ 163 ਅਧੀਨ ਜਾਰੀ ਹੁਕਮਾਂ ਮੁਤਾਬਕ ਹੁਣ ਕਮਿਸ਼ਨਰੇਟ ਲੁਧਿਆਣਾ ਦੇ ਅਧੀਨ ਆਉਂਦੀਆਂ ਸਾਰੀਆਂ ਕਬਾੜ ਦੀਆਂ ਦੁਕਾਨਾਂ ਨੂੰ ਖਰੀਦੇ ਅਤੇ ਵੇਚੇ ਜਾਣ ਵਾਲੇ ਹਰ ਸਮਾਨ ਦਾ ਪੂਰਾ ਰਿਕਾਰਡ ਰੱਖਣਾ ਲਾਜ਼ਮੀ ਹੋਵੇਗਾ।
ਕੀ-ਕੀ ਰੱਖਣਾ ਹੋਵੇਗਾ ਰਿਕਾਰਡ?
ਹੁਣ ਹਰ ਕਬਾੜੀ ਨੂੰ ਰਜਿਸਟਰ ਵਿੱਚ ਇਹ ਵੇਰਵੇ ਦਰਜ ਕਰਨੇ ਪੈਣਗੇ:
ਸਮਾਨ ਵੇਚਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ
ਸਮਾਨ ਖਰੀਦਣ ਵਾਲੇ ਦਾ ਪੂਰਾ ਵੇਰਵਾ
ਖਰੀਦੇ ਅਤੇ ਵੇਚੇ ਗਏ ਸਮਾਨ ਦੀ ਕਿਸਮ
ਭੰਨ-ਤੋੜ ਜਾਂ ਨਸ਼ਟ ਕੀਤੇ ਜਾਣ ਵਾਲੇ ਸਮਾਨ ਦਾ ਰਿਕਾਰਡ
ਸਾੜੇ ਜਾਣ ਵਾਲੇ ਸਮਾਨ ਦਾ ਵੇਰਵਾ
ਇਸ ਤੋਂ ਇਲਾਵਾ ਇਹ ਰਜਿਸਟਰ ਹਰ ਮਹੀਨੇ ਦੇ ਪਹਿਲੇ ਹਫ਼ਤੇ ਸਬੰਧਤ ਜ਼ੋਨ ਦੇ ADCP ਕੋਲ ਜਾਂਚ ਲਈ ਪੇਸ਼ ਕਰਨਾ ਲਾਜ਼ਮੀ ਹੋਵੇਗਾ।
ਚੋਰੀਸ਼ੁਦਾ ਸਮਾਨ ਦੀ ਖਰੀਦ-ਫਰੋਖ਼ਤ 'ਤੇ ਪੂਰੀ ਪਾਬੰਦੀ
ਪੁਲਿਸ ਦੇ ਧਿਆਨ ਵਿੱਚ ਆਇਆ ਸੀ ਕਿ ਕਈ ਥਾਵਾਂ 'ਤੇ ਕਬਾੜੀ ਬਿਨਾਂ ਕਿਸੇ ਰਿਕਾਰਡ ਦੇ ਤਾਰਾਂ, ਟਰਾਂਸਫਾਰਮਰਾਂ, ਦੋਪਹੀਆ, ਤਿੰਨਪਹੀਆ ਅਤੇ ਚਾਰਪਹੀਆ ਵਾਹਨਾਂ ਸਮੇਤ ਹੋਰ ਕੀਮਤੀ ਸਮਾਨ ਖਰੀਦ ਰਹੇ ਹਨ, ਜਿਸ ਨਾਲ ਚੋਰੀ ਦੀਆਂ ਘਟਨਾਵਾਂ ਨੂੰ ਹੌਸਲਾ ਮਿਲ ਰਿਹਾ ਸੀ।
ਨਵੇਂ ਹੁਕਮਾਂ ਅਨੁਸਾਰ ਹੁਣ ਅਣਅਧਿਕਾਰਤ ਜਾਂ ਚੋਰੀਸ਼ੁਦਾ ਸਮਾਨ ਦੀ ਖਰੀਦ, ਵਿਕਰੀ ਅਤੇ ਉਸ ਨੂੰ ਅੱਗ ਲਗਾ ਕੇ ਨਸ਼ਟ ਕਰਨ 'ਤੇ ਤੁਰੰਤ ਪਾਬੰਦੀ ਲਗਾ ਦਿੱਤੀ ਗਈ ਹੈ।
ਪ੍ਰਦੂਸ਼ਣ ਫੈਲਾਉਣ ਵਾਲਿਆਂ 'ਤੇ ਵੀ ਨਕੇਲ
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਈ ਕਬਾੜੀ ਸਮਾਨ ਨੂੰ ਸਾੜ ਕੇ ਧਾਤਾਂ ਕੱਢਦੇ ਹਨ, ਜਿਸ ਨਾਲ ਹਵਾ ਪ੍ਰਦੂਸ਼ਣ ਵਧਦਾ ਹੈ। ਇਸ ਤੋਂ ਇਲਾਵਾ ਬਿਜਲੀ ਦੀ ਗੈਰ-ਕਾਨੂੰਨੀ ਵਰਤੋਂ ਅਤੇ ਸੜਕਾਂ 'ਤੇ ਸਮਾਨ ਰੱਖ ਕੇ ਟ੍ਰੈਫਿਕ ਵਿੱਚ ਰੁਕਾਵਟ ਪੈਦਾ ਕਰਨ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ।
ਹੁਣ ਅਜਿਹੀਆਂ ਗਤੀਵਿਧੀਆਂ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
NOC ਤੋਂ ਬਿਨਾਂ ਨਹੀਂ ਖੁੱਲੇਗੀ ਨਵੀਂ ਕਬਾੜ ਦੀ ਦੁਕਾਨ
ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਅਤੇ ਨਵੀਆਂ ਕਬਾੜ ਦੀਆਂ ਦੁਕਾਨਾਂ ਲਈ ਹੇਠ ਲਿਖੇ ਵਿਭਾਗਾਂ ਤੋਂ ਲੋੜੀਂਦੀਆਂ ਮਨਜ਼ੂਰੀਆਂ ਅਤੇ NOC ਲੈਣੀਆਂ ਲਾਜ਼ਮੀ ਹੋਣਗੀਆਂ:
ਪ੍ਰਦੂਸ਼ਣ ਕੰਟਰੋਲ ਬੋਰਡ, ਬਿਜਲੀ ਬੋਰਡ, ਫਾਇਰ ਬ੍ਰਿਗੇਡ,
ਨਗਰ ਨਿਗਮ ਲੁਧਿਆਣਾ ਆਦਿ ਸ਼ਾਮਿਲ ਹਨ।
ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਕਬਾੜ ਵਿੱਚ ਖਰੀਦੇ ਵਾਹਨਾਂ ਦੀ RC ਰੱਦ ਕਰਵਾਉਣੀ ਹੋਵੇਗੀ
ਜੋ ਕਾਰੋਬਾਰੀ ਕਬਾੜ ਵਜੋਂ ਵਾਹਨ ਖਰੀਦਦੇ ਹਨ, ਉਨ੍ਹਾਂ ਲਈ ਸਬੰਧਤ RTO ਦਫ਼ਤਰ ਤੋਂ ਵਾਹਨ ਦੀ RC ਰੱਦ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਦੀ ਅਣਦੇਖੀ ਕਰਨ 'ਤੇ ਵੀ ਕਾਰਵਾਈ ਹੋਵੇਗੀ।
ਦੋ ਮਹੀਨੇ ਲਈ ਲਾਗੂ ਰਹਿਣਗੇ ਹੁਕਮ
ਐਡੀਸ਼ਨਲ ਕਮਿਸ਼ਨਰ ਪੁਲਿਸ ਵੱਲੋਂ ਜਾਰੀ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ ਅਤੇ ਅਗਲੇ ਦੋ ਮਹੀਨਿਆਂ ਤੱਕ ਪ੍ਰਭਾਵੀ ਰਹਿਣਗੇ। ਇਨ੍ਹਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਵੱਲੋਂ ਵੀ ਵਿਸ਼ੇਸ਼ ਪ੍ਰਚਾਰ ਕੀਤਾ ਜਾਵੇਗਾ।
ਚੋਰੀ ਦੇ ਸਮਾਨ, ਪ੍ਰਦੂਸ਼ਣ ਅਤੇ ਗੈਰ-ਕਾਨੂੰਨੀ ਕਬਾੜ ਕਾਰੋਬਾਰ 'ਤੇ ਹੁਣ ਲੁਧਿਆਣਾ ਪੁਲਿਸ ਦੀ ਸਖ਼ਤ ਨਜ਼ਰ ਰਹੇਗੀ।
- Download Babushahi App
-
-