ਬਠਿੰਡਾ ਦਾ ਬੱਸ ਅੱਡਾ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਆਰ ਪਾਰ ਦੀ ਲੜਾਈ ਲੜਨ ਦੀ ਚਿਤਾਵਨੀ
ਅਸ਼ੋਕ ਵਰਮਾ
ਬਠਿੰਡਾ, 10 ਜੂਨ 2026 :ਅੱਜ ਇੱਥੇ ‘ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ’ ਦੀ ਹੋਈ ਮੀਟਿੰਗ ਵਿੱਚ ਮੌਜੂਦਾ ਬੱਸ ਅੱਡੇ ਨੂੰ ਸ਼ਹਿਰ ਅੰਦਰ ਹੀ ਕਾਇਮ ਰੱਖਣ ਅਤੇ ਇਸ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਦੀਆਂ ਸੰਭਾਵਿਤ ਕੋਸ਼ਿਸ਼ਾਂ ਖ਼ਿਲਾਫ਼ ਅਗਲੀ ਰਣਨੀਤੀ ’ਤੇ ਵਿਚਾਰ ਤੋਂ ਬਾਅਦ ਆਗੂਆਂ ਨੇ ਐਲਾਨ ਕੀਤਾ ਕਿ ਇਸ ਮੰਦਭਾਗੇ ਫੈਸਲੇ ਖਿਲਾਫ ਆਰ-ਪਾਰ ਦੀ ਲੜਾਈ ਲੜੀ ਜਾਏਗੀ।ਇਸ ਮੌਕੇ ਗੁਰਪ੍ਰੀਤ ਆਰਟਿਸਟ, ਟਰਾਂਸਪੋਰਟ ਯੂਨੀਅਨ ਦੇ ਪ੍ਰਤੀਨਿਧ ਹਰਵਿੰਦਰ ਸਿੰਘ ਹੈਪੀ, ਵਪਾਰ ਮੰਡਲ ਦੇ ਬਲਵਿੰਦਰ ਸਿੰਘ ਬਾਹੀਆ, ਕੌਂਸਲਰ ਸੰਦੀਪ ਬੌਬੀ ਤੇ ਕੰਵਲਜੀਤ ਸਿੰਘ ਭੰਗੂ, ਪ੍ਰਿੰ. ਰਣਜੀਤ ਸਿੰਘ, ਡਾ. ਅਜੀਤਪਾਲ ਸਿੰਘ, ਸੁਖਦੇਵ ਸਿੰਘ, ਰਵਿੰਦਰ ਟੈਣੀ, ਟਰੱਕ ਆਪ੍ਰੇਟਰ ਆਤਮਾ ਸਿੰਘ, ਐਡਵੋਕੇਟ ਬਿਸ਼ਨਦੀਪ ਕੌਰ, ਯੂਥ ਕਾਂਗਰਸ ਦੇ ਅਰਸ਼ਵੀਰ ਸਿੱਧੂ, ਦੁਕਾਨਦਾਰ ਯੂਨੀਅਨ ਦੇ ਸੰਦੀਪ ਅਗਰਵਾਲ ਅਤੇ ਜਮਹੂਰੀ ਅਧਿਕਾਰ ਸਭਾ ਦੇ ਨੁਮਾਇੰਦੇ ਮਲਕੀਤ ਸਿੰਘ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅੱਗੇ ਕਦਮ ਵਧਾਏ ਤਾਂ ਉਹ ਜਨਤਕ ਇਕੱਠ ਦੇ ਰੂਪ ਵਿੱਚ ਕਰੜਾ ਵਿਰੋਧ ਕਰਨਗੇ।
ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਸੰਘਰਸ਼ ਨੂੰ ਮਿਲੇ ਭਰੋਸਿਆਂ ਦੇ ਆਧਾਰ ’ਤੇ ਰੋਕਿਆ ਗਿਆ ਸੀ, ਪਰ ਹੁਣ ਨਵੇਂ ਬੱਸ ਅੱਡੇ ਲਈ ਪ੍ਰਸਤਾਵਿਤ ਥਾਂ ਦੇ ਸਰਵੇਖਣ ਦੀਆਂ ਖ਼ਬਰਾਂ ਨਾਲ ਲੋਕਾਂ ਵਿੱਚ ਚਿੰਤਾ ਵਧ ਗਈ ਹੈ। ਉਨ੍ਹਾਂ ਕਿਹਾ ਕਿ ਬੰਦ ਕੀਤੇ ਗਏ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਸੁਆਹ ਵਾਲੀ ਜਗ੍ਹਾ ’ਤੇ ਬੱਸ ਸਟੈਂਡ ਅਤੇ ਰਿਹਾਇਸ਼ੀ ਕਾਲੋਨੀ ਬਣਾਉਣ ਦੀ ਯੋਜਨਾ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਕੋਲੇ ਦੀ ਸੁਆਹ ਵਿੱਚ ਆਰਸੈਨਿਕ, ਪਾਰਾ, ਲੀਡ ਅਤੇ ਕੈਡਮੀਅਮ ਵਰਗੇ ਜ਼ਹਿਰੀਲੇ ਤੱਤ ਮੌਜੂਦ ਹੁੰਦੇ ਹਨ, ਜੋ ਕੈਂਸਰ, ਗੁਰਦਿਆਂ ਦੀਆਂ ਬਿਮਾਰੀਆਂ ਅਤੇ ਬੱਚਿਆਂ ਦੇ ਮਾਨਸਿਕ ਵਿਕਾਸ ’ਤੇ ਮਾੜਾ ਅਸਰ ਪਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਬੱਸ ਅੱਡਾ ਕਾਲਜਾਂ, ਹਸਪਤਾਲਾਂ, ਅਦਾਲਤਾਂ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਹੋਣ ਕਾਰਨ ਲੱਖਾਂ ਲੋਕਾਂ ਲਈ ਬਹੁਤ ਸੁਵਿਧਾਜਨਕ ਹੈ। ਇਸ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਨਾਲ ਮਰੀਜ਼ਾਂ, ਵਿਦਿਆਰਥੀਆਂ, ਬਜ਼ੁਰਗਾਂ ਅਤੇ ਰੋਜ਼ਾਨਾ ਯਾਤਰੀਆਂ ਨੂੰ ਵਾਧੂ ਖਰਚ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।ਮੀਟਿੰਗ ਵਿੱਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਮੰਗ ਕੀਤੀ ਕਿ ਪ੍ਰਸਤਾਵਿਤ ਸਥਾਨ ਦਾ ਪਹਿਲਾਂ ਵਿਸਥਾਰ ’ਚ ਵਾਤਾਵਰਣੀ ਮੁਲਾਂਕਣ ਕਰਵਾਇਆ ਜਾਵੇ ਅਤੇ ਮੌਜੂਦਾ ਬੱਸ ਅੱਡੇ ਨੂੰ ਉਸ ਦੀ ਮੌਜੂਦਾ ਥਾਂ ’ਤੇ ਹੀ ਕਾਇਮ ਰੱਖਿਆ ਜਾਵੇ। ਕਮੇਟੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਬੱਸ ਅੱਡੇ ਨੂੰ ਤਬਦੀਲ ਕਰਨ ਦੀ ਕੋਈ ਕੋਸ਼ਿਸ਼ ਕੀਤੀ ਗਈ, ਤਾਂ ਪਹਿਲਾਂ ਨਾਲੋਂ ਵੱਧ ਵਿਆਪਕ ਅਤੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
- Download Babushahi App
-
-